ਕੇਰਲਾ ਅਸੈਂਬਲੀ ਦੇ ਵਫ਼ਦ ਵੱਲੋਂ ਪੀਏਯੂ ਦਾ ਦੌਰਾ

ਲੁਧਿਆਣਾ 21 ਜੁਲਾਈ – ਕੇਰਲਾ ਵਿਧਾਨ ਸਭਾ ਦਾ 8 ਮੈਂਬਰੀ ਵਫ਼ਦ ਮਿਸ. ਜੇਮਜ਼ ਮੈਥੀਓ ਦੀ ਅਗਵਾਈ ਹੇਠ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਇਥੋਂ ਦੀਆਂ ਖੇਤੀ ਪ੍ਰਾਪਤੀਆਂ ਦੇਖਣ ਆਇਆ । ਇਸ ਵਫ਼ਦ ਦੇ ਮੈਂਬਰਾਂ ਨੇ ਜਿੱਥੇ ਯੂਨੀਵਰਸਿਟੀ ਵਿੱਚ ਹੋ ਰਹੀ ਖੋਜ ਨੂੰ ਵੇਖਿਆ ਉਥੇ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਦੋਹਾਂ ਰਾਜਾਂ ਵਿੱਚ ਆਪਸੀ ਸਹਿਯੋਗ ਵਧਾਉਣ ਲਈ ਵੀ ਵਿਚਾਰ ਵਟਾਂਦਰਾ ਕੀਤਾ । ਇਸ ਵਿਚਾਰ ਵਟਾਂਦਰੇ ਦੌਰਾਨ ਬਹੁਤਾ ਜੋਰ ਧਰਤੀ ਦੀ ਸਿਹਤ ਠੀਕ ਕਰਨਾ, ਜੈਵਿਕ ਖਾਦਾਂ ਅਤੇ ਬਾਇਓ ਖਾਦਾਂ ਨੂੰ ਤਿਆਰ ਕਰਨਾ, ਪਾਣੀ ਪ੍ਰਬੰਧ, ਖੇਤੀ ਦਾ ਮਸ਼ੀਨੀਕਰਨ, ਭੋਜਨ ਪਦਾਰਥੀਕਰਨ ਅਤੇ ਕਿਸਾਨ ਸਿਖਲਾਈ ਸੰਬੰਧੀ ਵਿਸ਼ੇਸ਼ ਤੌਰ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਵਫ਼ਦ ਦੇ ਨੇਤਾ ਮਿਸ. ਮੈਥੀਓ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕਰਦੇ ਹੋਏ ਆਖਿਆ ਕਿ ਭਾਵੇਂ ਦੋਹਾਂ ਰਾਜਾਂ ਦਾ ਵਾਤਾਵਰਨ ਵੱਖੋ-ਵੱਖਰਾ ਹੈ ਪਰ ਫਿਰ ਵੀ ਦੋਵੇਂ ਰਾਜ ਸਾਂਝੇ ਤੌਰ ਤੇ ਖੇਤੀ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਨ । ਵਫ਼ਦ ਦੇ ਯੂਨੀਵਰਸਿਟੀ ਪਹੁੰਚਣ ਉਤੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਆਰ. ਐਸ. ਸਿੱਧੂ ਨੇ ਉਨਾਂ ਦਾ ਸਵਾਗਤ ਕੀਤਾ ਅਤੇ ਪਸਾਰ ਸਿਖਿਆ ਡਾਇਰੈਕਟਰ ਡਾ. ਅਸ਼ੋਕ ਕੁਮਾਰ ਨੇ ਯੂਨੀਵਰਸਿਟੀ ਦੀਆਂ ਮੁੱਖ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ । ਮੈਂਬਰਾਂ ਨੇ ਫਾਰਮ ਪਾਵਰ ਮਸ਼ੀਨਰੀ ਵਿੱਚ ਵਿਸ਼ੇਸ਼ ਦਿਲਚਸਪੀ ਵਿਖਾਈ ਅਤੇ ਵਿਭਾਗ ਦਾ ਦੌਰਾ ਵੀ ਕੀਤਾ ।

Send this to a friend