ਅਕਾਲੀ ਦਲ ਵੱਲੋਂ ਖਾਲੜਾ ਕਤਲ ਕਾਂਡ ਦੀ ਨਿਖੇਧੀ

ਕਾਂਗਰਸ ਸਰਕਾਰ ਨੇ ਆਪਣੇ ਵਰਕਰਾਂ ਖਿਲਾਫ ਕਾਰਵਾਈ ਕਰਨ ਸੰਬੰਧੀ ਸੂਬਾ ਪੁਲਿਸ ਨੂੰ ਸਪੱਸ਼ਟ ਨਿਰਦੇਸ਼ ਨਹੀਂ ਦਿੱਤੇ

ਚੰਡੀਗੜ/21 ਜੁਲਾਈ/ਸ਼੍ਰੋਮਣੀ ਅਕਾਲੀ ਦਲ ਨੇ ਤਰਨ ਤਾਰਨ ਜ਼ਿਲੇ ਵਿਚ ਖਾਲੜਾ ਵਿਖੇ ਕੱਲ ਕਾਂਗਰਸੀਆਂ ਵੱਲੋਂ ਕੀਤੇ ਗਏ ਇੱਕ ਹੋਰ ਅਕਾਲੀ ਵਰਕਰ ਦੇ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਕਾਂਗਰਸ ਦੇ ਰਾਜ ਵਿਚ ਸਿਆਸੀ ਕਤਲ ਰੋਜ਼ਮੱਰਾ ਦੀ ਗੱਲ ਬਣ ਚੁੱਕੇ ਹਨ। ਸਾਬਕਾ ਮੰਤਰੀ ਅਤੇ ਪਾਰਟੀ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਤਰਾਂ ਲੱਗਦਾ ਹੈ ਕਿ ਕਾਂਗਰਸ ਸਰਕਾਰ ਦੋ ਬੋਲੀਆਂ ਬੋਲ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਚੰਡੀਗੜ ਵਿਚ ਇਹ ਸੁਣਦੇ ਹਾਂ ਕਿ ਕਾਂਗਰਸੀ ਵਰਕਰਾਂ ਨੂੰ ਕਾਨੂੰਨ ਨਹੀਂ ਤੋੜਣ ਦਿੱਤਾ ਜਾਵੇਗਾ, ਪਰ ਜ਼ਮੀਨੀ ਪੱਧਰ ਉੱਤੇ ਇਹ ਹਾਲਾਤ ਹਨ ਕਿ ਕਾਂਗਰਸੀ ਵਰਕਰਾਂ ਦੀ ਮਰਜ਼ੀ ਹੀ ਕਾਨੂੰਨ ਬਣ ਕੇ ਰਹਿ ਗਈ ਹੈ। ਇਸ ਤਰਾਂ ਲੱਗਦਾ ਹੈ ਕਿ ਜ਼ਮੀਨੀ ਪੱਧਰ ਉੱਤੇ ਸੂਬਾ ਪੁਲਿਸ ਦੀ ਕੋਈ ਵੁੱਕਤ ਨਹੀਂ ਰਹਿ ਗਈ ਹੈ। ਕਾਂਗਰਸੀ ਵਰਕਰ ਕਿੰਨੀ ਵੀ ਅੱਤ ਮਚਾਈ ਜਾਣ, ਪੁਲਿਸ ਨੂੰ ਉਹਨਾਂ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਨਹੀਂ ਹੈ। ਕੱਲ ਅਕਾਲੀ ਵਰਕਰ ਸੁਖਦੀਪ ਸਿੰਘ ਦੇ ਹੋਏ ਕਤਲ ਅਤੇ ਇੱਕ ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਘਟਨਾ ਬਾਰੇ ਦੱਸਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਤਰਨ ਤਾਰਨ ਜ਼ਿਲੇ ਦੇ ਪਿੰਡ ਮਾੜੀ ਕੰਬੋਕੇ ਵਿਚ ਇੱਕ ਪਹੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਸੀ। ਸੁਖਦੀਪ ਨੇ ਆਪਣੇ ਫਾਰਮ ਹਾਊਸ ਨੂੰ ਜਾਣ ਵਾਸਤੇ ਪਹੇ ਉੱਤੇ ਰਾਹ ਬਣਾਇਆ ਸੀ, ਜਿਸ ਉੱਤੇ ਇੱਕ ਕਾਂਗਰਸੀ ਨੂੰ ਇਤਰਾਜ਼ ਸੀ। ਇਸ ਮਾਮਲੇ ਵਿਚ ਜੇਕਰ ਪੁਲਿਸ ਨੇ ਮੌਕੇ ਉੱਤੇ ਕਾਰਵਾਈ ਕੀਤੀ ਹੁੰਦੀ ਤਾਂ ਇਹ ਦੁਖਾਂਤ ਟਲ ਸਕਦਾ ਸੀ। ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਚੋਣਾਂ ਤੋਂ ਤੁਰੰਤ ਬਾਅਦ ਹੀ ਅਕਾਲੀਆਂ ਉੱਤੇ ਜ਼ੁਲਮ ਢਾਹੁਣ ਦਾ ਇਹ ਮੰਦਭਾਗਾ ਰੁਝਾਣ ਉਸ ਸਮੇਂ ਸ਼ੁਰੂ ਹੋ ਗਿਆ ਸੀ, ਜਦੋਂ ਗੁਰਦਾਸਪੁਰ ਵਿਚ ਗੁਰਬਚਨ ਸਿੰਘ ਖਾਲਸਾ ਨੂੰ ਉਸ ਦੇ ਕਾਂਗਰਸੀ ਵਿਰੋਧੀ ਨੇ ਲਾਊਡਸਪੀਕਰ ਉੱਤੇ ਧਮਕੀ ਦੇਣ ਤੋਂ ਬਾਅਦ ਕਤਲ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਅਜਿਹੀ ਹੀ ਘਟਨਾ ਫਿਰ ਫਿਰੋਜ਼ਪੁਰ ਵਿਚ ਵਾਪਰੀ ਜਦੋਂ ਫੇਸਬੁੱਕ ਉੱਤੇ ਧਮਕੀ ਦੇਣ ਤੋਂ ਬਾਅਦ ਇੱਕ ਅਕਾਲੀ ਪਰਿਵਾਰ ਉੱਤੇ ਹਮਲਾ ਕਰਕੇ ਦੋ ਵਿਅਕਤੀਆਂ ਦੀ ਜਾਨ ਲੈ ਲਈ ਗਈ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਬਿਨਾ ਰੋਕ ਟੋਕ ਤੋਂ ਲਗਾਤਾਰ ਇਸ ਲਈ ਵਾਪਰ ਰਹੀਆਂ ਹਨ, ਕਿਉਂਕਿ ਕਾਂਗਰਸ ਸਰਕਾਰ ਵੱਲੋਂ ਅਕਾਲੀ ਵਰਕਰਾਂ ਖਿਲਾਫ ਵਧੀਕੀਆਂ ਰੁਕਵਾਉਣ ਲਈ ਅਜੇ ਸੂਬਾ ਪੁਲਿਸ ਨੂੰ ਸਪੱਸ਼ਟ ਹਦਾਇਤਾਂ ਦੇਣੀਆਂ ਬਾਕੀ ਹਨ।
ਡਾਕਟਰ ਚੀਮਾ ਨੇ ਕਿਹਾ ਕਿ ਅਕਾਲੀ ਦਲ ਜ਼ੁਲਮ ਦੇ ਇਸ ਨੰਗੇ ਨਾਚ ਨੂੰ ਖਾਮੋਸ਼ ਬੈਠ ਕੇ ਬਰਦਾਸ਼ਤ ਨਹੀਂ ਕਰੇਗਾ। ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ 25 ਜੁਲਾਈ ਨੂੰ ਡੇਰਾ ਬਾਬਾ ਨਾਨਕ ਤੋਂ ਜਬਰ ਵਿਰੋਧੀ ਲਹਿਰ ਸ਼ੁਰੂ ਕਰ ਰਹੇ ਹਨ। ਅਸੀਂ ਇਸ ਲਹਿਰ ਨੂੰ ਪੰਜਾਬ ਦੇ ਕੋਨੇ ਕੋਨੇ ਵਿਚ ਲੈ ਕੇ ਜਾਵਾਂਗੇ ਅਤੇ ਅਕਾਲੀ ਵਰਕਰਾਂ ਖਿਲਾਫ ਵਧੀਕੀਆਂ ਨੂੰ ਰੁਕਵਾਉਣ ਅਤੇ ਕਾਂਗਰਸੀ ਗੁੰਡਿਆਂ ਦਾ ਟਾਕਰਾ ਕਰਨ ਲਈ ਪਾਰਟੀ ਵਰਕਰਾਂ ਨੂੰ ਇੱਕਜੁੱਟ ਕਰਾਂਗੇ।

Send this to a friend