ਸ੍ਰੀਨਗਰ, 16 ਅਕਤੂਬਰ (ਪੀ.ਟੀ.ਬਿਊਰੋ)-ਲਾਂਸ ਨਾਇਕ ਫਿਰੋਜ਼ ਖਾਨ ਨੇ ਦੇਸ਼ ਭਗਤੀ ਤੇ ਸਰਹੱਦ ‘ਤੇ ਸ਼ਹਾਦਤ ਦੀ ਉਹ ਮਿਸਾਲ ਕਾਇਮ ਕੀਤੀ ਹੈ ਜੋ ਕਦੇ ਹੀ ਵੇਖਣ ਨੂੰ ਮਿਲਦੀ ਹੈ। ਇਸ ਜਾਂਬਾਜ ਨੇ ਆਪਣੇ ਫਰਜ਼ ਨੂੰ ਈਦ ਤੋਂ ਜ਼ਿਆਦਾ ਜ਼ਰੂਰੀ ਮੰਨਦੇ ਹੋਏ ਆਪਣੀ ਜਾਨ ਦੇ ਦਿੱਤੀ। ਫਿਰੋਜ਼ ਖਾਨ ਜੰਮੂ ਤੇ ਪੁਣਛ ਸੈਕਟਰ ਵਿਚ ਪਾਕਿਸਤਾਨੀ ਫੌਜ ਵਲੋਂ ਕੀਤੀ ਜਾ ਰਹੀ ਫਾਇਰਿੰਗ ਵਿਚ ਸ਼ਹੀਦ ਹੋ ਗਏ। ਹੈਦਰਾਬਾਦ ਦੇ ਚਾਰ ਮੀਨਾਰ ਦੇ ਰਹਿਣ ਵਾਲੇ ਫਿਰੋਜ਼ ਈਦ ਤੋਂ ਠੀਕ ਇਕ ਦਿਨ ਪਹਿਲਾਂ ਸ਼ਹੀਦ ਹੋਏ। ਫਿਰੋਜ਼ ਨੇ ਫਰਜ਼ ਨੂੰ ਈਦ ਤੋਂ ਵੱਧ ਤਰਜੀਹ ਦਿੰਦੇ ਹੋਏ ਆਪਣੀ ਜਾਨ ਦੇ ਦਿੱਤੀ। ਫੌਜ ਨੇ ਫਿਰੋਜ਼ ਖਾਨ ਨੂੰ ਛੁੱਟੀ ਦੇ ਦਿੱਤੀ ਸੀ ਤਾਕਿ ਉਹ ਹੈਦਰਾਬਾਦ ਆਪਣੇ ਘਰ ਜਾ ਕੇ ਈਦ ਮਨਾ ਸਕੇ ਪਰ ਸਰਹੱਦ ‘ਤੇ ਪਾਕਿ ਫੌਜ ਦੀ ਹਰਕਤ ਵੇਖ ਫਿਰੋਜ਼ ਨੇ ਛੁੱਟੀ ਠੁਕਰਾ ਕੇ ਸਰਹੱਦ ‘ਤੇ ਜਾਣਾ ਬੇਹਤਰ ਸਮਝਿਆ ਜਿਥੇ ਪਾਕਿਸਤਾਨੀ ਫੌਜ ਵਲੋਂ ਕੀਤੀ ਫਾਇਰਿੰਗ ਨਾਲ ਉਹ ਸ਼ਹੀਦ ਹੋ ਗਏ। ਜ਼ਖ਼ਮੀ ਹੋਏ ਇਕ ਹੋਰ ਫੌਜੀ ਦਾ ਕਹਿਣਾ ਹੈ ਕਿ ਫਿਰੋਜ਼ ਨੇ ਕਿਹਾ ਸੀ ਕਿ ਈਦ ਤਾਂ ਆਉਂਦੀ ਰਹਿਣੀ ਹੈ ਪਰ ਇਨ੍ਹਾਂ ਨੂੰ ਸਬਕ ਸਿਖਾਉਣਾ ਹੈ ਜਿਹੜੇ ਰੋਜ਼ ਘੁਸਪੈਠ ਕਰਾਉਣ ਲਈ ਫਾਇਰਿੰਗ ਕਰਦੇ ਰਹਿੰਦੇ ਹਨ। ਵਰਣਨਯੋਗ ਹੈ ਕਿ ਪਾਕਿ ਫੌਜ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕਰ ਰਹੀ ਹੈ।