ਇੱਟਾਂ ਦੀ ਢੋਅ ਢੋਆਈ ਕਰਨ ਵਾਲੇ ਟ੍ਰੈਕਟਰ ਟਰਾਲੀ ਆਪਸ ’ਚ ਭਿੜ੍ਹੇ ਇੱਕ ਚਾਲਕ ਦੀ ਮੌਤ

image ਮੋਰਿੰਡਾ, 4 ਜੁਲਾਈ (ਹਰਜਿੰਦਰ ਸਿੰਘ ਛਿੱਬਰ)- ਇੱਕ ਦੂਜੇ ਤੋਂ ਅੱਗੇ ਨਿਕਲਣ ਲਈ ਕੀਤੀ ਤੇਜ਼ ਰਫ਼ਤਾਰੀ ਨੇ 47 ਸਾਲਾ ਟ੍ਰੈਕਟਰ ਟਰਾਲੀ ਡਰਾਇਵਰ ਦੀ ਜਾਨ ਲੈ ਲਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਬਲਬੀਰ ਸਿੰਘ ਸਿਟੀ ਪੁਲਿਸ ਚੋਂਕੀ ਮੋਰਿੰਡਾ ਨੇ ਦੱਸਿਆ ਕਿ ਰਾਸ਼ਟਰੀ ਮਾਰਗ 95 ’ਤੇ ਬਣੇ ਪੁਰਾਣੇ ਰੇਲਵੇ ਪੁਲ ’ਤੇ ਦੋ ਟ੍ਰੈਕਟਰ ਆਪਸ ਵਿੱਚ ਭਿੜ੍ਹ ਗਏ। ਜਿਸ ਕਾਰਨ ਇੱਕ ਟ੍ਰੈਕਟਰ ਚਾਲਕ ਜੋ ਕਿ ਇੱਟਾਂ ਦੇ ਭੱਠੇ ’ਤੇ ਇੱਟਾਂ ਦੀ ਢੋਅ-ਢੋਆਈ ਦਾ ਕੰਮ ਕਰਦਾ ਸੀ ਦੀ ਮੋਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਟ੍ਰੈਕਟਰ ਚਾਲਕ ਇੱਕ ਭੱਠੇ ’ਤੇ ਕੰਮ ਕਰਦੇ ਸਨ ਅਤੇ ਇੱਕ ਦੂਜੇ ਤੋਂ ਅੱਗੇ ਕੱਢਣ ਲਈ ਟ੍ਰੈਕਟਰਾਂ ਨੂੰ ਬੜ੍ਹੀ ਤੇਜ ਰਫ਼ਤਾਰੀ ਨਾਲ ਚਲਾ ਰਹੇ ਸੀ। ਤੇਜ ਰਫ਼ਤਾਰ ਹੋਣ ਕਾਰਨ ਦੋਵੇਂ ਟ੍ਰੈਕਟਰ ਬੇ-ਕਾਬੂ ਹੋ ਗਏ ਅਤੇ ਟ੍ਰੈਕਟਰਾਂ ਦੇ ਪਿੱਛੇ ਪਾਈਆਂ ਟਰਾਲੀਆਂ ਆਪਸ ਵਿੱਚ ਫਸ ਗਈਆਂ। ਜਿਸ ਕਾਰਨ ਇੱਕ ਟ੍ਰੈਕਟਰ ਚਾਲਕ ਅਪਣੇ ਟ੍ਰੈਕਟਰ ਤੋਂ ਹੇਠਾਂ ਡਿੱਗ ਪਿਆ ਅਤੇ ਗੰਭੀਰ ਜਖ਼ਮੀ ਹੋ ਗਿਆ। ਰਾਹਗੀਰਾਂ ਦੀ ਮੱਦਦ ਨਾਲ ਟ੍ਰੈਕਟਰ ਟਰਾਲੀ ’ਤੇ ਸਵਾਰ ਇੱਟਾਂ ਦੀ ਲਦਾਈ ਅਤੇ ਲੁਹਾਈ ਕਰਨ ਵਾਲੇ ਮਜਦੂਰਾਂ ਨੇ ਜਖ਼ਮੀ ਟ੍ਰੈਕਟਰ ਚਾਲਕ ਨੂੰ ਮੋਰਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ਼ ਲਈ ਲਿਆਂਦਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਗੁਲਜ਼ਾਰ ਸਿੰਘ 47 ਸਾਲ ਪੁੱਤਰ ਚਰਨ ਸਿੰਘ ਵਾਸੀ ਪਿੰਡ ਠੀਕਰੀਵਾਲ ਥਾਣਾ ਖਮਾਣੋ ਵੱਜੋਂ ਹੋਈ ਹੈ। ਹਾਦਸੇ ਤੋਂ ਤੁਰੰਤ ਬਾਅਦ ਦੁਜੇ ਟ੍ਰੈਕਟਰ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸਿਟੀ ਪੁਲਿਸ ਮੋਰਿੰਡਾ ਨੇ ਦੋਵੇਂ ਟ੍ਰੈਕਟਰ ਟਰਾਲੀਆਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਹਾਦਸੇ ਤੋਂ ਬਾਅਦ ਮੌਕੇ ’ਤੇ ਇਕੱਤਰ ਲੋਕਾਂ ਨੇ ਕਿਹਾ ਕਿ ਇੱਟਾਂ ਦੀ ਢੋਅ ਢੁਆਈ ਕਰਨ ਵਾਲੇ ਅਨੇਕਾਂ ਟ੍ਰੈਕਟਰ ਟਰਾਲੀਆਂ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਸ਼ਹਿਰ ਵਿਚੋਂ ¦ਘਦੇ ਹਨ। ਇਹ ਟ੍ਰੈਕਟਰ ਚਾਲਕ ਬੜ੍ਹੀ ਲਾਪ੍ਰਵਾਹੀ ਨਾਲ ਸ਼ਰੇਆਮ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਟ੍ਰੈਫ਼ਿਕ ਪੁਲਿਸ ਦੀਆਂ ਅੱਖਾਂ ਮੂਹਰਿਓਂ ਨਿਕਲਦੇ ਹਨ ਪ੍ਰੰਤੂ ਪੁਲਿਸ ਪ੍ਰਸ਼ਾਸ਼ਨ ਇਨ੍ਹਾਂ ’ਤੇ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣੀ ਰਹਿੰਦੀ ਹੈ। ਹਾਜ਼ਰ ਲੋਕਾਂ ਨੇ ਕਿਹਾ ਕਿ ਤੇਜ ਰਫਤਾਰੀ ਨਾਲ ਸੜ੍ਹਕਾਂ ’ਤੇ ਦੌੜਦੇ ਇੱਟਾਂ ਦੇ ਭਰੇ ਟ੍ਰੈਕਟਰ ਟਰਾਲੇ ਚਾਲਕ ਜਿੱਥੇ ਟਰਾਲੀ ਵਿੱਚ ਬੈਠੇ ਲੇਬਰ ਕਰਨ ਵਾਲੇ ਵਿਅਕਤੀਆਂ ਅਤੇ ਖੁਦ ਅਪਣੀ ਜਾਨ ਨੂੰ ਜੋਖ਼ਮ ਵਿਚ ਪਾਉਂਦੇ ਹਨ ਉਥੇ ਹੀ ਸੜ੍ਹਕ ’ਤੇ ਸਫ਼ਰ ਕਰਨ ਵਾਲੇ ਆਮ ਲੋਕਾਂ ਦੀ ਜਾਨ ਲਈ ਵੀ ਖ਼ਤਰਾ ਬਣੇ ਰਹਿੰਦੇ ਹਨ। ਹਾਜ਼ਰ ਲੋਕਾਂ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਟ੍ਰੈਕਟਰ ਟਰਾਲੀ ਦੀ ਗੈਰਕਾਨੂੰਨੀ ਤੌਰ ’ਤੇ ਵਰਤੋਂ ਕਰਨ ਵਾਲੇ ਇਨ੍ਹਾਂ ਭੱਠਾ ਮਾਲਕਾਂ ਵਿੱਰੁਧ ਟ੍ਰੈਫ਼ਿਕ ਪੁਲਿਸ ਸਖ਼ਤ ਰੁਖ਼ ਅਖ਼ਤਿਆਰ ਕਰੇ ਤਾਂ ਜੋ ਅਜਿਹੇ ਹਾਦਸੇ ਭਵਿੱਖ ਵਿੱਚ ਨਾ ਵਾਪਰਨ।

Send this to a friend