June 16, 2026 6:34 pm

ਫਿਰਕੂ ਤਾਕਤਾਂ ਨੂੰ ਕਿਸੇ ਵੀ ਹਾਲਤ ਵਿੱਚ ਫੈਲਣ ਨਹੀਂ ਦੇਵਾਂਗੇ: ਸ਼ਿੰਦੇ

ਨਾਗਪੁਰ, 14 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਕਿ ਫਿਰਕੂ ਤਾਕਤਾਂ ਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਬੋਧੀ ਧਰਮ ਕਿਉਂ ਅਪਨਾਉਣਾ ਪਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦੇ ਤੱਤਾਂ ਨੂੰ ਵਧਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ਼ਿੰਦੇ ਨੇ ਨਾਗਪੁਰ ਦੇ ਨਜ਼ਦੀਕ ਬੁਤੀਬੋਰੀ ‘ਚ ‘ਸਟੈਚੂ ਆਫ ਫਰੀਡਮ ਆਫ ਪ੍ਰੈੱਸ’ ਦੇ ਉਦਘਾਟਨ ਦੇ ਬਾਅਦ ਆਪਣੇ ਭਾਸ਼ਣ ਵਿੱਚ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਡਾ. ਬਾਬਾ ਸਾਹਿਬ ਅੰਬੇਡਕਰ ਨੇ ਫਿਰਕੂ ਪੱਖਪਾਤ ਨਾਲ ਭਰੇ ਇਸ ਸਮਾਜ ਤੋਂ ਆਪਣਾ ਰਸਤਾ ਵੱਖ ਕਰ ਲਿਆ ਸੀ। ਇਸ ਸਮਾਜ ਨੂੰ ਅੱਜ ਡਾ. ਅੰਬੇਡਕਰ ਦੇ ਫੈਸਲੇ ਦੇ ਪਿੱਛੇ ਦੇ ਕਾਰਨਾਂ ‘ਤੇ ਵਿਚਾਰ ਕਰਨਾ ਹੋਵੇਗਾ। ਹਾਲ ਦੇ ਦਿਨਾਂ ‘ਚ ਫਿਰਕੂ ਤਾਕਤਾਂ ਇੱਕ ਵਾਰ ਫਿਰ ਸਿਰ ਚੁੱਕਣ ਲੱਗੀਆਂ ਹਨ ਪਰ ਅਸੀਂ ਇੱਕ ਧਰਮ ਨਿਰਪੱਖ ਮੋਰਚੇ ਦੇ ਤੌਰ ‘ਤੇ ਸੱਤਾ ‘ਚ ਆਏ ਹਾਂ ਤੇ ਕਿਸੇ ਵੀ ਹਾਲਤ ‘ਚ ਇਨ੍ਹਾਂ ਤਾਕਤਾਂ ਨੂੰ ਫੈਲਣ ਨਹੀਂ ਦਿੱਤਾ ਜਾਵੇਗਾ।