ਸ੍ਰੀ ਅਨੰਦਪੁਰ ਸਾਹਿਬ, 3 ਜੁਲਾਈ (ਦਵਿੰਦਰ ਪਾਲ ਸਿੰਘ, ਅੰਕੁਸ਼)- ਪੰਜਾਬ ਦੇ ਕਿਸਾਨਾਂ ਸਿਰ ਮੋਜੂਦਾ ਸਮੇਂ 80 ਹਜਾਰ ਕਰੋੜ ਰੁਪਏ ਤੋਂ ਉਪਰ ਕਰਜਾ ਹੈ ਪ੍ਰੰਤੂ ਸੂਬੇ ਦੀ ਕੈਪਟਨ ਸਰਕਾਰ ਸਿਰਫ 15 ਸੋ ਕਰੋੜ ਰੁਪਏ ਦਾ ਕਰਜਾ ਮੁਆਫ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਜਦਕਿ ਵਿਧਾਨ ਸਭਾ ਚੋਣਾਂ ਦੋਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਨਾਲ ਪੂਰਾ ਕਰਜਾ ਮੁਆਫ ਕਰਨ ਦਾ ਬੜੇ ਜੋਰ ਸ਼ੋਰ ਨਾਲ ਵਾਅਦਾ ਕੀਤਾ ਸੀ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਸਿੱਖਿਆਂ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾਂ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਡਾ: ਚੀਮਾਂ ਨੇ ਦੋਸ਼ ਲਗਾਉਂਦਿਆਂ ਅੱਗੇ ਕਿਹਾ ਕਿ ਚੋਣਾਂ ਦੋਰਾਨ ਪੰਜਾਬ ਦੇ ਕਿਸਾਨਾਂ ਕੋਲੋਂ ਕਰਜਾ ਮੁਆਫੀ ਦੇ ਫਾਰਮ ਭਰਵਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਜਿੱਤਣ ਉਪਰੰਤ ਸੂਬੇ ਦੇ ਕਿਸਾਨਾਂ ਨਾਲ ਧੋਖਾ ਕੀਤਾ , ਜਿਸ ਕਾਰਨ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ਤੋਂ ਲੈ ਕੇ ਅੱਜ ਤੱਕ ਕੋਈ ਦਿਨ ਐਸਾ ਨਹੀਂ ਹੈ ਜਦੋਂ ਕੈਪਟਨ ਸਰਕਾਰ ਤੋਂ ਦੁਖਿਆ ਅਤੇ ਕਰਜੇ ਚ’ ਡੁੱਬਿਆਂ ਕਿਸਾਨ ਖੁਦਕੁਸ਼ੀ ਨਾਂ ਕਰਦਾ ਹੋਵੇ । ਸੂਬੇ ਅੰਦਰ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਡਾ: ਚੀਮਾਂ ਨੇ ਕਿਹਾ ਕਿ ਇਨ੍ਹਾਂ ਨਿੰਦਣਯੋਗ ਘਟਨਾਵਾਂ ਨੂੰ ਸਾਨੂੰ ਧਾਰਮਿਕ ਮੁੱਦਾ ਨਹੀਂ ਬਣਾਉਣਾ ਚਾਹੀਦਾ ਸਗੋਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੁੰ ਜਲਦੀ ਤੋਂ ਜਲਦੀ ਕਾਬੂ ਕਰਕੇ ਜੇਲ ਚ’ ਸੁੱਟਿਆਂ ਜਾਵੇ। ਬੀਤੇ ਕਈ ਦਿਨਾਂ ਤੋਂ ਇੱਕ ਇਸਾਈ ਮਿਸ਼ਨਰੀ ਪ੍ਰਚਾਰਕ ਬੀਬੀ ਵੱਲੋਂ ਸਿੱਖ ਗੁਰੂ ਸਾਹਿਬਾਨਾਂ ਬੋਲੀ ਕੀਤੀ ਜਾ ਰਹੀ ਗਲਤ ਸ਼ਬਦਾਵਲੀ ਦੀ ਡਾ: ਚੀਮਾਂ ਨੇ ਭਾਰੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਗੱਲਾਂ ਕਰਨ ਵਾਲੀ ਇਸ ਬੀਬੀ ਦੇ ਖਿਲਾਫ ਸਖਤ ਕਾਰਵਾਈ ਕਰੇ। ਸੂਬੇ ਅੰਦਰ ਜਲਦ ਹੋ ਰਹੀਆਂ ਨਗਰ ਨਿਗਮਾਂ ਦੀਆਂ ਚੋਣਾਂ ਸਬੰਧੀ ਡਾ: ਚੀਮਾਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਤਿਆਰ ਹੈ। ਇਸ ਮੋਕੇ ਉਨ੍ਹਾਂ ਨਾਲ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਤਖਤ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ, ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ , ਸੂਚਨਾ ਅਫਸਰ ਐਡਵੋਕੇਟ ਹਰਦੇਵ ਸਿੰਘ, ਮਨਜਿੰਦਰ ਸਿੰਘ ਬਰਾੜ੍ਹ ਆਦਿ ਹਾਜ਼ਰ ਸਨ।