June 20, 2026 6:59 pm

ਕੈਨੇਡਾ ਦਾ ਵੀਜ਼ਾ ਲਾਉਣ ਦੇ ਨਾਂਅ ‘ਤੇ 10 ਲੱਖ ਠੱਗੇ

ਕਪੂਰਥਲਾ, 14 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਥਾਣਾ ਬੇਗੋਵਾਲ ਦੀ ਪੁਲਿਸ ਨੇ ਕੈਨੇਡਾ ਦਾ ਦੋ ਸਾਲ ਦਾ ਵਰਕ ਵੀਜ਼ਾ ਲਗਵਾਉਣ ਦੇ ਨਾਂਅ ‘ਤੇ ਦਸ ਲੱਖ ਦੀ ਧੋਖਾਧੜੀ ਕਰਨ ਵਾਲੇ ਚਾਰ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਚਾਰਾਂ ਮੁਲਜ਼ਮਾਂ ‘ਚ ਇੱਕ ਪਤੀ ਪਤਨੀ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਬਲਕਾਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਵਾਰਡ ਨੰਬਰ-10 ਬੇਗੋਵਾਲ ਨੇ ਐੱਸ. ਐੱਸ. ਪੀ. ਇੰਦਰਬੀਰ ਸਿੰਘ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਨੇ ਕੈਨੇਡਾ ‘ਚ ਦੋ ਸਾਲ ਦਾ ਵਰਕ ਪਰਮਿਟ ਲੈਣ ਲਈ ਫਗਵਾੜਾ ਦੇ ਬਸੰਤ ਨਗਰ ਨਿਵਾਸੀ ਹਰਨੇਕ ਸਿੰਘ ਪੁੱਤਰ ਸ਼ੀਤਲ ਸਿੰਘ ਨਾਲ ਸੰਪਰਕ ਕੀਤਾ ਜਿਸ ਨੇ ਉਸ ਨੂੰ ਆਪਣੇ ਰਿਸ਼ਤੇਦਾਰਾਂ ਗੁਰਨਾਮ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਗੁਰਾਇਆ ਅਤੇ ਉਸ ਦੀ ਪਤਨੀ ਹਰਨਿੰਦਰ ਕੌਰ ਤੋਂ ਇਲਾਵਾ ਗੁਰਮੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਹਦੀਆਬਾਦ ਫਗਵਾੜਾ ਨਾਲ ਮੁਲਾਕਾਤ ਕਰਵਾਈ, ਜਿਥੇ ਇਨ੍ਹਾਂ ਚਾਰਾਂ ਨੇ ਉਸ ਨੂੰ ਕੈਨੇਡਾ ਭੇਜਣ ਲਈ ਦਸ ਲੱਖ ਰੁਪਏ ਵਿੱਚ ਸੌਦਾ ਕੀਤਾ ਅਤੇ ਮੌਕੇ ‘ਤੇ ਪਾਸਪੋਰਟ ਅਤੇ 50 ਹਜ਼ਾਰ ਰੁਪਏ ਨਗਦ ਦੇ ਦਿੱਤੇ। ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ਨੂੰ ਫੋਨ ‘ਤੇ ਦੱਸਿਆ ਕਿ ਉਸ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਹੈ ਅਤੇ ਉਸ ਨੇ ਬਾਕੀ ਰਹਿੰਦੀ ਸਾਰੀ ਰਕਮ ਉਕਤ ਵਿਅਕਤੀਆਂ ਨੂੰ ਦੇ ਦਿੱਤੀ। ਇਸ ਉਪਰੰਤ ਇਨ੍ਹਾਂ ਨੇ ਉਸ ਨੂੰ ਅਪ੍ਰੈਲ ਮਹੀਨੇ ‘ਚ ਕੈਨੇਡਾ ਜਾਣ ਲਈ ਕਾਗਜ਼ਾਤ ਅਤੇ ਟਿਕਟ ਦਿਖਾਉਂਦੇ ਹੋਏ ਕਿਹਾ ਕਿ ਉਸ ਦੀ ਦਿੱਲੀ ਤੋਂ ਟੋਰਾਂਟੋ ਜਾਣ ਵਾਲੀ ਫਲਾਈਟ ਪੱਕੀ ਹੋ ਗਈ ਹੈ। ਇਸ ਉਪਰੰਤ ਜਦ ਉਹ ਕੈਨੇਡਾ ਜਾਣ ਦੀ ਤਿਆਰੀ ਕਰਨ ਲੱਗਾ ਤਾਂ ਉਸ ਨੂੰ ਦੱਸਿਆ ਕਿ ਉਸ ਦੀ ਫਲਾਈਟ ਲੇਟ ਹੋ ਗਈ ਹੈ ਅਤੇ ਉਹ ਹੁਣ ਮੁੜ ਮਈ ਮਹੀਨੇ ‘ਚ ਕੈਨੇਡਾ ਜਾਵੇਗਾ। ਇਸ ਉਪਰੰਤ ਉਹ ਫਿਰ ਵੀ ਕੈਨੇਡਾ ਨਹੀਂ ਗਿਆ ਜਿਸ ਤੋਂ ਬਾਅਦ ਪੰਚਾਇਤ ਦੇ ਜ਼ਰੀਏ ਹਰਨੇਕ ਸਿੰਘ ਅਤੇ ਗੁਰਨਾਮ ਸਿੰਘ ਨੂੰ ਥਾਣਾ ਬੇਗੋਵਾਲ ਵਿਖੇ ਬੁਲਾਇਆ ਗਿਆ। ਜਿਥੇ ਦੋਹਾਂ ਮੁਲਜ਼ਮਾਂ ਨੇ ਅਕਤੂਬਰ ਮਹੀਨੇ ‘ਚ ਰਕਮ ਮੋੜਨ ਲਈ ਇਕਰਾਰਨਾਮਾ ਕੀਤਾ ਪਰ ਕੀਤੇ ਇਕਰਾਰਨਾਮੇ ਅਨੁਸਾਰ ਵਾਅਦਾ ਪੂਰਾ ਨਹੀਂ ਕੀਤਾ ਇਸ ਉਪਰੰਤ ਉਕਤ ਸਾਰੇ ਮਾਮਲੇ ਦੀ ਪੜਤਾਲ ਐਂਟੀ ਫਰਾਡ ਸਟਾਫ ਦੇ ਇੰਚਾਰਜ ਹਰਗੁਰਦੇਵ ਸਿੰਘ ਵੱਲੋਂ ਕੀਤੇ ਜਾਣ ‘ਤੇ ਹਰਨੇਕ ਸਿੰਘ ਪੁੱਤਰ ਸ਼ੀਤਲ ਸਿੰਘ, ਗੁਰਨਾਮ ਸਿੰਘ ਪੁੱਤਰ ਰੇਸ਼ਮ ਸਿੰਘ, ਉਸ ਦੀ ਪਤਨੀ ਹਰਨਿੰਦਰ ਕੌਰ ਅਤੇ ਗੁਰਮੀਤ ਸਿੰਘ ਪੁੱਤਰ ਪ੍ਰਗਟ ਸਿੰਘ ਦੇ ਖਿਲਾਫ ਲੱਗੇ ਅਰੋਪ ਸਹੀ ਸਾਬਤ ਹੋਏ ਅਤੇ ਇਨ੍ਹਾਂ ਚਾਰਾਂ ਖਿਲਾਫ ਕੇਸ ਦਰਜ ਕੀਤਾ ਗਿਆ।

Send this to a friend