ਅੰਮ੍ਰਿਤਸਰ, 30 ਜੂਨ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਅੰਤ੍ਰਿੰਗ ਕਮੇਟੀ ’ਚ ਪਾਸ ਕੀਤੇ ਮਤੇ ਅਨੁਸਾਰ ਸਾਬਕਾ ਅੰਤ੍ਰਿੰਗ ਕਮੇਟੀ ਮੈਂਬਰ ਤੇ ਉਘੇ ਸਿੱਖ ਪ੍ਰਚਾਰਕ ਸਵਰਗੀ ਗਿਆਨੀ ਲਾਭ ਸਿੰਘ ਫਖਰ ਦੇ ਪਰਿਵਾਰ ਦੀ ਸਹਾਇਤਾ ਕਰਦਿਆਂ ਉਨ੍ਹਾਂ ਦੇ ਸਪੁੱਤਰ ਸ. ਜਗਜੀਤ ਸਿੰਘ ਫਖਰ ਨੂੰ ਅੱਜ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਇਕ ਲੱਖ ਰੁਪਏ ਦੀ ਸਹਾਇਤਾ ਦਾ ਚੈਕ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਮੀਟਿੰਗ ਹਾਲ ਵਿਖੇ ਸਾਬਕਾ ਅੰਤ੍ਰਿੰਗ ਕਮੇਟੀ ਮੈਂਬਰ ਤੇ ਉਘੇ ਸਿੱਖ ਪ੍ਰਚਾਰਕ ਸਵਰਗੀ ਗਿਆਨੀ ਲਾਭ ਸਿੰਘ ਫਖਰ ਦੇ ਪਰਿਵਾਰ ਦੀ ਸਹਾਇਤਾ ਵਜੋਂ ਇੱਕ ਲੱਖ ਰੁਪਏ ਦਾ ਚੈਕ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸ. ਗੁਰਿੰਦਰ ਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਸ. ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ਼੍ਰ੍ਰ੍ਰੋਮਣੀ ਕਮੇਟੀ, ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ ਨੇ ਸਾਂਝੇ ਤੌਰ ’ਤੇ ਸ. ਜਗਜੀਤ ਸਿੰਘ ਫਖਰ ਨੂੰ ਸੌਂਪਿਆ ਤੇ ਉਨ੍ਹਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਜਗਜੀਤ ਸਿੰਘ ਫਖਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਸਵਰਗੀ ਗਿਆਨੀ ਲਾਭ ਸਿੰਘ ਫਖਰ ਨੇ ਸੰਨ 1924 ਤੋਂ ਲੈ ਕੇ ਸੰਨ 1947 ਤੱਕ ਮਹੰਤਾਂ ਤੋਂ ਗੁਰਦੁਆਰੇ ਪੰਥਕ ਪ੍ਰਬੰਧਾਂ ’ਚ ਲਿਆਉਣ ਲਈ ਉਸ ਸਮੇਂ ਦੀ ਸਰਕਾਰ ਦੇ ਖਿਲਾਫ਼ ਲੈਕਚਰ ਦਿੰਦਿਆਂ ਸਰਕਾਰ ਖਿਲਾਫ ਲੱਗੇ ਮੋਰਚਿਆਂ ਦੌਰਾਨ ਜੇਲ੍ਹ ਕੱਟੀ। ਸੰਨ 1947 ਤੋਂ ਬਾਅਦ ਕਾਂਗਰਸ ਸਰਕਾਰ ਦੇ ਖਿਲਾਫ਼ ਸਿੱਖ ਮਸਲਿਆਂ ਅਤੇ ਪੰਜਾਬੀ ਸੂਬੇ ਦੇ ਮੋਰਚਿਆਂ ਲਈ ਵੀ ਕਈ ਵਾਰ ਜੇਲ੍ਹ ਗਏ। ਸ. ਫਖਰ ਨੇ ਕਿਹਾ ਕਿ ਗਿਆਨੀ ਲਾਭ ਸਿੰਘ ਫਖਰ ਸੰਨ 1939 ਤੋਂ ਲੈ ਕੇ ਸੰਨ 1944 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਵੀ ਰਹੇ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਵਲੋਂ ਪਰਿਵਾਰ ਦੀ ਕੀਤੀ ਸਹਾਇਤਾ ਲਈ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਰਿਣੀ ਹਨ ਜਿਨ੍ਹਾਂ ਨੇ ਸੁਤੰਤਰਤਾ ਸੈਲਾਨੀ ਪਰਿਵਾਰ ਦੀ ਸਹਾਇਤਾ ਕਰਕੇ ਉਨ੍ਹਾਂ ਦਾ ਮਾਣ ਵਧਾਇਆ ਹੈ।