ਵਿਜੀਲੈਂਸ ਵੱਲੋਂ ਨਾਇਬ ਤਹਿਸੀਲਦਾਰ ਸਮੇਤ ਤਿੰਨ ਦੇ ਖਿਲਾਫ਼ ਮੁਕੱਦਮਾ ਦਰਜ਼

ਬਰੇਟਾ, 29 ਜੂਨ (ਖਾਲਸਾ ਕਾਹਨਗੜ੍ਹ)- ਵਿਜੀਲੈਂਸ ਵਿਭਾਗ ਮਾਨਸਾ ਦੀ ਟੀਮ ਵਲੋ ਬੀਤੀ ਕੱਲ  ਬਰੇਟਾ ਵਿਖੇ ਰਜਿਸਟਰੀ ਵਸੀਕਾ ਤਸਦੀਕ ਕਰਨ ਬਦਲੇ ਨਾਇਬ ਤਹਿਸੀਲਦਾਰ ਲਈ ਰਿਸ਼ਵਤ ਲੈਣ ਵਾਲੇ ਇੱਕ ਵਕੀਲ ਨੂੰ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰਨ ਤੋ ਬਾਅਦ ਇਸ ਮਾਮਲੇ ਵਿੱਚ ਬਰੇਟਾ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਰਮੇਸ਼ ਕੁਮਾਰ,ਰੀਡਰ ਜਸਪਾਲ,ਅਤੇ ਵਕੀਲ ਸੁਰੇਸ਼ ਕੁਮਾਰ ਜੋ ਕਿ ਰਜਿਸਟਰੀਆ ਵਗੈਰਾ ਵੀ ਲਿਖਦਾ ਹੈ ਦੇ ਖਿਲਾਫ ਭ੍ਰਿਸਟਾਚਾਰ ਰੋਕੂ ਐਕਟ ਦੀਆਂ ਧਾਰਾਵਾ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਚੋਕਸੀ ਵਿਭਾਗ ਮਾਨਸਾ ਦੇ ਡੀ.ਐਸ.ਪੀ ਸ੍ਰ.ਮਨਜੀਤ ਸਿੰਘ ਨੇ ਦੱਸਿਆ ਕਿ ਉਨਾ ਪਾਸ ਗੁਰਤੇਜ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਬਖਸ਼ੀਵਾਲਾ ਨੇ ਸ਼ਿਕਾਇਤ ਕੀਤੀ ਸੀ ਕਿ ਉਸਦੀ ਪਤਨੀ ਦੇ ਨਾਮ ਪਰ ਪਿੰਡ ਸ਼ੇਖੂਪੁਰ ਖੁਡਾਲ ਵਿਖੇ ਕੁਝ ਜਮੀਨ ਹੈ ਅਤੇ ਉਸਨੇ ਇਸ ਜਮੀਨ ਪਰ ਬੈਂਕ ਤੋ ਲਿਮਟ ਬਣਵਾਈ ਸੀ ਜਿਸ ਸਬੰਧੀ ਸਾਰੀ ਰਕਮ ਬੈਂਕ ਨੂੰ ਮੋੜਨ ਤੇ ਬੈਂਕ ਵਲੋ ਕਲੀਅਰੈਂਸ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ ਪਰ ਇਸ ਪਟਵਾਰ ਹਲਕੇ ਦਾ ਚਾਰਜ ਕਿਸੇ ਪਟਵਾਰੀ ਕੋਲ ਨਾ ਹੋਣ ਕਾਰਨ ਇਸ ਜਮੀਨ ਨੂੰ ਫੱਕ ਕਰਨ ਸਬੰਧੀ ਇੰਦਰਾਜ ਮਾਲ ਰਿਕਾਰਡ ਵਿੱਚ ਨਹੀ ਹੋਇਆ ਅਤੇ ਉਸਨੇ ਘਰੇਲੂ ਜਰੂਰਤ ਕਾਰਨ ਇਹ ਜਮੀਨ ਵੇਚ ਦਿੱਤੀ ਹੈ ਅਤੇ ਇਸਦੀ ਰਜਿਸਟਰੀ ਖਰੀਦਦਾਰ ਦੇ ਨਾਮ ਕਰਵਾਉਣ ਲਈ ਆਖਰੀ ਤਰੀਖ 30 ਜੂਨ ਰੱਖੀ ਹੋਣ ਕਾਰਨ ਜਦ ਉਸਨੇ ਅਤੇ ਉਸਦੇ ਦੋਸਤ ਨੇ  ਬਰੇਟਾ ਵਿਖੇ ਤੈਨਾਤ ਨਾਇਬ ਤਹਿਸੀਲਦਾਰ ਰਮੇਸ਼ ਕੁਮਾਰ  ਨਾਲ ਗੱਲ ਕੀਤੀ ਤਾ ਉਸਨੇ ਕਿਹਾ ਕਿ ਉਹ ਇਸ ਸਬੰਧੀ ਰੀਡਰ ਜਸਪਾਲ ਅਤੇ ਵਕੀਲ ਸੁਰੇਸ਼ ਕੁਮਾਰ ਨਾਲ ਗੱਲ ਕਰ ਲਵੇ ਉਨਾ ਦੱਸਿਆ ਕਿ ਮੁੱਦਈ ਅਨੁਸਾਰ ਜਦ ਉਸਨੇ ਰੀਡਰ ਜਸਪਾਲ ਅਤੇ ਵਕੀਲ ਸੁਰੇਸ਼ ਕੁਮਾਰ ਨਾਲ ਗੱਲ ਕੀਤੀ ਤਾ ਰਜਿਸਟਰੀ ਵਸੀਕਾ ਤਸਦੀਕ ਕਰਨ ਲਈ ਦਸ ਹਜਾਰ ਰੁਪਏ ਰਿਸ਼ਵਤ ਦੀ ਮੰਗ ਕਰਨ ਤੋ ਬਾਅਦ ਸੋਦਾ ਸੱਤ ਹਜਾਰ ਰੁਪਏ ਵਿੱਚ ਤਹਿ ਹੋ ਗਿਆ ਡੀ ਐਸ ਪੀ ਮਨਜੀਤ ਸਿੰਘ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਕਰਤਾ ਗੁਰਤੇਜ ਸਿੰਘ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆ ਵਿਜੀਲੈਂਸ ਟੀਮ ਵਲੋ ਵਕੀਲ ਸੁਰੇਸ਼ ਕੁਮਾਰ ਨੂੰ ਤਹਿਸੀਲਦਾਰ ਦੀ ਕਾਰ ਵਿੱਚੋ ਕਾਬੂ ਕਰਕੇ ਉਸ ਪਾਸੋ ਰਿਸ਼ਵਤ ਦੀ ਰਕਮ ਸੱਤ ਹਜਾਰ ਰੁਪਏ ਬਰਾਮਦ ਕਰਵਾਏ ਗਏ ਹਨ।

Send this to a friend