ਮਾਨਸਾ, 14 ਅਕਤੂਬਰ (ਜਸਪਾਲ ਹੀਰੇਵਾਲਾ)- ਜ਼ਿਲ੍ਹੇ ਵਿਚੋਂ ਨਸ਼ਿਆਂ ਦੀ ਮੁਕੰਮਲ ਰੋਕਥਾਮ ਲਈ ਸਿਵਲ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਪੱਬਾਂ ਭਾਰ ਹੋ ਗਿਆ ਹੈ। ਅੱਜ ਬੱਚਤ ਭਵਨ ਵਿਖੇ ਕੈਮਿਸਟਾਂ ਅਤੇ ਫਾਰਮਾਸਿਸਟਾਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਅਤੇ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਅਪੀਲ ਕੀਤੀ ਕਿ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰਦੀਆਂ ਨਸ਼ੀਲੀਆਂ ਦਵਾਈਆਂ ਨਾ ਵੇਚੀਆਂ ਜਾਣ। ਇਸ ਮੌਕੇ ਡੀ.ਐਸ.ਪੀ. ਸ਼੍ਰੀ ਸੁਲੱਖਣ ਸਿੰਘ ਮਾਨ ਤੋਂ ਇਲਾਵਾ ਭਾਰੀ ਗਿਣਤੀ ਵਿਚ ਜ਼ਿਲ੍ਹੇ ਦੇ ਕੈਮਿਸਟ, ਫਾਰਮਾਸਿਸਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਕੈਮਿਸਟ ਦਾ ਕਾਰਜ ਇਕ ਵਧੀਆ ਸਮਾਜ-ਸੇਵੀ ਕੰਮ ਹੈ, ਇਸ ਲਈ ਇਹ ਕਾਰਜ ਇਮਾਨਦਾਰੀ ਨਾਲ ਨਿਭਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਕੈਮਿਸਟ ਗਲਤ ਨਹੀਂ ਹੁੰਦੇ, ਪਰ ਕੁਝ ਕੈਮਿਸਟ ਨਸ਼ਾ ਵੇਚ ਕੇ ਸਮੁੱਚੇ ਭਾਈਚਾਰੇ ਨੂੰ ਬਦਨਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਕੈਮਿਸਟ ਯੂਨੀਅਨਾਂ ਇਕ ਮੰਚ ‘ਤੇ ਇਕੱਠੀਆਂ ਹੋਕੇ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਖਿਲਾਫ਼ ਕਮੇਟੀ ਗਠਿਤ ਕਰਕੇ, ਪ੍ਰਸਾਸ਼ਨ ਨਾਲ ਸਹਿਯੋਗ ਕਰਨ।