ਚੰਡੀਗੜ੍ਹ, 14 ਅਕਤੂਬਰ (ਪੀ.ਟੀ.)- ਭਾਰਤੀ ਨਕਲੀ ਅੰਗ ਨਿਰਮਾਣ ਨਿਗਮ (ਅਲਮਕੋ) ਕਾਨਪੁਰ ਵੱਲੋਂ ਜ਼ਿਲ੍ਹਾ ਸਿਰਸਾ ਵਿਚ ਲੋੜਵੰਦਾਂ ਦੀ ਸਹਾਇਤਾਂ ਦੇ ਲਈ ਤਿੰਨ ਰੋਜ਼ਾ ਨਕਲੀ ਅੰਗ ਵੰਡ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਕੈਂਪ 28 ਅਕਤੂਬਰ ਤੋਂ 30 ਅਕਤੂਬਰ ਤੱਕ ਸਿਰਸਾ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਜਨਤਕ ਕੇਂਦਰ ਬਰਨਾਲਾ ਰੋਡ, ਪੀਡਬਲਯੂਡੀ ਰੈਸਟ ਹਾਊਸ ਦੇ ਸਾਹਮਣੇ ਸਿਰਸਾ ਵਿਖੇ ਲਗਾਇਆ ਜਾਵੇਗਾ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਲੋੜਵੰਦਾਂ ਨੂੰ ਨਕਲੀ ਅੰਗ ਜਿਵੇਂ ਬੈਸਾਖੀ, ਕੈਲਿਪਰ, ਬ੍ਰੈਸ, ਜੂਤੇ, ਨਕਲੀ ਹੱਥ-ਪੈਰ ਆਦਿ ਦੇ ਮਾਪ ਲਏ ਜਾਣਗੇ ਅਤੇ ਤਿੰਨ ਪਹੀਇਆ ਸਾਈਕਲ, ਵਹੀਲ ਚੇਅਰ, ਸੁਣਨ ਦਾ ਯੰਤਰ ਤੇ ਨੇਤਰਹੀਣ ਨੂੰ ਬਲਾਈਡ ਸਟੀਕ ਦੇਣ ਦੇ ਲਈ ਲੋੜਵੰਦਾਂ ਦੀ ਪਛਾਣ ਕੀਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਪਛਾਣ ਕੀਤੇ ਜਾਣ ਤੋਂ ਬਾਅਦ ਲੋੜਵੰਦਾਂ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਅੰਗ ਤੇ ਉਪਕਰਨ ਦਿੱਤੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਅੰਗ ਉਨ੍ਹਾਂ ਲੋੜਵੰਦਾਂ ਨੂੰ ਉਪਲਬਧ ਕਰਵਾਏ ਜਾਣਗੇ ਜਿਨ੍ਹਾਂ ਦੇ ਪਰਿਵਾਰ ਆਮਦਨ 6500 ਪ੍ਰਤੀ ਮਹੀਨਾ ਰੁਪਏ ਤੋਂ ਵੱਧ ਨਾ ਹੋਵੇ। ਉਨ੍ਹਾਂ ਕਿਹਾ ਕਿ ਕੈਂਪ ਦੇ ਵਿਚ ਆਉਣ ਵਾਲਾ ਲੋੜਵੰਦ ਵਿਅਕਤੀ ਸਰਪੰਚ ਤੋਂ ਜਾਰੀ ਪ੍ਰਮਾਣ ਪੱਤਰ, ਨਗਰ ਪਰਿਸ਼ਦ ਤੋਂ ਤਸਦੀਕ ਕਰਵਾ ਕੇ ਅਤੇ ਰਾਸ਼ਨ ਕਾਰਡ, ਵੋਟਰ ਕਾਰਡ, ਅਪਹਾਜ ਪ੍ਰਮਾਣ ਪੱਤਰ ਦੀ ਫੋਟੋ ਕਾਪੀ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ 28 ਅਕਤੂਬਰ ਨੂੰ ਸਿਰਸਾ ਤੇ ਬੜਾਗੁੱਡਾ ਬਲਾਕ ਦੇ ਲੋੜਵੰਦਾਂ ਦੀ ਜਾਂਚ ਕੀਤੀ ਜਾਵੇਗੀ। ਇਸੇ ਤਰ੍ਹਾਂ 29 ਅਕਤੂਬਰ ਨੂੰ ਰਾਣੀਆਂ, ਏਲਨਾਬਾਦ ਅਤੇ ਓਡਾ ਅਤੇ 30 ਅਕਤੂਬਰ ਨੂੰ ਨਾਥੂਸਰੀ ਚੌਪਟਾ ਤੇ ਡੱਬਵਾਲੀ ਬਲਾਕ ਦੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ।