ਸਾਧੂ ਸਿੰਘ ਧਰਮਸੋਤ ਵਲੋਂ ਮੁਹਿੰਮ ਦੀ ਕਾਮਯਾਬੀ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ
ਚੰਡੀਗੜ੍ਹ, 27 ਜੂਨ- ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅਜ ‘ਹਰ ਵਿਦਿਆਰਥੀ ਤੇ ਅਧਿਆਪਕ ਪਾਲੇ ਇਕ ਰੁਖ‘ ਮੁਹਿੰਮ ਦਾ ਆਗਾਜ਼ ਕਰਦਿਆਂ ਐਲਾਨ ਕੀਤਾ ਕਿ ਸੂਬੇ ਦੇ ਸਾਰੀਆਂ ਆਈ.ਟੀ.ਆਈਜ਼, ਪੌਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀ ਅਤੇ ਅਧਿਆਪਕ ਨਾ ਸਿਰਫ ਬੂਟੇ ਲਾਉਣਗੇ ਬਲਕਿ ਇੰਨਾ ਨੂੰ ਪਾਲ ਕੇ ਰੁਖ ਬਨਾਉਣ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ।ਅਜ ਪੰਜਾਬ ਸਕਤਰੇਤ ਵਿਖੇ ਜੰਗਲਾਤ ਅਤੇ ਸਮਾਜਿਕ ਭਲਾਈ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨਾਲ ਮੀਟਿੰਗ ਦੌਰਾਨ ਸ੍ਰੀ ਚੰਨੀ ਨੇ ਦਸਿਆ ਕਿ ਜੰਗਲਾਤ ਮਹਿਕਮੇ ਦੀ ਮਦਦ ਨਾਲ ਚਲਾਈ ਜਾਣ ਵਾਲੀ ਇਸ ਮੁਹਿੰਮ ਦਾ ਮੁਖ ਮਕਸਦ ਵਧ-ਵਧ ਤੋਂ ਵਧ ਬੂਟੇ ਲਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਯਕੀਨੀ ਬਨਾਉਣਾ ਹੈ ਤਾਂ ਜੋ ਇਹ ਰੁਖ ਬਣ ਕੇ ਵਾਤਾਵਰਣ ਦੀ ਸੰਭਾਲ ਵਿਚ ਅਹਿਮ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਾਜ ਦੇ ਸਾਰੇ ਸਰਕਾਰੀ ਅਤੇ ਨਿਜੀ ਆਈ.ਟੀ.ਆਈਜ਼, ਪੌਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜਾਂ ਨੂੰ ਲਿਖਿਆ ਜਾ ਚੁਕਾ ਹੈ ਅਤੇ ਉਹ ਨਿਜੀ ਤੌਰ ‘ਤੇ ਇਸ ਮੁਹਿੰਮ ਦੀ ਕਾਮਯਾਬੀ ਲਈ ਹਰ ਸੰਭਵ ਯਤਨ ਕਰਨਗੇ।ਕੈਬਨਿਟ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਤੌਰ ‘ਤੇ ਦੇਖਣ ਵਿਚ ਆਇਆ ਹੈ ਕਿ ਬੂਟੇ ਤਾਂ ਲਗਾ ਦਿਤੇ ਜਾਂਦੇ ਹਨ ਪਰ ਸਾਂਭ-ਸੰਭਾਲ ਨਾ ਹੋਣ ਕਾਰਨ ਉਹ ਜਲਦੀ ਹੀ ਸੁਕ-ਸੜ ਜਾਂਦੇ ਹਨ ਜਿਸ ਸਿਰਫ ਨਾਲ ਸਮਾਂ, ਬੂਟਿਆਂ ਅਤੇ ਸਾਧਨਾਂ ਦੀ ਬਰਬਾਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਸਾਰੇ ਆਈ.ਟੀ.ਆਈਜ਼, ਪੌਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀ ਅਤੇ ਅਧਿਆਪਕ ਇੰਨ੍ਹਾਂ ਬੂਟਿਆਂ ਨੂੰ ਗੋਦ ਲੈ ਕੇ ਇੰਨ੍ਹਾਂ ਦੀ ਸਾਂਭ-ਸੰਭਾਲ ਯਕੀਨੀ ਬਨਾਉਣਗੇ।ਮੀਟਿੰਗ ਦੌਰਾਨ ਜੰਗਲਾਤ ਅਤੇ ਸਮਾਜਿਕ ਭਲਾਈ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਦਸਿਆ ਕਿ ‘ਹਰ ਵਿਦਿਆਰਥੀ ਤੇ ਅਧਿਆਪਕ ਪਾਲੇ ਇਕ ਰੁਖ‘ ਮੁਹਿੰਮ ਤਹਿਤ ਲੋੜੀਂਦੇ ਰੁਖਾਂ ਦੇ ਬੂਟੇ ਜੰਗਲਾਤ ਮਹਿਕਮੇ ਵਲੋਂ ਮੁਹਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋੜੀਂਦਾ ਸਰਵੇਖਣ ਇਕ ਹਫਤੇ ਅੰਦਰ ਕਰਵਾ ਲਿਆ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਆਈ.ਟੀ.ਆਈਜ਼, ਪੌਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜਾਂ ਕੋਲ ਖਾਲੀ ਪਏ ਵਧ ਤੋਂ ਵਧ ਥਾਵਾਂ ‘ਤੇ ਰੁਖ ਲਗਾਏ ਜਾਣ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਜੰਗਲਾਤ ਮਹਿਕਮੇ ਵਲੋਂ ਇਸ ਮੁਹਿੰਮ ਦੀ ਕਾਮਯਾਬੀ ਲਈ ਹਰ ਸੰਭਵ ਸਹਾਇਤਾ ਮੁਹਈਆ ਕਰਵਾਈ ਜਾਵੇਗੀ।