ਸਮਰਾਲਾ, 14 ਅਕਤੂਬਰ (ਕਮਲਜੀਤ)-ਲੋਕ ਲੰਘਰਸ਼ ਕਮੇਟੀ ਸਮਰਾਲਾ ਦੀ ਮੀਟਿੰਗ ਸੰਘਰਸ਼ ਕਮੇਟੀ ਦੇ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਕੁਲਵੰਤ ਸਿੰਘ ਤਰਕ ਕੋ-ਕਨਵੀਨਰ, ਭੁਪਿੰਦਰਪਾਲ ਸਿੰਘ, ਦਲੀਪ ਸਿੰਘ, ਦਲਜੀਤ ਸਿੰਘ, ਸੰਗਤ ਸਿੰਘ ਸੇਖੋਂ, ਜਗਤਾਰ ਸਿੰਘ, ਚੰਦ ਸਿੰਘ, ਰਜੇਸ਼ ਕੁਮਾਰ ਤੇ ਸੋਮ ਪ੍ਰਕਾਸ਼ ਨੇ ਹਿੱਸਾ ਲਿਆ। ਮੀਟਿੰਗ ‘ਚ ਸਮਰਾਲਾ ਸ਼ਹਿਰ ਅਤੇ ਇਲਾਕੇ ‘ਚ ਚੋਰੀਆਂ, ਲੁੱਟਾਂ ਖੋਹਾਂ ਅਤੇ ਵੱਖ ਤਰ੍ਹਾਂ ਦੀਆਂ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਕਿਉਂਕਿ ਚੋਰ ਤੇ ਲੁਟੇਰੇ ਦਿਨ ਦਿਹਾੜੇ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਤੇ ਜਿੰਦੇ ਤੋੜਕੇ ਲੱਖਾਂ ਰੁਪੈ ਦੀ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਜਾਂਦੇ ਹਨ। ਸਮਾਜ ਵਿਰੋਧੀ ਅਨਸਰ ਸ਼ਰੇਆਮ ਦਨਦਨਾਉਂਦੇ ਫਿਰਦੇ ਹਨ। ਲੋਕ ਸੰਘਰਸ਼ ਕਮੇਟੀ ਦੇ ਆਗੂ ਦੇ ਘਰੋਂ ਵੀ ਚੋਰਾਂ ਨੇ ਦਿਨ ਦਿਹਾੜੇ ਦਰਵਾਜ਼ੇ ਤੇ ਜਿੰਦੇ ਤੋੜਕੇ ਮਿਤੀ 12-09-13 ਨੂੰ ਡੇਢ ਲੱਖ ਦੇ ਕਰੀਬ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਤੇ ਬਾਅਦ ‘ਚ ਵੀ ਚੋਰੀਆਂ ਲੋਟਾਂ ਖੋਹਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ ਇਸ ਸਬੰਧੀ ਦੋਸੀਆਂ ਨੂੰ ਕਾਬੂ ਕਰਨ ਲਈ ਲੋਕ ਸੰਘਰਸ਼ ਕਮੇਟੀ ਵਲੋਂ ਪੁਲੀਸ ਦੇ ਸਬੰÎਧਿਤ ਕਰਮਚਾਰੀਆਂ, ਅਧਿਕਾਰੀਆਂ ਨੂੰ ਡੈਪੂਟੇਸਨ ਮਿਲਕੇ ਚੋਰਾਂ, ਲੁਟੇਰਿਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਗਈ ਪਰ ਅਜੇ ਤਕ ਸਮਰਾਲਾ ਪੁਲੀਸ ਵਲੋਂ ਦੋਸੀਆਂ ਨੂੰ ਕਾਬੂ ਕਰਨ ਲਈ ਢਿਲ ਮੱਠ ਹੀ ਦਿਖਾਈ ਜਾ ਰਹੀ ਹੈ ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ. ਡੀ. ਐਮ ਸਮਰਾਲਾ ਨੂੰ ਵੀ ਦੋ ਵਾਰ ਮਿਲਕੇ ਮੰਗ ਪੱਤਰ ਦਿੱਤਾ ਗਿਆ ਕਿ ਚੋਰਾਂ, ਲੁਟੇਰਿਆਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਐਸ. ਡੀ. ਐਮ ਸਮਰਾਲਾ ਵੱਲੋਂ ਮੰਗ ਪੱਤਰ ਐਸ. ਐਸ. ਪੀ. ਪੁਲੀਸ ਜ਼ਿਲ੍ਹਾ ਖੰਨਾ ਨੂੰ ਰਕਮੈਂਡ ਕਰਕੇ ਭੇਜਿਆ ਗਿਆ, ਪਰ ਸਮਰਾਲਾ ਪੁਲੀਸ ਦੇ ਕੰਨ ਤੇ ਜੂੰ ਨਹੀਂ ਸਰਕੀ ਸਗੋਂ ਮਿਲਣ ਤੇ ਇਹ ਕਹਿ ਕੇ ਸਾਰ ਦਿੰਦੇ ਹਨ, ਕਿ ਅਸੀਂ ਤਾਂ ਦੋਸੀਆਂ ਨੂੰ ਲੱਭਦੇ ਹਾਂ ਅੱਗੇ ਤੁਹਾਡੀ ਕਿਸਮਤ, ਜਦਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਤੇ ਦੋਸੀਆਂ ਨੂੰ ਕਾਬੂ ਕਰਨਾ ਪੁਲੀਸ ਦੀ ਜਿੰਮੇਵਾਰੀ ਹੈ। ਸ਼ਹਿਰ ‘ਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਨ ਕਰਕੇ ਲੋਕਾਂ ‘ਚ ਡਰ-ਭੈਅ ਤੇ ਬੇ-ਭਰੋਸਗੀ ਦਾ ਮਾਹੌਲ ਬਣਿਆ ਹੋਇਆ ਹੈ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਚੋਰਾਂ, ਲੁਟੇਰਿਆਂ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਾਉਣ ਲਈ 21 ਅਕਤੂਬਰ ਦਿਨ ਸੋਮਵਾਰ ਨੂੰ ਕੰਪਲੇਂਟ ਦਫਤਰ ਸਮਰਾਲਾ ਵਿਖੇ 11:30 ਵਜੇ ਲੋਕ ਸੰਘਰਸ਼ ਕਮੇਟੀ ਸਮਰਾਲਾ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਰੈਲੀ ਤੇ ਮੁਜਾਹਰਾ ਕੀਤਾ ਜਾਵੇਗਾ। ਸਮੁੱਚੇ ਸ਼ਹਿਰ ਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਚੋਰੀਆ ਲੁੱਟਾਂ ਖੋਹਾਂ, ਗੁੰਡਾਗਰਦੀ ਨੂੰ ਨੱਥ ਪਾਉਣ ਲਈ ਪੁਲੀਸ ਪ੍ਰਸ਼ਾਸ਼ਨ ਦੀ ਢਿੱਲਮੱਠ ਲਾਰੇ ਲੱਪੇ ਖਿਲਾਫ ਰੈਲੀ ਤੇ ਮੁਜਾਹਰੇ ‘ਚ ਪੁੱਜੋ।