ਰਾਮਪੁਰਾ ਫੂਲ, 26 ਜੂਨ (ਕੁਲਜੀਤ ਸਿੰਘ ਢੀਂਗਰਾ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਤੋਂ ਕਾਂਗਰਸ ਸਰਕਾਰ ਨੇ ਸੱਤਾ ਸੰਭਾਲੀ ਹੈ, ਉਸ ਸਮੇਂ ਤੋਂ ਹੀ ਸੂਬੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋਣਾ ਸ਼ੁਰੂ ਹੋਇਆ ਹੈ। ਸੂਬਾ ਪੱਧਰੀ ਵਿਸ਼ੇਸ਼ ਮੁਹਿੰਮ ਤਹਿਤ ਬੂਥ ਪੱਧਰ ’ਤੇ ਸ਼ੁਰੂ ਕੀਤੀ ਬੂਥ ਸੰਪਰਕ ਮੁਹਿੰਮ ਅਧੀਨ ਅੱਜ ਇੱਥੇ ਪੁੱਜੇ ਸ੍ਰ: ਗਰੇਵਾਲ ਨੇ ਕਿਹਾ ਕਿ ਥਾਣਿਆਂ ਵਿੱਚ ਬਲਾਤਕਾਰ ਵਰਗੀਆਂ ਘਟਨਾਵਾਂ ਅਤੇ ਵਿਧਾਨ ਸਭਾ ਵਿੱਚ ਸ਼ਰੇਆਮ ਪਗੜੀਆਂ ਉਛਾਲੇ ਜਾਣ ਵਰਗੀਆਂ ਘਟਨਾਵਾਂ ਨੇ ਸੂਬੇ ਦਾ ਨਾਮ ਸਿਰਫ਼ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਬਦਨਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੁਲਿਸ ਦਾ ਪੂਰੀ ਤਰਾਂ ਰਾਜਸੀਕਰਨ ਹੋ ਗਿਆ ਹੋਵੇ ਅਤੇ ਆਮ ਲੋਕਾਂ ਨੂੰ ਇਨਸਾਫ਼ ਹਾਸਿਲ ਕਰਨ ਲਈ ਥਾਂ-ਥਾਂ ਠੋਕਰਾਂ ਖਾਣੀਆਂ ਪੈ ਰਹੀਆਂ ਹੋਣ। ਉਨ੍ਹਾ ਕੇਂਦਰ ਸਰਕਾਰ ਦੀਆਂ ਉਪਲਬਧੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦਾ ਨਾਮ ਵਿਦੇਸ਼ਾਂ ਵਿੱਚ ਮਾਣਮੱਤੀ ਸਥਿਤੀ ਤੱਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਦੀ ਪਹਿਲੀ ਤਾਕਤ ਵਜੋਂ ਉਭਰੇ ਅਮਰੀਕਾ ਵਰਗੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਭਾਰਤ ਨੂੰ ਵਧੀਆ ਦੋਸਤ ਐਲਾਨਣ ਤੋਂ ਸਾਬਿਤ ਹੋਇਆ ਹੈ ਕਿ ਕਾਂਗਰਸ ਵੇਲੇ ਵਿਦੇਸ਼ਾਂ ਵਿੱਚ ਭਾਰਤ ਦੇ ਵੱਕਾਰ ਨੂੰ ਲੱਗੀ ਠੇਸ ਨੂੰ ਭਾਜਪਾ ਨੇ ਆਪਣੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਪੂਰੀ ਤਰ੍ਹਾਂ ਸੁਧਾਰ ਕੇ ਇੱਕ ਨਵੇਂ ਵੱਕਾਰ ਵਿੱਚ ਪਹੁੰਚਾਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਮੱਖਣ ਜਿੰਦਲ, ਸ਼ਹਿਰੀ ਆਗੂ ਸੰਜੇ ਤਨਵਰ, ਭਾਰਤ ਭੂਸ਼ਨ, ਮੇਜਰ ਸਿੰਘ ਗਿੱਲ, ਕੌਂਸਲਰ ਸੰਸਾਰੀ ਲਾਲ, ਅਮਰਨਾਥ ਕਕਲੀ, ਮੱਖਣ ਬੱਲੋ ਅਤੇ ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।