ਅਵਾਰਾ ਸਾਨ੍ਹਾਂ ਕਾਰਨ ਟ੍ਰੈਫਿਕ ਦੀ ਸਮੱਸਿਆ ਵਧੀ-ਦੁਕਾਨਦਾਰ ਪ੍ਰੇਸ਼ਾਨ

ਪ੍ਰਸ਼ਾਸਨ ਨੂੰ ਇਸ ਸਮੱਸਿਆ ਬਾਰੇ ਜਾਣੂੰ ਕਰਵਾਇਆ

ਜਲਾਲਾਬਾਦ 26 ਜੂਨ  (ਜੋਨੀ ਦਰਗਨ)-ਅਵਾਰਾ ਫਿਰਦੀਆਂ ਰਾਮ ਗਊਆਂ ਤੇ ਸਾਨ੍ਹਾਂ ਨੇ ਪਿੰਡਾਂ ਅਤੇ ਮੇਨ ਬੱਸ ਅੱਡਿਆ ਤੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ ਜਿਸ ਕਾਰਨ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਜਿੱਥੇ ਇਨ੍ਹਾਂ ਅਵਾਰਾ ਫਿਰਦੇ ਪਸ਼ੂਆਂ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਇਹ ਟ੍ਰੈਫ਼ਿਕ ਦੀ ਸਮੱਸਿਆ ’ਚ ਵੀ ਵਾਧਾ ਕਰ ਰਹੇ ਹਨ। ਜਾਣਕਾਰੀ ਅਨੁਸਾਰ ਪਿੰਡ ਸੁਖੇਰਾ ਬੋਦਲਾ ਦੇ ਦੁਕਾਨ ਦਾਰਾ ਤੇ ਵਸਨੀਕਾਂ ਨੇ ਦੱਸਿਆ ਕਿ ਉਨਾਂ ਦੇ ਬੱਸ ਅੱਡੇ ’ਤੇ ਸਵੇਰ ਤੇ ਸ਼ਾਮ ਤੱਕ ਕਈ ਜਵਾਰ ਤੇ ਬਾਜਰਾ ਆਦਿ ਦਾ ਹਰਾ ਚਾਰਾ ਵੇਚਣ ਲਈ ਕਿਸਾਨਾਂ ਵੱਲੋਂ ਟ੍ਰੈਕਟਰ-ਟਰਾਲੀਆਂ ਲਿਆਂਦੀਆਂ ਜਾਂਦੀਆਂ ਹਨ ਤੇ ਆਸ-ਪਾਸ ਦੇ ਪਿੰਡਾਂ ਵੱਲੋਂ ਇੱਥੋਂ ਪੱਠਿਆਂ ਦੀ ਖ਼ਰੀਦ ਕੀਤੀ ਜਾਂਦੀ ਹੈ। ਉਨ੍ਹਾ ਦੱਸਿਆ ਕਿ ਜਿਨ੍ਹਾ ਕਿਸਾਨਾਂ ਕੋਲ ਥੋੜੇ-ਬਹੁਤ ਪੱਠੇ ਰਹਿ ਜਾਂਦੇ ਹਨ। ਉਹ ਇੱਥੇ ਹੀ ਸੁੱਟ ਦਿੰਦੇ ਹਨ ਜਿਸ ਕਾਰਨ ਇੱਥੇ ਅਵਾਰਾ ਰਾਮ ਗਊਆਂ ਤੇ ਸਾਨ ਆ ਜਾਂਦੇ ਹਨ। ਜਿਸ ਕਾਰਨ ਸਥਾਨਕ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ’ਤੇ ਵਹੀਕਲਾਂ ਦੀਆਂ ਬ੍ਰੇਕਾਂ ਲੱਗ ਜਾਂਦੀਆਂ ਹਨ। ਉਨ੍ਹਾ ਦੱਸਿਆ ਕਿ ਇੱਥੇ ਹਰ ਰੋਜ਼ ਸਵੇਰ ਤੋ ਸ਼ਾਮ ਵੇਲੇ ਇੰਨੇ ਸਾਨ ਤੇ ਰਾਮ ਗਊਆਂ ਸੜਕ ’ਤੇ ਹੁੰਦੀਆਂ ਹਨ ਕਿ ਇੱਥੋਂ ਘਣਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾ ਇਹ ਵੀ ਦੱਸਿਆ ਕਿ ਕਈ ਵਾਰ ਰਾਮ ਗਊਆਂ ਤੇ ਸਾਨ ਆਪਸ ’ਚ ਲੜ ਪੈਂਦੇ ਹਨ ਜਿਸ ਕਾਰਨ ਆਸ-ਪਾਸ ਦੀਆਂ ਦੁਕਾਨਾਂ ’ਚ ਵੀ ਨੁਕਸਾਨ ਹੋ ਜਾਂਦਾ ਹੈ। ਉਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨਾਂ ਨੂੰ ਇਨਾਂ ਅਵਾਰਾ ਰਾਮ ਗਊਆਂ ਤੇ ਸਾਨਾਂ ਤੋਂ ਨਿਜ਼ਾਤ ਦਿਵਾਈ ਜਾਵੇ।

Send this to a friend