June 16, 2026 1:03 am

ਬੀਬਾ ਬਾਦਲ ਨੂੰ ਦੂਜੀ ਵਾਰ ਜਿਤਾਉਣ ਲਈ ਸਮੁੱਚੇ ਅਕਾਲੀ ਵਰਕਰ ਇੱਕਜੁਟ ਹੋਣ : ਸ. ਖਾਨ੍ਹਾ

ਤਲਵੰਡੀ ਸਾਬੋ, 10 ਅਕਤੂਬਰ (ਰਣਜੀਤ ਸਿੰਘ ਰਾਜੂ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਲੰਬੀ ਗੈਰਹਾਜਿਰੀ ਤੋਂ ਬਾਦ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਅਤੇ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਖਾਨ੍ਹਾ ਅੱਜ ਫਿਰ ਹਲਕੇ ਦੇ ਪਿੰਡ ਗੋਲੇਵਾਲਾ ਦੇ ਸਰਪੰਚ ਦੇ ਘਰ ਰੱਖੇ ਇੱਕ ਧਾਰਮਿਕ ਸਮਾਗਮ ਵਿੱਚ ਨਜਰ ਆਏ। ਭਾਂਵੇ ਸ.ਖਾਨ੍ਹਾ ਨੇ ਇਸ ਫੇਰੀ ਨੂੰ ਰਾਜਨੀਤੀ ਤੋਂ ਦੂਰ ਰੱਖਦਿਆਂ ਇਸਨੂੰ ਨਿੱਜੀ ਫੇਰੀ ਕਰਾਰ ਦਿੱਤਾ ਪ੍ਰੰਤੂ ਇਨ੍ਹਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਖਾਨ੍ਹਾ ਦੀ ਫੇਰੀ ਨਾਲ ਉਨ੍ਹਾਂ ਦੇ ਸਮੱਰਥਕਾਂ ਵਿੱਚ ਖੁਸ਼ੀ ਜਰੂਰ ਦਿਖਾਈ ਦਿੱਤੀ। ਇੱਥੇ ਦੱਸਣਾ ਬਣਦਾ ਹੈ ਕਿ ਸ੍ਰ.ਖਾਨ੍ਹਾ ਪਿੰਡ ਗੋਲੇਵਾਲਾ ਦੀ ਸਰਪੰਚ ਬੀਬੀ ਜਸਪ੍ਰੀਤ ਕੌਰ ਦੇ ਗ੍ਰਹਿ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਨ।ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਸੇ ਕਿਸਮ ਦੀ ਸਿਆਸੀ ਗੱਲ ਕਰਨ ਤੋਂ ਭਾਂਵੇ ਗੁਰੇਜ ਕੀਤਾ ਪ੍ਰੰਤੂ ਉਨ੍ਹਾਂ ਬਾਦਲ ਪਰਿਵਾਰ ਨਾਲ ਆਪਣੀ ਰਿਸ਼ਤੇਦਾਰੀ ਦੇ ਚਲਦਿਆਂ ਇਕੱਠੇ ਹੋਏ ਲੋਕਾਂ ਤੇ ਅਕਾਲੀ ਆਗੂਆਂ, ਵਰਕਰਾਂ ਨੂੰ ਇਹ ਅਪੀਲ ਜਰੂਰ ਕੀਤੀ ਕਿ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਦੂਜੀ ਵਾਰ ਜਿਤਾਉਣ ਲਈ ਇੱਕਜੁੱਟ ਜ਼ਰੂਰ ਹੋਣ ਤਾਂ ਕਿ ਉਹ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਨਾਲ ਜਿੱਤ ਹਾਸਿਲ ਕਰ ਸਕਣ। ਬਾਅਦ ਵਿੱਚ ਪੱਤਰਕਾਰਾਂ ਦੇ ਸਵਾਲ ਤੇ ਸ੍ਰ.ਖਾਨ੍ਹਾ ਨੇ ਕਿਹਾ ਕਿ ਉਹ ਸਰਪੰਚ ਦੇ ਪਤੀ ਜੱਗਾ ਸਿੰਘ ਦੇ ਨਿੱਜੀ ਬੁਲਾਵੇ ਤੇ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਨ ਉਨ੍ਹਾਂ ਦਾ ਇਸ ਪਿੱਛੇ ਕੋਈ ਸਿਆਸੀ ਮਨੋਰਥ ਨਹੀ ਹੈ। ਇਸ ਮੌਕੇ ਪ੍ਰਬੰਧਕਾਂ ਨੇ ਸ੍ਰ.ਖਾਨ੍ਹਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ।ਅੱਜ ਖਾਨ੍ਹਾ ਦੀ ਲੰਬੀ ਗੈਰਹਾਜਿਰੀ ਤੋਂ ਬਾਦ ਹਲਕੇ ਅੰਦਰ ਉਨ੍ਹਾਂ ਦੀ ਮੌਜੂਦਗੀ ਨਾਲ ਹਲਕੇ ਵਿਚਲੇ ਉਨ੍ਹਾਂ ਦੇ ਸਮੱਰਥਕ ਹੌਂਸਲੇ ਵਿੱਚ ਦਿਖਾਈ ਦਿੱਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਵਾਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਵਿੰਦਰ ਸਿੱਧੂ, ਕੌਂਸਲਰ ਰਣਜੀਤ ਮਲਕਾਣਾ,ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਵਿੰਦਰ ਸਿੰਘ ਭਾਗੀਵਾਂਦਰ, ਸੀਨੀਅਰ ਆਗੂ ਪ੍ਰੇਮ ਮਿੱਤਲ, ਯੂਥ ਆਗੂ ਪਾਲੀ ਗਿੱਲ ਆਦਿ ਆਗੂ ਹਾਜਿਰ ਸਨ।