June 16, 2026 3:45 pm

ਸਲਾਹਕਾਰਾਂ ਦੇ ਆਸਰੇ ਕਿਉਂ ਤੁਰਨ ਲੱਗੇ ਹਨ ਪ੍ਰਕਾਸ਼ ਸਿੰਘ ਬਾਦਲ?

ਪੰਜ ਵੇਰ ਪੰਜਾਬ ਦੇ ਮੁੱਖਮੰਤਰੀ  ਬਣੇ, ਗੁੜ੍ਹੇ ਹੋਏ ਸਿਆਸਤਦਾਨ ਪ੍ਰਕਾਸ਼  ਸਿੰਘ ਬਾਦਲ ਵਿਧਾਨ ਸਭਾ ‘ਚ ਬਹੁ ਸੰਮਤੀ  ਪ੍ਰਾਪਤ ਕਰਨ ਦੇ ਬਾਵਜੂਦ ਵੀ ਇਤਨੇ ਬੇਵਸ,ਮਜ਼ਬੂਰ  ਵਿਖਾਈ ਦੇ ਰਹੇ ਹਨ ਜਿਤਨੇ ਕਦੇ ਔਖਿਆਂ ਵੇਲਿਆਂ ‘ਚ ਵੀ ਨਹੀ ਦਿਖੇ। ਕੀ ਬਾਦਲ ਮੌਜੂਦਾ ਸਥਿਤੀ ਤੋਂ ਨਿਰਾਸ਼ ਹਨ? ਪਿੰਡ ਦੀ ਸਰਪੰਚੀ ਤੋਂ ਲੈਕੇ ਸਥਾਨਕ ਸਰਕਾਰਾਂ ਦੀਆਂ ਮੈਂਬਰੀਆਂ,ਚੇਅਰਮੈਨੀਆਂ ਵਿਧਾਨ ਸਭਾ ਦੀਆਂ ਮੈਂਬਰੀਆਂ ਹੰਢਾ ਚੁੱਕੇ, ਅਕਾਲੀ ਦਲ ਦੇ ਮੋਰਚਿਆਂ ‘ਚ ਵੱਡੀ ਸਫਲਤਾ  ਪ੍ਰਾਪਤ ਕਰਦੇ ਸਦਾ ਬੁਲੰਦੀਆਂ ‘ਤੇ ਪਹੁੰਚੇ ਵੱਡੇ ਬਾਦਲ ਪਤਾ ਨਹੀਂ ਕਿਵੇਂ ਫੌੜ੍ਹੀਆਂ  ਦੇ ਆਸਰੇ ਤੁਰਨ ਨੂੰ ਤਰਜ਼ੀਹ ਦੇਣ ਲੱਗੇ ਹਨ,ਜਦਕਿ ਉਹ ਸਦਾ ਹੀ ਤਾਕਤ ਪ੍ਰਾਪਤ  ਕਰਨ ਲਈ ਨੱਕ ਦੀ ਸੇਧੇ ਤੁਰਦਿਆਂ  ਕਦੇ ਵੀ ਪਿਛੇ ਮੁੜਕੇ ਨਹੀਂ ਦੇਖਦੇ ਰਹੇ,ਅਤੇ  ਬੇ ਅਸੂਲੇ ਅਮਲਾਂ ਨਾਲ ਸਮਝੌਤਾ ਵੀ ਨਹੀਂ ਕਰਦੇ ਰਹੇ। ਕੀ ਬਾਦਲ ਦੇ ਮਨ’ਚ ਕੋਈ ਡਰ ਬੈਠ  ਗਿਆ ਹੈ ਕਿ ਉਨਾਂ ਦੀ ਕੁਰਸੀ ਕੋਈ ਖੋਹ  ਲਵੇਗਾ ? ਸ਼ਾਇਦ ਇਸੇ ਕਰਕੇ ਉਨਾਂ ਨੂੰ ਦਲਜੀਤ  ਸਿੰਘ ਚੀਮਾ, ਮਹੇਸ਼ਇੰਦਰ ਸਿੰਘ, ਜਨਕਵੀਰ ਸਿੰਘ, ਕਮਲ ਉਸਵਾਲ, ਐਚ. ਐਸ ਬੈਂਸ, ਤੀਖਸ਼ਣ  ਸੂਦ ਜਿਹੇ ਦਰਜ਼ਨ ਭਰ ਸਲਾਹਕਾਰਾਂ ਦੀ ਲੋੜ  ਮਹਿਸੂਸ ਹੋਣ ਲੱਗ ਪਈ ਹੈ। ਜਿਸਦਾ  ਉਨਾਂ ਨੂੰ ਭਰਮ ਹੈ ਕਿ ਉਹ ਉਨਾਂ ਦੀ ਕੁਰਸੀ  ਸੁਰਖਿੱਅਤ ਰੱਖ ਸਕਦੇ ਹਨ। ਪਤਾ ਨਹੀਂ ਕਿਵੇਂ  ਬਾਦਲ ਸਾਹਿਬ, ਰਾਜਾ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਵਲੋਂ ਕੀਤੇ ਕਾਰਨਾਮਿਆਂ ਨੂੰ ਭੁੱਲ ਗਏ ਹਨ, ਜਿਸਨੇ  ਰਾਜੇ ਦੀ ਕੁਰਸੀ ਤਾਂ ਗਵਾਈ ਹੀ ਸੀ,ਤੇ ਉਸ  ਕਾਰਨ ਅਮਰਿੰਦਰ ਨੂੰ ਵੱਡਾ ਖਮਿਆਜ਼ਾ ਵੀ ਭੁਗਤਣਾ ਪਿਆ ਹੈ।
ਹੁਣ ਤਾਂ ਕੋਈ ਕੈਬਨਿਟ ਰੈਂਕ ਦਾ ਰਾਜਸੀ  ਸਲਾਹਕਾਰ,ਕੋਈ ਪ੍ਰੈਸ ਸਲਾਹਕਾਰ, ਕੋਈ ਉਪ  ਸਲਾਹਕਾਰ ਬਣਿਆ ਬੈਠਾ ਹੈ ਅਤੇ ਸਲਾਹਕਾਰਾਂ ਦੀ ਨਿਯੁੱਕਤੀ ਦਾ ਅਕਾਲੀ-ਭਾਜਪਾ ਸਰਕਾਰ  ‘ਚ ਇਹੋ ਜਿਹਾ ਰਿਵਾਜ਼ ਪਿਆ ਹੈ ਕਿ ਹਾਕਮ ਧਿਰ  ਦੇ ਨੇਤਾ ਲੋਕ ਸਲਾਹਕਾਰਾਂ ਬਿਨਾਂ ਕੋਈ ਕੰਮ  ਹੀ ਨਹੀਂ ਕਰਦੇ, ਸ਼ਾਇਦ ਉਹ ਸਮਝਣ ਲੱਗ  ਪਏ ਹਨ, ਆਰਾਮ ਕਰਨਾ ਜਰੂਰੀ ਹੈ, ਕੌਣ ਐਂਵੇ ਫਜ਼ੂਲ ਕੰਮਾਂ ਲਈ ਆਪਣਾ ਦਿਮਾਗ ਵਰਤਦਾ ਫਿਰੇ। ਇਨ੍ਹਾਂ ਸਲਾਹਕਾਰਾਂ ਦੀਆਂ ਤਨਖਾਹਾਂ, ਭੱਤਿਆਂ, ਟੋਹਰ ਟੱਪੇ ਦਾ ਖਜ਼ਾਨੇ ਉੱਤੇ ਐਨਾ ਭਾਰ ਪੈ ਰਿਹਾ ਹੈ ਕਿ ਪੰਜਾਬ ਦੇ ਕਰ ਦਾਤੇ ਇਸ ਬਾਰੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਜਿਨਾਂ੍ਹ ਨੂੰ ਪਹਿਲਾਂ ਹੀ ਸਰਕਾਰੀ ਅਫਸਰ ਸਾਹ ਨਹੀਂ ਲੈਣ ਦਿੰਦੇ, ਜਿਨਾਂ੍ਹ ਦੇ ਥੱਲੇ ਕੁਰਸੀ ਵੀ ਸਰਕਾਰੀ ਹੈ, ਉਪਰ ਲਟਕਦਾ ਪੱਖਾ ਵੀ ਸਰਕਾਰੀ ਹੈ, ਏਅਰ ਕੰਡੀਸ਼ਨ ਵੀ ਸਰਕਾਰੀ ਖਜ਼ਾਨੇ ਦੀ ਦੇਣ ਹੈ, ਟੂਟੀ ਦਾ ਪਾਣੀ ਵੀ ਸਰਕਾਰੀ ਹੈ ਅਤੇ ਕੁਰਸੀ ਉੱਤੇ ਰੱਖਿਆ ਪਸੀਨਾ ਪੂੰਝਣ ਲਈ ਚਿੱਟਾ ਤੋਲੀਆ ਵੀ ਸਰਕਾਰੀ ਹੈ। ਵੱਡੇ ਬਾਦਲ ਦੀ ਪ੍ਰੇਸ਼ਾਨੀ , ਬੇਬਸੀ  ਦਾ ਕਾਰਨ ਪੰਜਾਬੀਆਂ ਨੂੰ ਸਮਝ ਨਹੀਂ ਆ ਰਿਹਾ।  ਭਾਜਪਾ ਨਾਲ ਰਾਜਸੀ ਸਾਂਝ ਦੀ ਮਜਬੂਰੀ ਤਾਂ ਸਭ ਨੂੰ ਸਮਝ ਆਉਂਦੀ ਹੈ, ਪਰ ਚਰਚਿਤ  ਫਿਰਕਾਪ੍ਰਸਤ ਮੋਦੀ ਨੂੰ “ਸਿਰਦਾਰ” ਕਹਿਣ ਦੀ ਕੀ ਮਜ਼ਬੂਰੀ ਹੈ? ਉਹੀ ਬਾਦਲ ਸਾਹਿਬ ਜਿਹੜੇ 1984’ਚ ਸਿੱਖਾਂ ਦੇ ਕਤਲੇਆਮ ਕਰਨ ਵਾਲੇ ਜਾਨਵਰ  ਵਿਰਤੀ ਵਾਲੇ ਕਾਂਗਰਸੀਆਂ ਨੂੰ ਨਹੀਂ ਬਖਸ਼ਦੇ, ਉਹ ਮੁਸਲਮਾਨਾਂ ਦੇ ਕਤਲੇਆਮ ਦਾ ਦੋਸ਼  ਝੱਲ ਰਹੇ ਮੁੱਖਮੰਤਰੀ ਮੋਦੀ ਨੂੰ ਗਲਵਕੜੀਆਂ ਕਿਉਂ ਪਾ ਰਹੇ ਹਨ ? ਕੀ ਸਚਮੁੱਚ ਉਹ  ਚਾਹੁੰਦੇ ਹਨ ਕਿ ਐਡਾ ਵੱਡਾ ਦੋਸ਼ ਝੱਲ  ਰਿਹਾ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ  ਬਣੇ ? ਅਸਲ ‘ਚ ਬਾਦਲਾਂ ਦੀ ਰਹਿਨੁਮਾਈ  ਹੇਠਲਾ ਅਕਾਲੀ ਦਲ ਤਾਂ ਇੱਕ ਲੁਕਵਾਂ ਅਜੰਡਾ  ਲੈ ਕੇ ਤੁਰ ਰਿਹਾ ਹੈ। ਉਹ ਅਜੰਡਾ  ਹੈ , ਹਰ ਹੀਲਾ ਵਸੀਲਾ ਵਰਤਕੇ ਤਾਕਤ ਹਥਿਆਈ  ਜਾਵੇ ਅਤੇ ਤਾਕਤ ਬਣਾਕੇ ਰੱਖੀ ਜਾਵੇ।ਤਾਕਤ  ਹਥਿਆਉਣ ਲਈ ਸਾਮ,ਦਾਮ, ਦੰਡ, ਭੇਦ ਦਾ ਹਥਿਆਰ ਵਰਤਣ ਤੋਂ ਬਾਦਲ ਪਰਿਵਾਰ ਨੇ ਕਦੇ  ਸੰਕੋਚ ਨਹੀਂ ਕੀਤਾ ਅਤੇ ਸ਼੍ਰੋਮਣੀ ਅਕਾਲੀ  ਦਲ’ਚ ਜਿਸ ਕਿਸੇ ਵੀ ਆਪਣੀ ਨਿਵੇਕਲੀ  ਹੋਂਦ ਦਰਸਾਉਣ ਦੀ ਕੋਸ਼ਿਸ਼ ਕੀਤੀ, ਉਸ  ਨੂੰ ਹੀ ਕੈਪਟਨ ਕੰਵਲਜੀਤ ਸਿੰਘ , ਬਲਵਿੰਦਰ  ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ, ਕੁਲਦੀਪ ਸਿੰਘ ਵਡਾਲਾ ਵਾਂਗਰ ਖੂੰਜੇ ਲਗਾ ਦਿੱਤਾ  ਗਿਆ ਅਤੇ ਸਿਰ ਨਹੀਂ ਚੁੱਕਣ ਦਿੱਤਾ  । ਬਾਦਲਾਂ ਤੇ ਉਨਾਂ ਦੇ ਨਜ਼ਦੀਕੀਆਂ ਨੇ ਲੋਕਤੰਤਰ  ਦੇ ਚੌਥੇ ਥੰਮ “ਅਜ਼ਾਦ ਪ੍ਰੈਸ” ਨੂੰ ਕਬਜ਼ੇ ‘ਚ ਲੈਣ  ਜਾਂ ਪ੍ਰਭਾਵਤ ਕਰਨ ਦਾ ਪੂਰਾ ਯਤਨ ਕੀਤਾ ਹੋਇਆ ਹੈ, ਪੰਜਾਬ ਵਿਚਲੀ “ਕੇਬਲ” ਨੂੰ ਖਰੀਦਕੇ, ਅਤੇ  ਆਪਣੇ ਵਿਰੋਧ ‘ਚ ਕੰਮ ਕਰਦੇ ਅਜ਼ਾਦ “ਡੇ ਐਂਡ ਨਾਈਟ” ਚੈਨਲ ਨੂੰ ਬੰਦ ਕਰਨ ਲਈ ਉਨਾਂ ਹਰ ਹੀਲਾ ਹਰਬਾ ਵਰਤਿਆ।ਅਤੇ ਹੁਣ ਪ੍ਰੈਸ ਵਿਚੋਂ ਕੁਝ ਲੋਕਾਂ ਨੂੰ ਆਪਣੇ ਵੱਸ ਕਰਨ ਜਾਂ ਆਪਣੇ ਲਈ ਕੰਮ ਕਰਨ ਨੂੰ ਮਨਾਉਣ ਲਈ ਇਹੋ ਜਿਹੇ ਅਧਿਕਾਰੀਆਂ ਦੀਆਂ ਸੇਵਾਵਾਂ ਲਈਆਂ ਜਾਂ ਲਈਆਂ ਜਾ ਰਹੀਆ ਹਨ, ਜਿਹੜੇ ਇਹ ਦਸਦੇ ਫਿਰਨ ਕਿ ਪੰਜਾਬ ‘ਚ ਸਭ ਕੁਝ “ਚੰਗਾ ਚੰਗਾ” ਹੈ, “ਹਰਾ ਹਰਾ” ਹੈ। ਇਹੋ ਕੁਝ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੰਸੀ ਲਗਣ ਵੇਲੇ ਜਾਂ ਬਾਅਦ ‘ਚ ਕੀਤਾ ਸੀ।ਇਹੋ ਕਾਰਨ ਹੈ ਕਿ ਪੰਜਾਬ ਦੇ ਅਖਬਾਰਾਂ ‘ਚ ਨਿੱਤ ਦਿਨ ਹਾਕਮਾਂ ਦੇ ਵੱਡੇ ਵੱਡੇ ਬਿਆਨ, ਵੱਡੀਆਂ ਵੱਡੀਆਂ ਪ੍ਰਾਪਤੀਆਂ ਦੀਆਂ ਖਬਰਾਂ ਕੁਝ ਅਖਬਾਰਾਂ ‘ਚ ਮੂਹਰਲੇ ਪੰਨਿਆਂ ਤੇ ਛਪਦੀਆਂ ਹਨ ਜਦਕਿ ਸਰਕਾਰ ਦੀ ਆਪ੍ਰਾਪਤੀ, ਨਲਾਇਕੀ ,ਅਣਗਿਹਲੀ ਦੀਆਂ ਖਬਰਾਂ ਨੂੰ ਅਖਬਾਰਾਂ ‘ਚ ਕੋਨਿਆਂ ‘ਚ ਹੀ ਡੱਕ ਦਿਤਾ ਜਾਂਦਾ ਹੈ। ਇਹ ਸਭ ਪ੍ਰੈਸ ਸਲਾਹਕਾਰਾਂ ਦੀ ਦੇਣ ਹੈ, ਜਿਹੜੇ ਕੁਝ ਅਖਬਾਰਾਂ ਦੇ ਦਫਤਰਾਂ’ਚ ਬੈਠਕੇ ਖਬਰਾਂ ਐਡਿਟ ਕਰਦੇ ਵੇਖੇ ਗਏ ਹਨ ਅਤੇ ਸਰਕਾਰੀ ਖਬਰਾਂ “ਪੇਡ” [ਮੁਲ ਖਰਚਕੇ] ਖਬਰਾਂ ਵਜੋਂ ਲਗਾਉਣ ਲਈ ਚੰਗਾ ਨਾਮਣਾ ਖੱਟ ਚੁੱਕੇ ਹਨ ਅਤੇ ਇਹ ਅਖਬਾਰਾਂ ਦਿਨਾਂ’ਚ ਹੀ ਸਰਕਾਰੀ ਇਸ਼ਤਿਹਾਰਾਂ ਨਾਲ ਮਾਲੋਮਾਲ਼ ਹੋ ਰਹੀਆਂ ਹਨ। ਪੰਜਾਬ ‘ਚ ਲਾਗੂ ਕੀਤੇ ਗਏ ਸਰਵਿਸ ਐਕਟ ਅਧੀਨ ਕੀਤੇ ਕੰਮਾਂ ਦੀਆਂ ਖਬਰਾਂ ਤਾਂ ਛਪਦੀਆਂ ਹਨ, ਪਰ “ਸੁਵਿਧਾ ਕੇਂਦਰਾਂ” ‘ਚ ਹੁੰਦੇ ਭ੍ਰਿਸ਼ਟਾਚਾਰ ਅਤੇ ਅਫਸਰਾਂ ਵਲੋਂ ਚੋਰ ਮੋਰੀਆਂ ਰਾਹੀਂ ਕੀਤੇ ਜਾਂਦੇ ਕੰਮਾਂ ਦੀ ਕੋਈ ਖਬਰ ਹੀ ਨਹੀ ਛਪਦੀ । ਜਿਹੜੀਆਂ ਇਹ ਦਰਸਾਉਂਦੀਆਂ ਹਨ ਕਿ ਪੰਜਾਬ ਸਰਕਾਰ ਦੇ ਦਫਤਰਾਂ ‘ਚੋਂ ਆਰ.ਟੀ.ਆਈ. ਐਕਟ ਅਧੀਨ ਸਹੀ ਸੂਚਨਾ ਪ੍ਰਾਪਤ ਕਰਨੀ ਖਾਲਾ ਜੀ ਦਾ ਵਾੜਾ ਨਹੀਂ। ਸਰਵਿਸ ਐਕਟ ਅਧੀਨ ਸੁਵਿਧਾ ਕੇਂਦਰਾਂ ਰਾਹੀਂ ਕੀਤੇ ਕੰੰਮਾਂ ‘ਚ ਕਿੰਨੀਆਂ ਉਣਤਾਈਆਂ ਹਨ ਤੇ ਮਿਥੇ ਸਮੇਂ ‘ਤੇ ਸਿਰਫ 10% ਕੰਮ ਹੀ ਨੇਪਰੇ ਚਾੜ੍ਹੇ ਜਾਂਦੇ ਹਨ, ਬਾਕੀ 90% ਕੰਮਾਂ ਲਈ ਨੀਅਤ ਸਮੇਂ ਤੋਂ ਪੰਜ ਗੁਣਾ ਵੱਧ ਸਮਾਂ ਲਗਦਾ ਹੈ ਜਾਂ ਬਹਾਨੇ ਬਣਾ ਕੇ ਅਫਸਰਾਂ ਵਲੋਂ ਕੰਮ ਕੀਤਾ ਨਹੀਂ ਜਾਂਦਾ ? ਪੰਜਾਬ ਦਾ ਟਰਾਂਸਪੋਰਟ ਦਾ ਕੰਮ  ਪ੍ਰਾਈਵੇਟ ਕਰਕੇ ਹਾਕਮ ਜਮਾਤ ਦੇ ਕੁਝ ਨੇਤਾਵਾਂ ਦੇ ਹੱਥ ਸੌਂਪ ਦਿਤਾ ਗਿਆ ਹੈ, ਬਿਲਕੁਲ ਇਸੇ ਤਰ੍ਹਾਂ ਹੀ ਸ਼ਰਾਬ ਦੇ ਠੇਕਿਆਂ ਦੀ “ਮਨਾਪਲੀ” ਕੁਝ  ਲੋਕਾਂ ਕੋਲ ਹੈ। ਸੜਕਾਂ ਤੇ ਟੋਲ ਟੈਕਸ ਦਾ ਕਾਰੋਬਾਰ ਵੱਧ ਫੁਲ ਰਿਹਾ ਹੈ, ਅਤੇ  ਬਿਨਾਂ ਚੰਗੀਆਂ ਸੜਕੀ ਸਹੂਲਤਾਂ ਦੇ ਇਥੋਂ ਲੋਕਾਂ ਤੋਂ ਜਜ਼ੀਆ ਵਸੂਲਿਆ ਜਾ ਰਿਹਾ ਹੈ।ਕਈ ਹਾਲਤਾਂ ਵਿੱਚ ਤਾਂ ਸੜਕਾਂ\ਪੁਲ ਉੱਤੇ ਲਾਗਤ ਰਕਮ ਪੂਰੀ ਹੋਣ ਉਪਰੰਤ ਵੀ ਟੋਲ ਟੈਕਸ “ਠੇਕੇਦਾਰਾਂ” ਦੀ ਝੋਲੀ ਪੈਂਦਾ ਰਹਿੰਦਾ ਹੈ, ਜੋ ਸਿੱਧਿਆਂ ਹੀ ਲੋਕਾਂ ਦੀ ਲੁੱਟ ਖਸੁੱਟ ਦਾ ਇੱਕ ਬੱਝਵਾਂ ਅਤੇ ਸੌਖਾ ਢੰਗ ਹੈ।
ਬਾਦਲ ਸਾਹਿਬ ਕੋਲ ਇਸ  ਗੱਲ ਦਾ ਕੀ ਜਵਾਬ ਹੈ ਕਿ ਬਿਨ੍ਹਾਂ ਜ਼ਰੂਰਤ  ਉਨਾਂ ਮੁੱਖ ਪਾਰਲੀਮਾਨੀ ਸਕੱਤਰਾਂ ਦੀ ਫੌਜ  ਦੀ ਭਰਤੀ ਕੀਤੀ ਹੋਈ ਹੈ, ਜੋ ਲੋਕਾਂ ਦੇ ਟੈਕਸਾਂ  ਨਾਲ ਬਿਨ੍ਹਾਂ ਕੰਮ ਤੋਂ ਸਰਕਾਰੀ ਖਜ਼ਾਨੇ  ‘ਤੇ ਬੋਝ ਬਣੇ ਹੋਏ ਹਨ। ਹਾਕਮ ਧਿਰ  ਵਲੋਂ ਅਸੰਬਲੀ ‘ਚ ਹਾਰੇ ਹੋਏ ਉਮੀਦਵਾਰਾਂ  ਜਿਨਾਂ੍ਹ ਵਿੱਚ ਕਪੂਰਥਲੇ’ਚ ਸਰਬਜੀਤ ਸਿੰਘ ਮੱਕੜ, ਫਤਿਹਗੜ੍ਹ’ਚ ਪ੍ਰੇਮ ਸਿੰਘ ਚੰਦੂਮਜਾਰਾ, ਪਟਿਆਲੇ’ਚ ਡੇਰਾਬਸੀ ਵਾਲਾ ਦੀਪਿੰਦਰ  ਸਿੰਘ ਢਿਲੋ, ਖੰਨੇ’ਚ ਰਣਜੀਤ ਸਿੰਘ ਤਲਵੰਡੀ,ਬਰਨਾਲੇ’ਚ ਪਿਛਲੀ ਬਾਦਲ ਸਰਕਾਰ ਦੇ ਸਮੇਂ ਦਾ ਸਭ ਤੋਂ  ਵੱਡਾ “ਗੁਰੂ” ਘਾਗ ਅਫਸਰ ਦਰਬਾਰਾ ਸਿੰਘ ਗੁਰੂ ,ਸਨੌਰ’ਚ ਤਜਿੰਦਰਪਾਲ ਸਿੰਘ ਸੰਧੂ ਨੂੰ ਲੋਕਾਂ ਉਤੇ ਗੈਰ-ਲੋਕ ਤੰਤਰਰਿਕ ਢੰਗ ਨਾਲ  ਰਾਜ ਕਰਨ ਦੇ ਅਧਿਕਾਰ ਦਿਤੇ ਹੋਏ ਹਨ ਜਿਹੜੇ  ਆਪ ਹੀ ਤਹਿਸੀਲਦਾਰ ,ਆਪ ਹੀ ਥਾਣੇਦਾਰ  ਬਣੇ ਹੋਏ ਹਨ । ਸੰਗਤ ਦਰਸ਼ਨ ਦੇ ਨਾਮ  ਉੱਤੇ ਸਰਕਾਰੀ ਖਜ਼ਾਨੇ ‘ਚੋਂ ਬਿਨਾਂ ਲੋੜੋਂ  ਪਿੰਡਾਂ ਦੀਆਂ ਪੰਚਾਇਤਾਂ ਤੇ ਆਪਣੇ ਚਹੇਤਿਆਂ  ਨੂੰ ਗੈਰ ਸਰਕਾਰੀ ਰਜਿਸਟਰਡ ਸੰਸਥਾਵਾਂ  ਰਾਹੀ ਬਿਨਾਂ ਯੋਜਨਾ ਤੋਂ ਗ੍ਰਾਂਟਾਂ ਦੇ ਗੱਫੇ ਦਿਤੇ ਜਾ ਰਹੇ ਹਨ , ਜਿਨਾਂ ਦਾ ਹਿਸਾਬ ਕਿਤਾਬ  ਵੀ ਫਿਜੀਕਲ ਤੌਰ ਤੇ ਲੈਣ ਦੀ ਜ਼ਹਿਮਤ  ਵੀ ਸਰਕਾਰ ਵਲੋਂ ਨਹੀਂ ਉਠਾਈ ਜਾਂਦੀ।  ਰਾਜਸੀ ਸਲਾਹਕਾਰਾਂ ਦੀ ਫੌਜ ਅਤੇ ਫਿਰ  ਪ੍ਰੈਸ ਸਲਾਹਕਾਰਾਂ ਦੀ ਮੰਡਲੀ ਆਪਣੇ ਦਰ ਉੱਤੇ ਬਿਠਾ ਰੱਖੀ ਹੈ, ਜਿਹੜੀ ਸਰਕਾਰੀ “ਰਸਗੁੱਲੇ” ਖਾਂਦੀ ਹੈ, ਬਾਦਲਾਂ ਦੇ ਗੁਣ ਗਾਉਂਦੀ  ਹੈ, ਅਤੇ ਘਰਾਂ ਨੂੰ ਨੋਟਾਂ ਦੀਆਂ ਥੱਦੀਆਂ ਲੈ ਜਾਂਦੀ ਹੈ । ਐਡਵੋਕਟ ਜਨਰਲ ਦਫਤਰ ‘ਚ ਸੈਂਕੜੇ ਅਸਿਸਟੈਂਟ , ਡਿਪਟੀ ਐਡਵੋਕੇਟ ਜਰਨੈਲਾਂ ਦੀ ਟੀਮ ਬਿਨਾਂ ਕੰਮ ਤੋਂ ਬਿਠਾਈ ਹੋਈ ਹੈ । ਘਾਟੇ ਵਾਲੀਆਂ ਕਾਰਪੋਰੇਸ਼ਨਾਂ, ਬੋਰਡਾਂ  ਨੂੰ ਹੁਣ ਤੱਕ ਵੀ ਕਾਇਮ ਰੱਖਿਆ ਹੋਇਆ ਹੈ ਤੇ ਮੁਫਤ ਦੀਆਂ ਰੋਟੀਆਂ ਛਕਣ ਵਾਲੇ ਚੇਅਰਮੈਨ, ਉਪਚੇਅਰਮੈਨ ਮੈਂਬਰ ਲਾਕੇ ਕਰੋੜਾਂ ਰੁਪਏ  ਦਾ ਚੂਨਾ ਸਰਕਾਰੀ ਖਜ਼ਾਨੇ ਨੂੰ ਲਗਾਇਆ  ਜਾ ਰਿਹਾ ਹੈ ।ਪੰਜਾਬ ‘ਚ ਲੁੱਟ ਪਾਉਣ ਵਾਲੇ ਰੇਤ, ਬਜਰੀ ਦੇ ਖਨਣ ਮਾਫੀਏ ਨੂੰ ਖੁਲ੍ਹੀ  ਛੁੱਟੀ ਦੇ ਰੱਖੀ ਹੈ । ਨਸ਼ਿਆਂ ਦੇ ਵਿਉਪਾਰੀਆਂ ਨੂੰ ਠੱਲ ਪਾਉਣ ਦਾ ਉਪਰਾਲਾ ਨਹੀਂ ਕੀਤਾ ਜਾ ਰਿਹਾ । ਪ੍ਰਵਾਸੀ ਵੀਰਾਂ ਦੀ ਜਾਇਦਾਦ  ਲੁੱਟਣ ਲਈ ਸਰਗਰਮ ਭੂ-ਮਾਫੀਏ, ਪੁਲਿਸ  ਅਫਸਰਾਂ ਨੂੰ ਨੱਥ ਪਾਉਣ ਦਾ ਯਤਨ  ਨਹੀਂ ਹੁੰਦਾ । ਚੋਣਾਂ ‘ਚ ਪੈਸੇ, ਨਸ਼ੇ, ਧੱਕੇ ਧੌਂਸ ਦੀ ਵਰਤੋਂ ਨੂੰ ਹੀ ਤਰਜ਼ੀਹ ਦਿਤੀ ਜਾ ਰਹੀ ਹੈ, ਜਦਕਿ ਲੋਕ ਹਿੱਤਾਂ ਦੀ ਰਾਖੀ ਕਰਨ ਵਾਲਾ ਸਮੂੰਹ ਬਣਕੇ, ਸ਼ਰੋਮਣੀ ਅਕਾਲੀ ਦਲ ਸਦਾ ਲੋਕ ਮਸਲਿਆਂ ਦਾ ਹੱਲ ਕਰਦਾ ਆਇਆ ਹੈ, ਤੇ ਪ੍ਰਕਾਸ਼ ਸਿੰਘ ਬਾਦਲ ਲੰਮੇ ਸਮੇਂ ਤੋਂ ਇਨਾਂ ਲੋਕਾਂ ਦੀ ਅਗਵਾਈ ਕਰਦੇ ਰਹੇ ਹਨ । ਕੁਰਬਾਨੀਆਂ ਕਰਨ ਵਾਲੇ ਪਾਰਟੀ ਵਰਕਰਾਂ ਨੂੰ ਪਿੱਛੇ ਸੁੱਟਕੇ, ਅਮੀਰ ਵਰਗ ਦੇ ਲੋਕਾਂ ਨੂੰ ਹੀ ਇਲਾਕਿਆਂ ਦੇ “ਸੂਬੇਦਾਰ” ਬਣਾਕੇ ਆਮ ਲੋਕਾਂ ਨਾਲ ਬੇਇਨਸਾਫੀ ਕਰਨ ਦਾ ਮੁੱਢ ਬੰਨਿਆ ਜਾ ਰਿਹਾ ਹੈ । ਪੰਜਾਬ ਦੇ ਦਫਤਰਾਂ ‘ਚ ਡੇਢ ਲੱਖ ਅਸਾਮੀਆਂ ਭਰਨ ਦਾ ਚੋਣ ਮੈਨੀਫੈਸਟੋ ‘ਚ ਵਾਅਦਾ ਕਰਕੇ ਬਾਦਲ ਸਾਹਿਬ ਡੰਗ ਟਪਾਊ ਅਫਸਰਾਂ ਦੀ ਭਰਤੀ ਜਾਂ ਫਿਰ ਮਹਿਕਮਿਆਂ ਦਾ ਪੁਨਰਗਠਨ ਕਰਕੇ ਜਾਂ ਵਾਧੂ ਅਸਾਮੀਆਂ ਇਧਰ ਉਧਰ ਕਰਕੇ ਨੌਜਵਾਨਾਂ ਨਾਲ ਕੀਤੇ ਇਕਰਾਰ ਤੋਂ ਮੁਕਰ ਰਹੇ ਹਨ। ਦੁਖਿਆਰਿਆਂ ਦੇ ਹਾਮੀ ਬਾਦਲ, ਮਹਿੰਗਾਈ ਦੇ ਇਸ ਔਖੇ ਵੇਲੇ 250 ਰੁਪਏ ਦੀ ਬੁਢਾਪਾ ਪੈਨਸ਼ਨ ਦੇ 500 ਰੁਪਏ ਤੱਕ ਵਧਾਉਣ ਦੇ ਵਾਇਦੇ ਨੂੰ ਵਫਾ ਨਾ ਕਰਕੇ ਉਹ ਆਪਣੀ ਉਮਰ ਦੇ ਬਜ਼ੂਰਗਾਂ ਨਾਲ ਬੇਇਨਸਾਫੀ ਕਰ ਰਹੇ ਹਨ।
ਪਿੰਡਾਂ ਦੀਆਂ ਕੱਚੀਆਂ ਨਾਲੋਂ  ਵੀ ਭੈੜੀਆਂ ਪੱਕੀਆ ਸੜਕਾਂ, ਪਿੰਡਾਂ ਦੇ ਬਦਬੂ ਮਾਰਦੇ ਲਾਇਲਾਜ ਬੀਮਾਰੀਆਂ ਪੈਦਾ ਕਰਦੇ ਛੱਪੜ ਅਤੇ ਪਿੰਡਾਂ ਦੇ ਗਰੀਬ ਗੁਰਬੇ ਜੀਊੜੇ , ਪਿੰਡਾਂ ਦੇ ਅਲੰਬਰਦਾਰ ਕਹਾਏ ਜਾਣ  ਵਾਲੇ “ਬਾਦਲ” ਤੋਂ ਬਿਨਾਂ ਕਿਸ ਨੂੰ ਆਪਣੇ  ਦੁਖੜੇ ਸੁਨਾਉਣ, ਕਿਸ ਅੱਗੇ ਕੀਰਨੇ  ਪਾਉਣ, ਕਿਸ ਨਾਲ ਆਪਣੀਆਂ ਸੋਚਾਂ ਵਲਵਲੇ  ਸਾਂਝੇ ਕਰਨ ? ਪੰਜਾਬ ਦੇ “ਰਾਜੇ ਸਿਆਸਤਦਾਨ” ਅਮਰਿੰਦਰ ਨਾਲ ਜੀਹਨੂੰ ਮਹਿਲਾਂ ਤੋਂ  ਬਾਹਰ ਝਾਕਣ ਦੀ ਫੁਰਸਤ ਹੀ ਨਹੀਂ ਜਾਂ ਪੰਜਾਬ  ਦੇ ਕਾਮਰੇਡਾਂ ਨਾਲ, ਜਿਹੜੇ ਲੋਕਾਂ ਨੂੰ ਛੱਡ  ਆਪੋ ਆਪਣੇ ਘੁਰਨਿਆਂ ‘ਚ ਜਾ ਵੜੇ ਹਨ ਜਾਂ ਮਨਪ੍ਰੀਤ ਸਿੰਘ ਬਾਦਲ ਨਾਲ, ਜਿਹੜਾ ਬੌਂਦਲਿਆ ਹੋਇਆ ਕਦੇ ਕਾਂਗਰਸ ਨੂੰ ਜੱਫੀਆਂ ਪਾਉਣ  ਲਈ ਕਾਹਲਾ ਹੈ ਅਤੇ ਕਦੇ ਖੱਬਿਆਂ ਨਾਲ ਗਲਵਕੜੀਆਂ ਪਾਉਣ ਨੂੰ। ਅਕਾਲੀ-ਭਾਜਪਾ ਸਰਕਾਰ ਵਲੋਂ ਜਿਵੇਂ ਨੀਂਹ ਪੱਥਰੀ ਇਸ਼ਤਿਹਾਰੀ ਵਿਕਾਸ  ਦਾ ਬੀੜਾ ਚੁੱਕਿਆ ਹੋਇਆ ਹੈ, ਉਹ ਪੰਜਾਬ  ਦੀਆਂ ਜ਼ਮੀਨੀ ਹਕੀਕਤਾਂ ਜਾਨਣ ਵਾਲੇ, ਪੰਜਾਬ  ਦੇ ਲੋਕਾਂ ਦੀਆ ਸਮੱਸਿਆਵਾਂ ਤੋਂ ਜਾਣੂ, ਪੰਜਾਬ ਦੇ ਚੱਪੇ ਚੱਪੇ ਤੋਂ ਵਾਕਫ ਅਨੁਭਵੀ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਾ ਕਾਰ ਗੁਜ਼ਾਰੀ ਉਤੇ ਪ੍ਰਸ਼ਨ ਚਿੰਨ ਲਗਾਉਂਦਾ ਹੈ। ਇਵੇਂ ਜਾਪਣ ਲੱਗਾ ਹੈ ਕਿ ਆਪਣੀਆਂ  ਮਨ-ਆਈਆਂ ਕਰਨ ਦੀ ਹੋੜ੍ਹ ‘ਚ ਉਹ ਪੰਜਾਬ  ਦੇ ਲੋਕਾਂ ‘ਚ ਵਿਚਰਦੇ ਹੋਏ ਵੀ ਉਨਾਂ ਨੂੰ ਭੁਲ  ਗਏ ਹਨ ਅਤੇ ਸਿਰਫ ਸਲਾਹਕਾਰਾਂ ਦੀ ਫੌਜ ਦੀ ਹੱਥਾਂ ਦੀ ਕਠਪੁਤਲੀ ਹੀ ਬਣ ਗਏ ਹਨ। ਇਹ ਵੀ ਜਾਪਣ ਲੱਗ ਪਿਆ ਹੈ ਜਿਵੇਂ ਬਾਦਲ ਸਾਹਿਬ ਓਪਰੇ ਧਨ ਨਾਲ ਆਪ ਹੱਥ ਨਾ ਰੰਗਕੇ, ਇਨਾਂ੍ਹ ਸਲਾਹਕਾਰਾਂ ਨੂੰ ਝੋਲਾ ਚੁੱਕਣ ਲਈ ਵਰਤਣ ਲੱਗ ਪਏ ਹਨ। ਕੀ ਸਚਮੁੱਚ ਦ੍ਰਿੜ ਇਰਾਦੇ ਵਾਲੇ ਬਾਦਲ ਇਤਨੇ ਬੇਬਸ, ਲਾਚਾਰ, ਮਜ਼ਬੂਰ ਹੋ ਗਏ ਹਨ ਕਿ ਉਹ ਫੌੜ੍ਹੀਆਂ ਤੋਂ ਬਿਨਾਂ ਚੱਲ ਹੀ ਨਹੀਂ ਸਕਦੇ ?
9815802070

Send this to a friend