ਕਪੜਾ ਵਪਾਰੀਆਂ ਨੇ ਜੀਐਸਟੀ ਦੇ ਵਿਰੋਧ ਵਿੱਚ ਕੀਤਾ ਰੋਸ ਪ੍ਰਦਰਸ਼ਨ
ਸੰਗਰੂਰ, 16 ਜੂਨ (ਹਰਜੀਤ ਸਿੰਘ ਹਸਨਪੁਰੀ)- ਕਪੜਾ ਵਪਾਰੀਆਂ ਵਲੋਂ ਜੀਐਸਟੀ ਦੇ ਵਿਰੋਧ ਵਿਚ ਅਜ ਆਪਣਾ ਕਾਰੋਬਾਰ ਬੰਦ ਰਖ ਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸ਼ਹਿਰ ਦੀਆਂ ਸੜਕਾਂ ਉਪਰ ਮੋਦੀ ਸਰਕਾਰ ਵਿਰੁਧ ਜਮ ਕੇ ਪਿਟ ਸਿਆਪਾ ਕੀਤਾ ਗਿਆ। ਕਪੜਾ ਵਪਾਰੀ ਜੀਐਸਟੀ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਸ਼ਹਿਰ ਵਿਚ ਅਜ ਜੀਐਸਟੀ ਦੇ ਵਿਰੋਧ ਵਿਚ ਕਪੜੇ ਦੀਆਂ ਕਰੀਬ ਸਵਾ ਸੌ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ ਜਿਸ ਕਾਰਨ ਲਗਭਗ ਪੰਜਾਹ ਲਖ ਰੁਪਏ ਤੋਂ ਵਧ ਦਾ ਕਾਰੋਬਾਰ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ।ਕਪੜਾ ਮਰਚੈਂਟ ਐਸੋਸੀਏਸ਼ਨ ਦੀ ਅਗਵਾਈ ਹੇਠ ਕਪੜਾ ਵਪਾਰੀ ਅੱਜ ਜੀਐਸਟੀ ਦੇ ਵਿਰੋਧ ਵਿਚ ਇਥੇ ਮੰਦਿਰ ਸ੍ਰੀ ਮੰਗਲਾ ਦੇਵੀ ਵਿਚ ਇਕਠੇ ਹੋਏ ਜਿਥੇ ਮੀਟਿੰਗ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਡੀਸੀ ਕੰਪਲੈਕਸ ਅਗੇ ਰੋਸ ਪ੍ਰਦਰਸ਼ਨ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਨਰਾਇਣ ਦਾਸ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਅਜ ਤਕ ਕਿਸੇ ਵੀ ਸਰਕਾਰ ਨੇ ਕਪੜੇ ਉਪਰ ਕੋਈ ਟੈਕਸ ਨਹੀਂ ਲਗਾਇਆ ਪਰੰਤੂ ਮੋਦੀ ਸਰਕਾਰ ਨੇ ਜੀਐਸਟੀ ਲਗਾਤਾਰ ਕਪੜਾ ਵਪਾਰੀਆਂ ਉਪਰ ਭਾਰੀ ਆਰਥਿਕ ਬੋਝ ਪਾ ਦਿਤਾ ਹੈ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਜ਼ਿਲ੍ਹਾ ਭਰ ਵਿਚ ਕਪੜਾ ਵਪਾਰੀਆਂ ਦੇ ਸੰਘਰਸ਼ ਨੂੰ ਪੂਰਾ ਸਮਰਥਨ ਮਿਲਿਆ ਹੈ। ਇਸ ਮੌਕੇ ਐਸੋਸੀਏਸ਼ਨ ਦੇ ਵਫ਼ਦ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਤ ਮੰਤਰੀ ਅਰੁਣ ਜੇਤਲੀ ਅਤੇ ਜੀਐਸਟੀ ਕੌਂਸਲ ਦੇ ਨਾਂ ਇਕ ਮੰਗ ਪਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਸਿੰਘ ਟੀਟੂ ਅਤੇ ਜਸਵਿੰਦਰ ਸਿੰਘ ਪ੍ਰਿੰਸ, ਐਸੋਸੀਏਸ਼ਨ ਦੇ ਚੇਅਰਮੈਨ ਗੋਪਾਲ ਦਾਸ ਕਾਲੜਾ, ਸਕਤਰ ਮੁਨੀਸ਼ ਕੁਮਾਰ, ਸੰਜੇ ਗੁਪਤਾ, ਵਿਜੈ ਚੌਹਾਨ, ਪ੍ਰਵੀਨ ਕੁਮਾਰ ਆਦਿ ਮੌਜੂਦ ਸਨ।