ਫਾਇਰ ਸੇਵਾਵਾਂ ਦੀ ਮੰਦਹਾਲੀ ਲਈ ਪਿਛਲੀ ਸਰਕਾਰ ਦੀ ਕੀਤੀ ਨਿਖੇਧੀ ਘਪਲਿਆਂ ’ਚ ਸ਼ਾਮਲ ਅਕਾਲੀ ਦਲ ਦੇ ਵਿਧਾਇਕ ਬਹਾਨਾ ਬਣਾ ਕੇ ਸਦਨ ’ਚੋਂ ਭੱਜੇ
ਚੰਡੀਗੜ੍ਹ, 15 ਜੂਨ (ਪੰਜਾਬ ਟਾਇਮਜ਼ ਬਿਊਰੋ)- ਸੂਬੇ ਦੇ ਸ਼ਹਿਰੀਆਂ ਨੂੰ ਬਿਹਤਰ ਫਾਇਰ ਸੇਵਾਵਾਂ ਦੇਣ ਲਈ ਵੱਖਰਾ ਡਾਇਰੈਕਟੋਰੇਟ ਬਣਾਇਆ ਜਾਵੇਗਾ। ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਦੂਜੇ ਸੈਸ਼ਨ ਦੇ ਦੂਜੇ ਦਿਨ ਪ੍ਰਸ਼ਨ ਕਾਲ ਦੌਰਾਨ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਭਰੋਸਾ ਦਿਵਾਉਂਦਿਆਂ ਕਿਹਾ। ਸ੍ਰੀ ਸਿੱਧੂ ਨੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਫਾਇਰ ਤੇ ਐਬੂਲੈਸ ਦੋ ਅਜਿਹੀਆਂ ਸੇਵਾਵਾਂ ਹਨ ਜਿਹੜੀਆਂ ਦੋ ਮਿੰਟਾਂ ਦੇ ਵਕਫੇ ਅੰਦਰ ਦੇਣੀਆਂ ਲਾਜ਼ਮੀ ਬਣਦੀਆਂ ਹਨ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੀ ਸਰਕਾਰ ਵੱਲੋਂ ਇਸ ਖੇਤਰ ਵਿੱਚ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਅੰਦਰ 54 ਫਾਇਰ ਸਟੇਸ਼ਨਾਂ ਲਈ 195 ਫਾਇਰ ਵਹੀਕਲ ਹਨ ਜਿਨ੍ਹਾਂ ਵਿੱਚੋਂ 114 ਆਊਟ ਡੇਟਿਡ ਹਨ। ਵਿਧਾਇਕ ਵੱਲੋਂ ਸੁਨਾਮ ਵਿਖੇ ਫਾਇਰ ਸਟੇਸ਼ਨ ਨਾ ਹੋਣ ਦੀ ਗੱਲ ਕਹਿਣ ’ਤੇ ਸ੍ਰੀ ਸਿੱਧੂ ਨੇ ਕਿਹਾ ਪਿਛਲੀ ਸਰਕਾਰ ਵੱਲੋਂ ਇਸ ਖੇਤਰ ਵਿੱਚ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ। ਕੇਂਦਰ ਸਰਕਾਰ ਵੱਲੋਂ ਕੌਮੀ ਆਫਤਨ ਪ੍ਰਬੰਧਨ ਹੇਠ 90 ਕਰੋੜ ਦੀ ਗਰਾਂਟ ਫਾਇਰ ਸੇਵਾਵਾਂ ਲਈ ਦਿੱਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਸਿਰਫ 17 ਕਰੋੜ ਰੁਪਏ ਹੀ ਖਰਚੀ ਗਈ, ਉਹ ਵੀ ਸਿਰਫ ਛੋਟੀਆਂ ਗੱਡੀਆਂ ਲਈ। ਬਾਕੀ ਗਰਾਂਟ ਦੀ ਰਾਸ਼ੀ ਖਰਚੀ ਨਾ ਜਾਣ ਕਰ ਕੇ ਵਾਪਸ ਹੋ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿਛਲੀ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਅਸੀਂ ਤਾਕਤ ਵਿੱਚ ਬਦਲਾਂਗੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਵੱਖਰਾ ਫਾਇਰ ਡਾਇਰੈਕਟੋਰੇਟ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਹੁਣ ਕਈ ਮੰਜ਼ਿਲਾ ਇਮਾਰਤਾਂ ਬਣ ਗਈਆਂ ਹਨ ਪਰ ਫਾਇਰ ਸੇਵਾਵਾਂ ਲਈ ਕੋਈ ਵੀ ਅਤਿ-ਆਧੁਨਿਕ ਉੱਚੀ ਪੌੜੀ ਵਾਲਾ ਵਾਹਨ ਨਹੀਂ ਹੈ। ਸਿਰਫ ਮੁਹਾਲੀ ਵਿਖੇ ਇਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਫਾਇਰ ਪ੍ਰੀਵੈਸ਼ਨ ਐਕਟ ਵੀ ਬਣਾਇਆ ਜਾਵੇਗਾ। ਸ੍ਰੀ ਸਿੱਧੂ ਨੇ ਕਿਹਾ ਕਿ ਅਬੋਹਰ ਵਿਖੇ 1931 ਵਿੱਚ ਬਣੇ ਵਾਟਰ ਵਰਕਸ ਦੀ ਸਮਰੱਥਾ ਨੂੰ ਵਧਾਉਣ ਲਈ 1961 ਵਿੱਚ 9.25 ਏਕੜ ਜਗ੍ਹਾਂ ਐਕਵਾਇਰ ਕੀਤੀ ਗਈ ਸੀ ਅਤੇ ਜਿਨ੍ਹਾਂ ਲੋਕਾਂ ਦੀ ਇਹ ਜ਼ਮੀਨ ਐਕਵਾਇਰ ਕੀਤੀ ਗਈ ਸੀ, ਉਨ੍ਹਾਂ ਲੋਕਾਂ ਨੂੰ ਉਸ ਸਮੇਂ ਬਣਦਾ ਮੁਆਵਜ਼ਾ ਦੇ ਦਿੱਤਾ ਗਿਆ ਸੀ ਜਿਸ ਦਾ ਰਿਕਾਰਡ ਫਿਰੋਜ਼ਪੁਰ ਦੇ ਰਿਕਾਰਡ ਰੂਮ ਵਿੱਚ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਨੂੰ ਪਤਾ ਸੀ ਕਿ ਅੱਜ ਅਬੋਹਰ ਵਾਟਰ ਵਰਕਸ ਦੀ ਜਗ੍ਹਾਂ ’ਤੇ ਉਨ੍ਹਾਂ ਦੇ ਰਿਸ਼ਤੇਦਾਰ ਵੱਲੋਂ ਕੀਤੇ ਕਬਜ਼ੇ ਸਬੰਧੀ ਵਿਧਾਨ ਸਭਾ ਵਿੱਚ ਸਵਾਲ ਲੱਗਿਆ ਹੈ, ਇਸ ਲਈ ਉਹ ਅੱਜ ਜਾਣ-ਬੁੱਝ ਕੇ ਗੈਰ ਹਾਜ਼ਰ ਰਹੇ।