ਵਸ਼ਿੰਗਟਨ ਡੀ.ਸੀ. 13 ਜੂਨ- ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੂਨ ਦੇ ਅਖੀਰਲੇ ਹਫ਼ਤੇ ਅਮਰੀਕਾ ਦੌਰੇ ’ਤੇ ਆ ਰਹੇ ਹਨ। ਉਨ੍ਹਾਂ ਦੀ ਆਮਦ ’ਤੇ ਪ੍ਰਵਾਸੀਆਂ ਵਿੱਚ ਭਾਰੀ ਰੋਹ ਹੈ ਕਿ ਉਨ੍ਹਾਂ ਦੀ ਸਰਕਾਰ ਵਿੱਚ ਬੈਠੇ ਮੰਤਰੀ ਕਾਗਜ਼ੀ ਬਿਆਨਾਂ ਰਾਹੀਂ ਪ੍ਰਵਾਸੀਆਂ ਨੂੰ ਖੁਸ਼ ਕਰਨ ’ਤੇ ਲੱਗੇ ਹੋਏ ਹਨ ਜਦਕਿ ਅਸਲੀਅਤ ਵਿੱਚ ਕੁਝ ਵੀ ਨਹੀਂ ਹੈ। ੁਪ੍ਰਵਾਸੀਆਂ ਵੱਲੋਂ ਸੁਸ਼ਮਾ ਸਵਰਾਜ ਵੱਲੋਂ ਪਿਛਲੇ ਦਿਨੀਂ ਵੀਜ਼ਾ ਅਤੇ ਪਾਸਪੋਰਟ ਨਵੀਂ ਨੀਤੀ ਬਾਰੇ ਵੱਡੇ-ਵੱਡੇ ਬਿਆਨ ਦਿੱਤੇ ਸਨ ਜੋ ਸਿਰਫ਼ ਸੁਰਖੀਆਂ ਤੱਕ ਸੀਮਿਤ ਰਹਿ ਗਏ ਹਨ। ਜਦੋਂ ਇਸ ਦੀ ਅਸਲੀਅਤ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰਾ ਕੁਝ ਇੱਕ ਰਾਜਸੀ ਡਰਾਮਾ ਅਤੇ ਟੀਵੀ ਚੈਨਲਾਂ ਰਾਹੀਂ ਦਿੱਤੇ ਬਿਆਨਾਂ ਤੱਕ ਸੀਮਿਤ ਨਜ਼ਰ ਆਇਆ ਹੈ ਜਿਸ ’ਤੇ ਪ੍ਰਵਾਸੀਆਂ ਵੱਲੋਂ ਸਖ਼ਤ ਕਦਮ ਚੁੱਕਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਸੀ ਕਿ ਰਾਜਸੀ ਸ਼ਰਨ ਪ੍ਰਾਪਤ ਕਰਤਾ ਨੂੰ ਪਾਸਪੋਰਟ ਅਤੇ ਵੀਜ਼ਾ ਦੇਣ ਸਬੰਧੀ ਸ਼ਰਤਾਂ ਨਰਮ ਕਰਕੇ ਉਨ੍ਹਾਂ ਨੂੰ ਦੋ ਸਾਲਾਂ ਦਾ ਪਾਸਪੋਰਟ ਅਤੇ ਛੇ ਮਹੀਨੇ ਦਾ ਵੀਜ਼ਾ ਦੇਣ ਦੀ ਗੱਲ ਨੂੰ ਪ੍ਰਵਾਨਗੀ ਦਿੱਤੀ ਹੈ। ਜਦ ਇਸ ਸਬੰਧੀ ਅਸਲੀਅਤ ਜਾਨਣ ’ਤੇ ਪਤਾ ਲੱਗਾ ਕਿ ਇਹ ਸਿਰਫ਼ ਪ੍ਰਵਾਸੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਤੋਂ ਸਿਵਾਏ ਕੁਝ ਵੀ ਨਹੀਂ ਹੈ। ਇਸ ਲਈ ਰਾਜਸੀ ਸ਼ਰਨ ਪ੍ਰਾਪਤ ਕਰਤਾ ਵੱਲੋਂ ਵੱਡੇ ਪੱਧਰ ’ਤੇ ਵਾਸ਼ਿੰਗਟਨ ਡੀ.ਸੀ. ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਸਿਆਪਾ ਕਰਨ ਸਬੰਧੀ ਕਮਰਕੱਸੇ ਕਰ ਲਏ ਗਏ ਹਨ। ਇਸ ਸਬੰਧੀ ਕੁਝ ਜੱਥੇਬੰਦੀਆਂ ਵੱਲੋਂ ਲੀਗਲ ਪਰਮਿਟ ਦਾਖਲ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਮੋਦੀ ਦਾ ਪਿੱਟ ਸਿਆਪਾ ਕਰ ਸਕਣ। ਆਸ ਹੈ ਕਿ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਇਸ ਸਬੰਧੀ ਭਾਰਤੀ ਅੰਬੈਸੀਆਂ ਨੂੰ ਵਿਦੇਸ਼ ਸਥਿੱਤ ਪ੍ਰਤੀ ਵੀਜ਼ਿਆਂ ਅਤੇ ਪਾਸਪੋਰਟਾਂ ਸਬੰਧੀ ਸਰਕਾਰ ਦੀ ਲਿਖ਼ਤੀ ਕਾਰਵਾਈ ਨੂੰ ਜਾਰੀ ਕਰਨ ਤਾਂ ਜੋ ਪਿੱਟ ਸਿਆਪੇ ਤੋਂ ਬਚਿਆ ਜਾ ਸਕੇ ਨਹੀਂ ਤਾਂ ਭਾਰੀ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਹਾਲ ਦੀ ਘੜੀ ਗੁੰਮ ਪਾਸਪੋਰਟ, ਰਾਜਸੀ ਸ਼ਰਨ ਪ੍ਰਾਪਤ ਕਰਤਾ ਦੇ ਵੀਜ਼ੇ ਅਤੇ ਪਾਸਪੋਰਟ ਸਬੰਧੀ ਭਾਰਤੀ ਅੰਬੈਸੀਆਂ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ।