ਸਾਦਿਕ, 12 ਜੂਨ (ਗੁਰਵਿੰਦਰ ਔਲਖ)- ਪਿੰਡ ਸਾਦਿਕ ਵਿਖੇ ਹੋ ਰਹੀਆਂ ਲਗਾਤਰ ਦਿਨ ਦਿਹਾੜੇ ਦਲੇਰਾਨਾ ਚੋਰੀਆਂ ਕਾਰਨ ਪਿੰਡ ਵਾਸੀਆਂ ਅਤੇ ਅੱਡਾ ਵਾਸੀਆਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਅੱਜ ਦੁਪਿਹਰ ਸਮੇਂ ਸਥਾਨਕ ਸ੍ਰੀ ਮੁਕਤਸਰ ਸਾਹਿਬ ਵਾਲੀ ਸੜਕ ਤੇ ਪੈਂਦੀ 5ਨੰਬਰ ਗਲੀ ਵਿਚ ਰਹਿੰਦੇ ਜਗਦੀਪ ਸਿੰਘ ਕੀਪਾ ਪੁੱਤਰ ਗੁਰਦੇਵ ਸਿੰਘ ਦੇ ਘਰੋਂ ਚੋਰ ਦਿਨ ਦੀਵੀਂ 15ਹਜਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਜਗਦੀਪ ਸਿੰਘ ਕੀਪਾ ਜੋ ਤਿੰਨ ਪਹਿਆ ਵਾਹਨ ਚਲਾਉਣ ਦਾਕੰਮ ਕਰਦਾ ਹੈ ਤੇ ਉਸ ਦੀ ਘਰਵਾਲੀ ਆਪਣੀ ਸਪੁੱਤਰੀ ਨੂੰ ਅਕੈਡਮੀ ’ਚੋਂ ਲੈਣ ਗਈ ਸੀ ਤੇ ਜਦੋਂ ਉਸ ਨੇ ਆ ਕੇ ਵੇਖਿਆ ਤਾਂ ਘਰ ਦਾ ਸਮਾਨ ਖਿਲਰਿਆ ਪਿਆ ਸੀ ਤੇ ਅਲਮਾਰੀ ਵੀ ਖੁੱਲ੍ਹੀ ਹੋਈ ਸੀ ਤੇ ਉਸ ਵਿਚ ਪਏ ਪਰਸ ’ਚੋਂ ਨਕਦੀ ਗਾਇਬ ਸੀ ਜੋ ਕਰੀਬ15ਹਜ਼ਾਰ ਰੁਪਏ ਸੀ। ਥਾਣਾ ਸਾਦਿਕ ਦੇ ਹੌਲਦਾਰ ਬੇਅੰਤ ਸਿੰਘ ਸਮੇਦ ਪੁਲਿਸ ਪਾਰਟੀ ਮੌਕੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਦਿਕ ਪਿੰਡ ਅਤੇ ਅੱਡੇ ਦੇ ਘਰਾਂ ਵਿਚ ਮੋਟੀਆਂ ਚੋਰੀਆਂ ਹੋ ਚੁੱਕੀਆਂ ਹਨ ਦਾ ਵੀ ਲਹਿਜਾ ਇਕੋ ਹੀ ਹੈ ਤੇ ਚੋਰ ਦਿਨ ਦਿਹਾੜੇ ਬਿਨਾ ਕਿਸੇ ਡਰ ਦੇ ਘਰਾਂ ਵਿਚ ਪਏ ਸਮਾਨ ਨੂੰ ਲੈ ਉੱਡੇ ਹਨ ਪਰ ਪੁਲਿਸ ਦੇ ਹੱਥ ਅਜੇ ਤੱਕ ਕੁੱਝ ਨਹੀਂ ਲੱਗਾ ਜਿਸ ਕਰਕੇ ਲੋਕਾਂ ਦੇ ਮਨਾਂ ਵਿਚ ਡਰ ਬੈਠਾ ਹੋਇਆ ਹੈ ਤੇ ਉਹ ਦਿਨੇ ਆਪਣਾ ਘਰ ਇਕੱਲਾ ਛੱਡ ਕੇ ਕਿਤੇ ਨਹੀਂ ਜਾ ਸਕਦੇ। ਪੁਲਿਸ ਨੂੰ ਚਾਹੀਦਾ ਹੈ ਕਿ ਉਹ ਆਪਣੀ ਕਾਰਵਾਈ ਤੇਜ਼ ਕਰਕੇ ਲੋਕਾਂ ਦੇ ਮਨਾਂ ਵਿਚ ਪਾਇਆ ਜਾ ਰਿਹਾ ਸਹਿਮ ਦੂਰ ਕਰੇ।