June 20, 2026 10:13 am

ਉਦਘਾਟਨ ਤੋਂ ਪਹਿਲਾਂ ਹੀ ਕੰਪਲੈਕਸ ‘ਚ ਲੱਗੀਆਂ ਟਾਈਲਾਂ ਲੱਗੀਆਂ ਟੁੱਟਣ

ਰਾਏਕੋਟ, 3 ਅਕਤੂਬਰ (ਚਮਕੌਰ ਸਿੰਘ ਦਿਓਲ)-ਪੰਜਾਬ ਨਿਰਮਾਣ ਵਿਭਾਗ ਵੱਲੋਂ ਰਾਏਕੋਟ ਵਿੱਚ ਉਸਾਰੇ ਜਾ ਰਹੇ ਤਹਿਸੀਲ ਕੰਪਲੈਕਸ ਦੇ ਨਿਰਮਾਣ ਕਾਰਜਾਂ ਦਾ ਜਾਇਜਾ ਅੱਜ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਖਾਲਸਾ ਵੱਲੋਂ ਲਿਆ ਗਿਆ, ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ ਰਾਏਕੋਟ ਜਤਿੰਰਪਾਲ ਸਿੰਘ, ਪੰਜਾਬ ਨਿਰਮਾਣ ਵਿਭਾਗ ਦੇ ਐਕਸੀਅਨ ਰਾਕੇਸ਼ ਗਰਗ, ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ ਸਮੇਤ ਹੋਰ ਕਈ ਅਧਿਕਾਰੀ ਵੀ ਹਾਜ਼ਰ ਸਨ।
launching
ਇਸ ਮੌਕੇ ਸ. ਖਾਲਸਾ ਨੇ ਉਸਾਰੇ ਜਾ ਰਹੇ ਨਵੇਂ ਤਹਿਸੀਲ ਕੰਪਲੈਕਸ ਦੇ ਸਬੰਧ ਵਿੱਚ ਸਬੰਧਤ ਅਧਿਕਾਰੀਆਂ ਤੋਂ ਜਾਣਕਾਰੀ ਲਈ ਅਤੇ ਇਸ ਵਿੱਚ ਪਾਈਆਂ ਜਾ ਰਹੀਆਂ ਖਾਮੀਆਂ ਵੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਇਸ ਕੰਮਪਲੈਕਸ ਦੇ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਹਦਾਇਤ ਕੀਤੀ। ਇਸ ਦੌਰਾਨ ਜਦ ਸ. ਖਾਲਸਾ ਨੇ ਤਹਿਸੀਲ ਕੰਪਲੈਕਸ ਵਿੱਚ ਬਣਾਏ ਗਏ ਬਾਥਰੂਮਾਂ ਦੇ ਬਾਹਰ ਲੱਗੀਆਂ ਟਾਈਲਾਂ ਦੀ ਜਾਂਚ ਕੀਤੀ ਤਾਂ ਟਾਈਲਾਂ ਹੱਥ ਲੱਗਦੇ ਹੀ ਜਮੀਨ ਤੇ ਡਿੱਗ ਪਈਆਂ। ਜਿਸ ਤੇ ਅਧਿਕਾਰੀਆਂ ਨੂੰ ਸ. ਖਾਲਸਾ ਦੀ ਖਰੀ ਖਰੀ ਸੁਨਣੀ ਪਈ। ਇਸ ਤੇ ਐਸ.ਡੀ.ਐਮ  ਜਤਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਤਹਿਸੀਲ ਕੰਪਲੈਕਸ ਦੀ ਉਸਾਰੀ ਦੇ ਸਬੰਧ ਵਿੱਚ ਸਬੰਧਤ ਵਿਭਾਗ ਨੂੰ ਤਿੰਨ ਕਰੋੜ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ, ਜਦਕਿ ਇਸਦਾ ਕੁੱਲ ਠੇਕਾ ਤਿੰਨ ਕਰੋੜ ਵੀਹ ਲੱਖ ਰੁਪੈ ਵਿੱਚ ਹੋਇਆ ਸੀ। ਹਲਕਾ ਇੰਚਾਰਜ ਸ. ਬਿਕਰਮਜੀਤ ਸਿੰਘ ਖਾਲਸਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤਹਿਸੀਲ ਕੰਪਲੈਕਸ ਦੇ ਉਦਘਾਟਨ ਮੌਕੇ ਉੱਪ ਮੁੱਖਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਇੱਥੇ ਆਉਣ ਦਾ ਪ੍ਰੋਗਰਾਮ ਹੈ ਇਸ ਲਈ ਇਸਦੀ ਤਿਆਰੀ ਛੇਤੀ ਤੋਂ ਛੇਤੀ ਕਰਵਾਈ ਜਾਵੇ ਤਾਂ ਜੋ ਇਹ ਕੰਪਲੈਕਸ ਲੋਕ ਅਰਪਿਤ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਬਲਾਕ ਵਿਕਾਸ ਅਧਿਕਾਰੀ ਰਾਏਕੋਟ ਹਰਕਮਲ ਸਿੰਘ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਸਹਿਬਾਜਪੁਰਾ, ਪ੍ਰਧਾਨ ਜਗਦੇਵ ਸਿੰਘ ਤਾਜਪੁਰ, ਭਾਜਪਾ ਆਗੂ ਵਿਜੇ ਜੈਨ, ਜ਼ਿਲਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਤਲਵੰਡੀ, ਗੁਰਦੀਪ ਸਿੰਘ ਰਾਏ, ਨਿੱਕਾ ਗਰੇਵਾਲ, ਸਰਪੰਚ ਦਵਿੰਦਰ ਸਿੰਘ ਰੂਪਾਪੱਤੀ, ਸਰਪੰਚ ਹਰਪਾਲ ਸਿੰਘ ਗੋਂਦਵਾਲ, ਸਾਬਕਾ ਕੌਂਸਲਰ ਬੂਟਾ ਸਿੰਘ ਛਾਪਾ, ਨਛੱਤਰ ਸਿੰਘ, ਚਰਨਜੀਤ ਸਿੰਘ ਬੱਬੂ, ਮੁਲਖਰਾਜ ਸਿੰਘ, ਰਾਜੂ ਢੀਂਗੜਾ ਆਦਿ ਤੋਂ ਇਲਾਵਾ ਹੋਰ ਕਈ ਪਾਰਟੀ ਵਰਕਰ ਵੀ ਹਾਜ਼ਰ ਸਨ।

Send this to a friend