June 14, 2026 7:54 pm

ਜੰਬਰ ਬਸਤੀ ਤੋਂ ਤਿੰਨ ਗੈਂਗਸਟਰ ਅਤੇ ਘਰ ਦਾ ਮਾਲਿਕ ਅਕਾਲੀ ਆਗੂ ਗ੍ਰਿਫਤਾਰ

ਤਲਵੰਡੀ ਸਾਬੋ/ਬਠਿੰਡਾ, 3 ਅਕਤੂਬਰ (ਰਣਜੀਤ ਸਿੰਘ ਰਾਜੂ, ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ)-ਅੱਜ ਨੇੜਲੇ ਪਿੰਡ ਜਗ੍ਹਾ ਰਾਮ ਤੀਰਥ ਦੀ ਜੰਬਰ ਬਸਤੀ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਵੇਰੇ-ਸਵੇਰੇ ਉੱਠ ਕੇ ਲੋਕਾਂ ਨੇ ਦੇਖਿਆ ਕਿ ਪੂਰੀ ਜੰਬਰ ਬਸਤੀ ਨੂੰ ਪੁਲਿਸ ਨੇ ਛਾਉਣੀ ਵਿੱਚ ਬਦਲਿਆ ਹੋਇਆ ਸੀ ਤੇ ਵੱਡੀ ਤਾਦਾਦ ਵਿੱਚ ਪੁਲਿਸ ਨੇ ਜੰਬਰ ਬਸਤੀ ਦੀ ਸਰਪੰਚ ਦੇ ਪਤੀ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਬਿੱਟੂ ਦੇ ਘਰ ਦੀ ਚੁਫੇਰਿਉਂ ਘੇਰਾਬੰਦੀ ਕੀਤੀ ਹੋਈ ਸੀ।
force
ਗੱਲ ਦੀ ਸਮਝ ਲੋਕਾਂ ਨੂੰ ਉੱਦੋਂ ਲੱਗੀ ਜਦੋਂ ਪੁਲਿਸ ਨੇ ਅਕਾਲੀ ਆਗੂ ਦੇ ਘਰੋਂ ਤਿੰਨ ਨੌਜਵਾਨਾਂ ਨੂੰ ਫੜਨ ਵਿੱਚ ਸਫਲਤਾ ਹਾਸਿਲ ਕਰ ਲਈ। ਪਤਾ ਲੱਗਾ ਹੈ ਕਿ ਪੁਲਿਸ ਉਕਤ ਤਿੰਨ ਨੌਜਵਾਨਾਂ ਅਤੇ ਉਨ੍ਹਾਂ ਨੂੰ ਘਰ ਵਿੱਚ ਪਨਾਹ ਦੇਣ ਵਾਲੇ ਅਕਾਲੀ ਆਗੂ ਨੂੰ ਕਿਸੇ ਅਣਦੱਸੀ ਥਾਂ ਲੈ ਗਈ। ਬਾਅਦ ਵਿੱਚ ਪੁਲਿਸ ਨੇ ਅਕਾਲੀ ਆਗੂ ਤੇ ਤਿੰਨਾਂ ਗੈਂਗਸਟਰਾਂ ਖਿਲਾਫ ਥਾਣਾ ਤਲਵੰਡੀ ਸਾਬੋ ਵਿਖੇ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।
ਇਕੱਤਰ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਚਾਰ ਵਜੇ ਤੋਂ ਵੀ ਪਹਿਲਾਂ ਤੋਂ ਹੀ ਵੱਡੀ ਤਾਦਾਦ ਵਿੱਚ ਪੁਲਿਸ ਨੇ ਪਿੰਡ ਜੰਬਰ ਬਸਤੀ ਦੀ ਸਰਪੰਚ ਬੀਬੀ ਕ੍ਰਿਪਾਲ ਕੌਰ ਦੇ ਪਤੀ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਬਿੱਟੂ ਦੇ ਘਰ ਨੂੰ ਘੇਰਾ ਪਾਇਆ। ਕਰੀਬ ਪੌਣੇ ਪੰਜ ਵਜੇ ਦੇ ਕਰੀਬ ਤਲਵੰਡੀ ਸਾਬੋ ਦੇ ਮੀਡੀਆ ਨਾਲ ਸਬੰਧਿਤ ਵੱਖ-ਵੱਖ ਪੱਤਰਕਾਰਾਂ ਨੂੰ ਯੋਧਾ ਸਿੰਘ ਨਾਮੀ ਇੱਕ ਵਿਅਕਤੀ ਦਾ ਫੋਨ ਆਇਆ ਜਿਸ ਨੇ ਆਪਣੇ ਆਪ ਨੂੰ ਇੱਕ ਗੈਂਗਸਟਰ ਦੱਸਦਿਆਂ ਮੀਡੀਆ ਨੂੰ ਜੰਬਰ ਬਸਤੀ ਪਹੁੰਚਣ ਦੀ ਅਪੀਲ ਕੀਤੀ ਕਿਉਂਕਿ ਉਕਤ ਵਿਅਕਤੀ ਨੂੰ ਇਹ ਸੰਦੇਹ ਸੀ ਕਿ ਜਿਸ ਘਰ ਵਿੱਚ ਉਨ੍ਹਾਂ ਪਨਾਹ ਲਈ ਹੈ ਉਸ ਘਰ ਨੂੰ ਜਿਸ ਤਰ੍ਹਾਂ ਪੁਲਿਸ ਨੇ ਸਖਤ ਘੇਰਾਬੰਦੀ ਵਿੱਚ ਲਿਆ ਹੋਇਆ ਸੀ ਉਸ ਤੋਂ ਉਨ੍ਹਾਂ ਨੂੰ ਇਹ ਡਰ ਸੀ ਕਿ ਪੁਲਿਸ ਉਨ੍ਹਾਂ ਦਾ ਮੁਕਾਬਲਾ ਬਣਾ ਕੇ ਉਨ੍ਹਾਂ ਨੂੰ ਖਤਮ ਨਾ ਕਰ ਦੇਵੇ।
ਮੀਡੀਆ ਦੇ ਘਟਨਾ ਸਥਾਨ ਤੇ ਪਹੁੰਚਣ ਮੌਕੇ ਦੇਖਿਆ ਕਿ ਪੁਲਿਸ ਨੇ ਜੰਬਰ ਬਸਤੀ ਨੂੰ ਪੁਰੀ ਤਰ੍ਹਾਂ ਪੁਲਿਸ ਛਾਉਣੀ ਵਿੱਚ ਬਦਲਿਆ ਹੋਇਆ ਸੀ ਅਤੇ ਮੀਡੀਆ ਕਾਰਕੁੰਨਾਂ ਨੂੰ ਵੀ ਉਸ ਘਰ ਨੇੜੇ ਨਹੀ ਜਾਣ ਦਿੱਤਾ ਗਿਆ ਜਿਸ ਵਿੱਚ ਉਕਤ ਗੈਂਗਸਟਰ ਛੁਪੇ ਹੋਏ ਸਨ।ਯੋਧਾ ਸਿੰਘ ਨਾਮੀ ਵਿਅਕਤੀ ਨੇ ਮੀਡੀਆ ਨੂੰ ਇੱਕ ਵਾਰ ਫਿਰ ਫੋਨ ਕਰਕੇ ਦੱਸਿਆ ਕਿ ਆਤਮ ਸਮਰਪਨ ਕਰਨ ਲਈ ਬਾਹਰ ਆ ਰਹੇ ਹਨ ਅਤੇ ਥੋੜੀ ਦੇਰ ਬਾਦ ਹੀ ਉਹ ਬਾਹਰ ਆ ਗਏ ਤੇ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰਕੇ ਸਾਰਿਆਂ ਦੇ ਮੂੰਹ ਸਿਰ ਲਪੇਟ ਕੇ ਉਨ੍ਹਾਂ ਨੂੰ ਗੱਡੀਆਂ ਵਿੱਚ ਸੁੱਟ ਕੇ ਉਨ੍ਹਾਂ ਨੂੰ ਅਣਦੱਸੀ ਥਾਂ ਲੈ ਗਏ।ਪਤਾ ਲੱਗਾ ਹੈ ਕਿ ਇਸ ਪੂਰੇ ਉਪਰੇਸ਼ਨ ਦੀ ਦੇਖਰੇਖ ਖੁਦ ਐੱਸ.ਐੱਸ.ਪੀ ਬਠਿੰਡਾ ਰਵਚਰਨ ਸਿੰਘ ਬਰਾੜ ਕਰ ਰਹੇ ਸਨ।ਮੀਡੀਆ ਕਾਰਕੁੰਨਾਂ ਨੇ ਦੇਖਿਆ ਕਿ ਪੁਲਿਸ ਉੱਥੋਂ ਚਾਰ ਨੌਜਵਾਨਾਂ ਨੂੰ ਲੈ ਕੇ ਗਈ ਸੀ ਜਿਨ੍ਹਾਂ ਵਿੱਚੋਂ ਇੱਕ ਘਰ ਦਾ ਮਾਲਿਕ ਅਕਾਲੀ ਆਗੂ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਵਿਅਕਤੀਆਂ ਤੋਂ ਵੱਡੀ ਮਾਤਰਾ ਵਿੱਚ ਅਸਲ੍ਹਾ,ਤਿੰਨ ਦਰਜਨਾਂ ਦੇ ਕਰੀਬ ਮੋਬਾਈਲ ਫੋਨ ਵੀ ਬਰਾਮਦ ਹੋਏ ਹਨ ਅਤੇ ਉਕਤ ਵਿਅਕਤੀ ਬਲਾਕ ਸੰਮਤੀ ਜਿਲ੍ਹਾ ਪ੍ਰੀਸ਼ਦ ਚੋਣਾਂ ਮੌਕੇ ਇੱਕ ਚੋਣ ਰੈਲੀ ਦੌਰਾਨ ਹਲਕਾ ਰਾਮਪੁਰਾ ਫੂਲ ਨਾਲ ਸਬੰਧਿਤ ਪੀ.ਪੀ.ਪੀ ਦੇ ਸੀਨ:ਆਗੂ ਲੱਖਾ ਸਿਧਾਣਾ ਤੇ ਹੋਏ ਹਮਲੇ ਦੇ ਕਥਿਤ ਦੋਸ਼ੀ ਮੰਨੇ ਜਾਂਦੇ ਹਨ।ਸ਼ਾਮ ਨੂੰ ਬਠਿੰਡਾ ਵਿਖੇ ਐੱਸ.ਅੱੈੱਸ.ਪੀ ਰਵਚਰਨ ਸਿੰਘ ਬਰਾੜ ਵੱਲੋਂ ਕੀਤੀ  ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਗਿਆ ਉਕਤ ਘੇਰਾਬੰਦੀ ਵਿੱਚੋਂ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਜਗਸੀਰ ਸਿੰਘ ਸੀਰਾ,ਰਣਯੋਧ ਸਿੰਘ ਯੋਧਾ,ਗੁਰਪ੍ਰੀਤ ਸੇਖੋਂ ਤੇ ਹਰਜਿੰਦਰ ਸਿੰਘ ਬਿੱਟੂ ਸ਼ਾਮਿਲ ਹਨ ਪੁਲਿਸ ਅਨੁਸਾਰ ਉਕਤ ਵਿਅਕਤੀਆਂ ਕੋਲੋਂ ਚਾਰ ਪਿਸਤੌਲ ਇੱਕ ਰਿਵਾਲਵਰ ਅਤੇ ਤਿੰਨ ਬੰਦੂਕਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਨੇ ਉਕਤ ਚਾਰਾਂ ਵਿਅਕਤੀਆਂ ਖਿਲਾਫ ਥਾਣਾ ਤਲਵੰਡੀ ਸਾਬੋ ਵਿਖੇ ਮੁਕੱਦਮਾ ਨੰ: 207 ਰਾਂਹੀ ਧਾਰਾ 212, 216, 413, 420, 465, 467, 471 ਅਤੇ ਅਸਲ੍ਹਾ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।

Send this to a friend