ਹੰਢਿਆਇਆ, 11 ਜੂਨ (ਗੁਰਮੀਤ ਸਿੰਘ ਬਰਨਾਲਾ)-ਮਾਨਸਾ-ਬਰਨਾਲਾ ਮੁੱਖ ਮਾਰਗ ਉੱਤੇ ਰੂੜੇਕੇ ਕਲਾਂ ਵਿਖੇ ਸਥਿਤ ਅਮਰ ਫ਼ਿਊਲ ਪੈਟਰੋਲ ਪੰਪ ’ਤੇ ਤੇਲ ਪਾਉਣ ਸਮੇਂ ਘਪਲੇਬਾਜੀ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਪੱਖੋਂ ਕਲਾਂ ਤੋਂ ਸੁਖਵਿੰਦਰ ਸਿੰਘ ਨੇ ਆਪਣੇ ਮੋਟਰਸਾਇਕਲ ਵਿੱਚ 200 ਰੁਪਏ ਦਾ ਤੇਲ ਪਵਾਇਆ, ਤੇਲ ਪਾਉਣ ਸਮੇਂ ਰੂੜੇਕੇ ਕਲਾਂ ਤੋਂ ਜਸਪਾਲ ਸਿੰਘ ਪਾਲੂ ਵੀ ਮੌਜੂਦ ਸੀ। ਜਦੋਂ ਪੈਟਰੋਲ ਪੰਪ ਮੁਲਾਜ਼ਮ ਵੱਲੋਂ ਮੋਟਰਸਾਇਕਲ ਵਿੱਚ ਤੇਲ ਪਾਇਆ ਗਿਆ, ਤਾਂ ਸੁਖਵਿੰਦਰ ਸਿੰਘ ਨੂੰ ਤੇਲ ਘੱਟ ਪਾਏ ਜਾਣ ਦਾ ਸ਼ੱਕ ਹੋਇਆ, ਸ਼ੱਕ ਹੋਣ ਉਪਰੰਤ ਸੁਖਵਿੰਦਰ ਸਿੰਘ ਅਤੇ ਜਸਪਾਲ ਸਿੰਘ ਪਾਲੂ ਵੱਲੋਂ ਟੈਂਕੀ ਵਿੱਚ ਪਾਇਆ ਗਿਆ ਤੇਲ ਚੈਕ ਕੀਤਾ ਗਿਆ ਤਾਂ, ਉਹ ਸਿਫ਼ਰ 1.25 ਲੀਟਰ ਹੀ ਬਣਿਆ, ਜਦ ਕਿ 200 ਰੁਪਏ ਵਿੱਚ 2.75 ਲੀਟਰ ਤੇਲ ਬਣਦਾ ਸੀ। ਤੇਲ ਘੱਟ ਪਾਏ ਜਾਣ ਤੋਂ ਬਾਅਦ ਉਕਤ ਪੈਟਰੋਲ ਪੰਪ ਵਾਲਿਆ ਅਤੇ ਤੇਲ ਪਵਾਉਣ ਵਾਲਿਆਂ ਵਿੱਚ ਝਗੜਾ ਹੋਇਆ ਤਾਂ ਪੰਪ ਵਾਲਿਆਂ ਵੱਲੋਂ ਸੁਖਵਿੰਦਰ ਸਿੰਘ ਅਤੇ ਜਸਪਾਲ ਸਿੰਘ ਨੂੰ ਇਹ ਮਾਮਲਾ ਰਫ਼ੂ ਦਫ਼ੂ ਕਰਨ ਦੇ ਨਾਂ ’ਤੇ 500-500 ਦਾ ਤੇਲ ਮੁਫ਼ਤ ਪਾਉਣ ਦਾ ਆਫਰ ਵੀ ਦਿੱਤਾ ਗਿਆ। ਜਿਸ ਤੋਂ ਬਾਅਦ ਪੀੜ੍ਹਤ ਵਿਅਕਤੀਆਂ ਵੱਲੋਂ ਇਹ ਮਾਮਲਾ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਤੱਕ ਪਹੁੰਚ ਦਿੱਤਾ ਗਿਆ, ਇਸ ਭ੍ਰਿਸ਼ਟਾਚਾਰੀ ਨੂੰ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਉਕਤ ਪੈਟਰੋਲ ਪੰਪ ’ਤੇ ਧਰਨਾ ਲਗਾ ਦਿੱਤਾ ਅਤੇ ਪੰਪ ਨੂੰ ਸ਼ੀਲ ਕਰਨ ਦੀ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਮੋਹਨ ਸਿੰਘ ਰੂੜੇਕੇ ਅਤੇ ਜਸਪਾਲ ਸਿੰਘ ਪਾਲੂ ਆਦਿ ਨੇ ਕਿਹਾ ਕਿ ਇਹ ਪੰਪ ਵਾਲਿਆਂ ਦਾ ਘੱਟ ਤੇਲ ਪਾਉਣ ਦਾ ਕੋਈ ਪਹਿਲਾਂ ਮਾਮਲਾ ਨਹੀਂ, ਸਗੋਂ ਪਹਿਲਾਂ ਵੀ ਆਏ ਦਿਨ ਇਹਨਾਂ ਵੱਲੋਂ ਸ਼ਰੇਆਮ ਘਪਲੇਬਾਜ਼ੀ ਕੀਤੀ ਜਾਂਦੀ ਹੈ ਅਤੇ ਤੇਲ ਪਵਾਉਣ ਵਾਲੇ ਰਾਹਗੀਰਾਂ ਨੂੰ ਪੰਪ ਮੁਲਾਜ਼ਮਾਂ ਨਾਲ ਝਗੜਦਿਆਂ ਆਮ ਹੀ ਦੇਖਿਆਂ ਜਾਂਦਾ ਰਿਹਾ ਹੈ। ਮੋਹਨ ਸਿੰਘ ਰੂੜੇਕੇ ਜ਼ਿਲ੍ਹਾ ਮੀਤ ਪ੍ਰਧਾਨ ਡਕੌਦਾ, ਬਹਾਦਰ ਸਿੰਘ ਰੂੜੇਕੇ, ਜੀਤਾ ਸਿੰਘ ਰੂੜੇਕੇ, ਝੱਕਰਾ ਸਿੰਘ, ਸਤਿਗੁਰ ਸਿੰਘ ਰੂੜੇਕੇ, ਭੋਲਾ ਸਿੰਘ, ਜਸਵੰਤ ਸਿੰਘ ਧੌਲਾ, ਕਾਕਾ ਸਿੰਘ ਧੌਲਾ, ਸੇਵਕ ਸਿੰਘ ਆਦਿ ਹਾਜਰ ਸਨ।