June 13, 2026 11:52 am

ਸ਼ਹੀਦ ਭਗਤ ਸਿੰਘ ਦਾ ਫਰੈਂਕਫਰਟ ਵਿਖੇ ਜਨਮ ਦਿਨ ਮਨਾਇਆ

ਮਨਹਾਈਮ (ਜਰਮਨੀ), 3 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਸ਼ਹੀਦ ਭਗਤ ਸਿੰਘ ਵੈੱਲਫੇਅਰ ਐਸੋਸੀਏਸ਼ਨ ਫਰੈਂਕਫਰਟ ਜਰਮਨੀ ਦੇ ਪ੍ਰਧਾਨ ਸ. ਸੁਖਰਾਜ ਸਿੰਘ ਹੁੰਦਲ, ਮੀਤ ਪ੍ਰਧਾਨ ਹਰਨੇਕ ਸਿੰਘ, ਸਰਪਰਸਤ ਸ. ਬਰਿੰਦਰ ਸਿੰਘ ਥਿਆੜਾ, ਚੇਅਰਮੈਨ ਸ. ਹਰਮੀਤ ਸਿੰਘ ਲੇਹਲ, ਸਕੱਤਰ ਸ. ਬਲਵਿੰਦਰ ਸਿੰਘ ਪੰਮਾ ਅਤੇ ਸਮੂਹ ਮੈਂਬਰਾਂ ਦੇ ਉੱਧਮ ਸਦਕਾ ਸ਼ਹੀਦ ਭਗਤ ਸਿੰਘ ਦਾ 106ਵਾਂ ਜਨਮ ਦਿਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਮਨਾਇਆ ਗਿਆ।
birthday
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਅਮਰੀਕ ਸਿੰਘ ਕਠਿਆਲੀ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰ ਰੱਖਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਚੜ੍ਹਦੀ ਜਵਾਨੀ ਵਿੱਚ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣਾ-ਆਪ ਕੁਰਬਾਨ ਕਰ ਦਿੱਤਾ, ਪਰ ਉਨ੍ਹਾਂ ਦਾ ਸੁਪਨਾ ਅਜੇ ਵੀ ਸਕਾਰ ਨਹੀਂ ਹੋਇਆ।ਸਟੇਜ ਦੀ ਕਾਰਵਾਈ ਐਸੋਸੀਏਸ਼ਨ ਦੇ ਪ੍ਰਧਾਨ ਸ. ਸੁਖਰਾਜ ਸਿੰਘ ਹੁੰਦਲ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਇਸ ਮੌਕੇ ਭਾਈ ਗੁਰਦਿਆਲ ਸਿੰਘ ਲਾਲੀ ਆਗੂ ਸਿੱਖ ਫੈਡਰੇਸ਼ਨ, ਭਾਈ ਜਗਤਾਰ ਸਿੰਘ ਮਾਹਲ ਆਗੂ ਸ਼ੇਰੇ-ਪੰਜਾਬ ਪੰਜਾਬੀ ਸਭਾ ਫਰੈਂਕਫਰਟ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਭਾਈ ਨਿਰਮਲ ਸਿੰਘ ਹੰਸਪਾਲ ਨੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਦੀ ਮੁਬਾਰਕ ਦਿੰਦਿਆਂ ਐਸੋਸੀਏਸ਼ਨ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ। ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਕਮੇਟੀ ਦੇ ਪ੍ਰਧਾਨ ਸ. ਦਵਿੰਦਰ ਸਿੰਘ ਘਲੋਟੀ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਮੇਂ-ਸਮੇਂ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ, ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਕਾਰ ਸੇਵਾ ਵਿੱਚ ਵੀ ਵੱਧ ਚੜ੍ਹ ਕੇ ਸੇਵਾ ਕਰਵਾਈ ਜਾਂਦੀ ਹੈ। ਸ. ਘਲੋਟੀ ਨੇ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਅਖੀਰ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸ. ਹੁੰਦਲ ਨੇ ਸਮੂਹ ਸੰਗਤਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।

Send this to a friend