ਬਰਮਿੰਘਮ, 2 ਜੂਨ-ਇਥੇ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਗਰੁੱਪ ਏ ਦੇ ਮੈਚ ਵਿੱਚ ਨਿਊਜ਼ੀਲੈਂਡ ਦੀਆਂ ਜਿੱਤ ਦੀਆਂ ਆਸਾਂ ਧਰੀਆਂ-ਧਰਾਈਆਂ ਰਹਿ ਗਈ। ਖੇਡ ਦੌਰਾਨ ਜਦੋਂ ਤੀਜੀ ਵਾਰ ਮੀਂਹ ਉਤਰਿਆ, ਉਸ ਵਕਤ ਆਸਟਰੇਲੀਆ ਮਹਿਜ਼ 9 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਸਿਰਫ 53 ਦੌੜਾਂ ਹੀ ਬਣਾ ਸਕਿਆ ਸੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ 291 ਦੌੜਾਂ ਬਣਾਈਆਂ ਸਨ, ਪਰ ਮੀਂਹ ਕਾਰਨ ਟੀਚਾ 33 ਓਵਰਾਂ ਵਿੱਚ 235 ਦੌੜਾਂ ਬਣਾਉਣ ਦਾ ਰੱਖਿਆ ਗਿਆ ਸੀ।
ਇਸ ਤੋਂ ਪਹਿਲਾਂ ਕਪਤਾਨ ਕੇਨ ਵਿਲੀਅਮਸਨ ਦੇ ਸੈਂਕੜੇ ਅਤੇ ਸਿਖ਼ਰਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ 46 ਓਵਰਾਂ ਦੇ ਗਰੁੱਪ ਏ ਦੇ ਮੈਚ ਵਿੱਚ 291 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਪਾਰੀ ਵਿੱਚ ਮੀਂਹ ਆਉਣ ਕਾਰਨ ਓਵਰਾਂ ਦੀ ਗਿਣਤੀ ਘੱਟ ਕਰ ਦਿੱਤੀ ਗਈ ਸੀ। ਵਿਲੀਅਮਸਨ ਨੇ 97 ਗੇਂਦਾਂ ਵਿੱਚ ਅੱਠ ਚੌਕਿਆਂ ਦੀ ਮੱਦਦ ਨਾਲ 100 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਸਲਾਮੀ ਬੱਲੇਬਾਜ਼ ਲਿਉਕ ਰੋਂਚੀ 65 ਦੇ ਨਾਲ ਦੂਜੇ ਵਿਕਟ ਲਈ 99 ਦੌੜਾਂ ਦੀ ਸਾਝੇਦਾਰੀ ਵੀ ਕੀਤੀ ਇਸ ਦੇ ਬਾਵਜੂਦ ਟੀਮ 45 ਓਵਰਾਂ ਵਿੱਚ ਸਿਮਟ ਗਈ।
ਆਸਟਰੇਲੀਆ ਦੇ ਤੇਜ ਗੇਂਦਬਾਜ਼ ਜੋਸ਼ ਹੇਜਲਵੁੱਡ (52 ਦੌੜਾਂ ਉੱਤੇ ਛੇ ਵਿਕਟਾਂ) ਨੇ ਆਪਣੇ ਕਰੀਅਰ ਦੀ ਸਭ ਤੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਡੈਥ ਓਵਰਾਂ ਵਿੱਚ ਆਸਟਰੇਲੀਆ ਨੂੰ ਵਾਪਸੀ ਦਿਵਾਈ ਜਿਸ ਨਾਲ ਨਿਊਜ਼ੀਲੈਂਡ ਦੀ ਟੀਮ ਨੇ ਆਖ਼ਰੀ ਸੱਤ ਵਿਕਟਾਂ 37 ਦੌੜਾਂ ਵਿੱਚ ਗਵਾ ਦਿੱਤੀਆਂ। ਜੌਹਨ ਹੈਸਟਿੰਗਜ਼ ਨੇ ਵੀ 69 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।