ਬਠਿੰਡਾ, 2 ਜੂਨ (ਇਕਬਾਲ ਸਿੰਘ)-ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ, ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਤਕਨੀਕੀ ਸਿੱਖਿਆ ਨੂੰ ਸਮੇਂ ਅਨੁਸਾਰ ਅਤੇ ਉਦਯੋਗਿਕ ਖੇਤਰ ਦੀ ਲੋੜ ਨੂੰ ਪੂਰਦੇ ਹੋਏ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ’ਚ ਕਿੱਤਾਮੁਖੀ ਅਤੇ ਤਕਨੀਕੀ ਸਿੱਖਿਆ ਦਾ ਪੱਧਰ ਉੱਚਾ ਚੁਕਦੇ ਹੋਏ, ਪੰਜਾਬ ਸਰਕਾਰ ਵਲੋਂ ਦੇਸ਼ ਭਰ ਵਿਚ ਚਲਾਏ ਜਾਣ ਵਾਲੇ ਆਈ.ਆਈ.ਟੀ. ਦੀ ਤਰਜ਼ ’ਤੇ, ਤਕਨੀਕੀ ਸਿੱਖਿਆ ਦਿੱਤੀ ਜਾਵੇਗੀ। ਇਸ ਨਾਲ ਇੱਕ ਪਾਸੇ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਉੱਥੇ ਹੀ ਉਦਯੋਗਿਕ ਵਿਕਾਸ ਵੀ ਵਧੇਗਾ। ਘਰ-ਘਰ ਰੁਜ਼ਗਾਰ ਦੇ ਨਾਹ੍ਹਰੇ ਹੇਠ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਤਕਨੀਕੀ ਸਿੱਖਿਆ ਦੇ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਸਾਨੀ ਨਾਲ ਨੌਕਰੀਆਂ ਮਿਲ ਸਕਣ। ਸ਼੍ਰੀ ਚੰਨੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਦੌਰੇ ’ਤੇ ਆਏ ਸਨ ਜਿਥੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮੋਹਨ ਪਾਲ ਸਿੰਘ ਈਸ਼ਰ, ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜੇ.ਐਸ. ਹੁੰਦਲ ਅਤੇ ਹੋਰ ਸਟਾਫ਼ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਸ਼੍ਰੀ ਚੰਨੀ ਨੇ ਯੂਨੀਵਰਸਿਟੀ ਵਿਖੇ ਨਵੇਂ ਬਣੇ ਫਾਰਮਾਸੂਟੀਕਲ ਵਿਭਾਗ ਦੀ ਇਮਾਰਤ ਅਤੇ ਯੂਨੀਵਰਸਿਟੀ ਦੇ ਬਣਾਏ ਗਏ ਨਵੇਂ ਮੁੱਖ ਗੇਟ ਦਾ ਵੀ ਉਦਘਾਟਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸਿਲੇਬਸ ’ਚ ਵੱਡੇ ਬਦਲਾਅ ਲਿਆਉਣ ਤੋਂ ਇਲਾਵਾ ਤਕਨੀਕੀ ਕਾਲਜਾਂ ਦੇ ਅਧਿਆਪਕਾਂ ਲਈ ਵੀ ਵੱਖਰੇ ਸਿਖਲਾਈ ਕੋਰਸ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰੀਖਿਆ ਦੌਰਾਨ ਉਡਨ ਦਸਤੇ ਵਿਦਿਆਰਥੀਆਂ ਨੂੰ ਨਕਲ ਕਰਦੇ ਹੋਏ ਫੜਦੇ ਹਨ ਤਾਂ ਸਬੰਧਤ ਸਟਾਫ਼ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਪ੍ਰੀਖਿਆ ਕੇਂਦਰ ਮਿਲੀ ਭੁਗਤ ਨਾਲ ਵਿਦਿਆਰਥੀਆਂ ਨੂੰ ਨਕਲ ਕਰਵਾਉਂਦਿਆਂ ਪਾਇਆ ਗਿਆ ਤਾਂ ਉਸ ਪ੍ਰੀਖਿਆ ਕੇਂਦਰ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਮੌਜੂਦ ਸਨ।