ਜਲੰਧਰ, 2 ਜੂਨ (ਪੰਜਾਬ ਟਾਇਮਜ਼ ਬਿਊਰੋ)-ਐੱਮ.ਜੀ.ਐੱਨ. ਸਕੂਲ ਆਦਰਸ਼ ਨਗਰ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਐੱਨ.ਜੀ.ਓ. ਦੁਆਰਾ ਕਰੀਅਰ ਕਾਉਂਸਲਿੰਗ ਸੈਸ਼ਨ ਅਯੋਜਿਤ ਕੀਤਾ ਗਿਆ। ਇਸ ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀ ਜੀਵਨ ਵਿੱਚ ਆਉਣ ਵਾਲੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਤੇ ਉਨ੍ਹਾਂ ਦਾ ਹੱਲ ਕੱਢਣਾ ਸੀ। ਇਸ ਸੈਸ਼ਨ ਦੇ ਮੁੱਖ ਬੁਲਾਰੇ ਸ. ਗੁਰਮੀਤ ਸਿੰਘ ਟਿਵਾਣਾ, (ਸੀ.ਜੇ.ਐੱਮ ਕਮ ਸੈਕਟਰੀਏਟ ਡਿਸਟਿਕ ਲੀਗਲ ਏਡ ਸੁਸਾਇਟੀ) ਡਾ. ਪਵਨ ਸੂਰੀ (ਸੀਨੀਅਰ ਕਾਰਡਿਆਲੌਜਿਸਟ ਐੱਸ.ਜੀ.ਆਈ. ਹਸਪਤਾਲ) ਸ. ਅਮਰੀਕ ਸਿੰਘ ਪਵਾਰ (ਸੁਪਰੀਟੈਂਡੈਂਟ ਪੰਜਾਬ ਪੁਲਿਸ), ਡਾ. ਸੁਮਿਤ ਸਿੰਘ (ਪੀ.ਐੱਚ.ਡੀ. ਸਕਾਲਰ ਪੀ.ਏ.ਯੂ ਲੁਧਿਆਣਾ), ਸ. ਕੰਵਰਜੀਤ ਸਿੰਘ (ਐਡਵੋਕੇਟ ਐਕਸ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਡੀ.ਬੀ.ਏ. ਜਲੰਧਰ), ਸ. ਭਵਨੀਤ ਸਿੰਘ ਭਾਟੀਆ (ਐਡਵੋਕੇਟ ਪ੍ਰੈਜ਼ੀਡੈਂਟ ਨਈ ਦਿਸ਼ਾ) ਸਨ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਵਿਸ਼ੇ ਦੀ ਚੋਣ ਆਪਣੀ ਰੁਚੀ ਅਨੁਸਾਰ ਕਰਨੀ ਚਾਹੀਦੀ ਹੈ ਅਤੇ ਦ੍ਰਿੜ ਇਰਾਦੇ ਨਾਲ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਜੁਟ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਔਸਤ ਵਿਦਿਆਰਥੀ ਵੀ ਕਿਸੇ ਤੋਂ ਘੱਟ ਨਹੀਂ ਉਹ ਆਪਣੀ ਰੁਚੀ ਦੇ ਵਿਸ਼ੇ ਵਿੱਚ ਮਿਹਨਤ ਤੇ ਲਗਨ ਨਾਲ ਬੁਲੰਦੀਆਂ ਛੂਹ ਸਕਦੇ ਹਨ। ਜ਼ਰੂਰੀ ਨਹੀਂ ਕਿ ਉਸ ਨੇ ਮੈਡੀਕਲ ਜਾਂ ਨਾਨ-ਮੈਡੀਕਲ ਵਿਸ਼ੇ ਦੀ ਹੀ ਪੜ੍ਹਾਈ ਕਰਨੀ ਹੈ। ਔਸਤ ਵਿਦਿਆਰਥੀ ਲਈ ਵੀ ਜੀਵਨ ਵਿੱਚ ਬਹੁਤ ਸੁਨਹਿਰੀ ਮੌਕੇ ਹੁੰਦੇ ਹਨ। ਕੇਵਲ ਚੰਗੇ ਨੰਬਰ ਪ੍ਰਾਪਤ ਕਰ ਲੈਣਾ ਹੀ ਕਾਫੀ ਨਹੀਂ ਹੁੰਦਾ। ਪ੍ਰਭਾਵਿਤ ਵਿਚਾਰ ਨਿਪੁੰਨਤਾ ਵੀ ਬਹੁਤ ਮਾਇਨੇ ਰੱਖਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਖੇਡਾਂ ਦੇ ਖੇਤਰ ਵਿੱਚ ਵੀ ਰੁਜ਼ਗਾਰ ਪ੍ਰਾਪਤੀ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਆਪਣੀਆਂ ਸਮੱਸਿਆਵਾਂ ਨਾਲ ਸਬੰਧਿਤ ਕਈ ਪ੍ਰਸ਼ਨ ਪੁੱਛੇ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਤੁਸ਼ਟ ਜਨਕ ਉੱਤਰ ਦਿੱਤੇ ਤੇ ਉਨ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕੀਤਾ ਤੇ ਕਈ ਵੱਡੀਆਂ ਸਖਸ਼ੀਅਤਾਂ ਦੇ ਹਵਾਲੇ ਦੇ ਕੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਕਿਸ ਤਰ੍ਹਾਂ ਦ੍ਰਿੜ ਇਰਾਦੇ ਤੇ ਲਗਨ ਨਾਲ ਆਪਣਾ ਮੁਕਾਮ ਹਾਸਲ ਕੀਤਾ। ਸਕੂਲ ਮੈਨੇਜਰ ਸ. ਰਮਣੀਕ ਸਿੰਘ ਅਤੇ ਪਿੰ੍ਰ. ਸ਼੍ਰੀਮਤੀ ਗੁਨਮੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸੁਆਗਤ ਕੀਤਾ ਅਤੇ ਆਪਣਾ ਕੀਮਤੀ ਸਮਾਂ ਕੱਢ ਕੇ ਵਿਦਿਆਰਥੀਆਂ ਨੂੰ ਕੀਮਤੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ’ਤੇ ਸ਼੍ਰੀਮਤੀ ਸੁਸ਼ਮਾ ਪਰਿਹਾਰ (ਪ੍ਰਾਇਮਰੀ ਇੰਚਾਰਜ), ਮਿਸ ਦੀਪਤੀ ਕੌਸ਼ਲ (ਰੇਨਬੋ ਵਿੰਗ ਇੰਚਾਰਜ) ਦੋਨੋਂ ਵਿੰਗਜ਼ ਦੇ ਕੋਆਰਡੀਨੇਟਰ ਆਤੇ ਸਟਾਫ਼ ਸੈਕਟਰੀ ਮੌਜੂਦ ਸਨ।