ਅੱਧੀ ਰਾਤੀਂ ਨਾਕਾ ਲਾ ਕੇ ਸੰਗਰੂਰ ਪੁਲਿਸ ਵੱਲੋਂ 50 ਡੱਬੇ ਸ਼ਰਾਬ ਬਰਾਮਦ

image ਸੰਗਰੂਰ, 30 ਮਈ (ਹਰਜੀਤ ਸਿੰਘ ਹਸਨਪੁਰੀ)- ਸੰਗਰੂਰ ਪੁਲੀਸ ਵੱਲੋਂ ਬੀਤੀ ਅੱਧੀ ਰਾਤ ਨਾਕੇਬੰਦੀ ਕਰ ਕੇ ਸ਼ਹਿਰ ਵਿਚ ਗ਼ੈਰਕਾਨੂੰਨੀ ਤੌਰ ‘ਤੇ ਵੇਚਣ ਲਈ ਲਿਆਂਦੀ ਗਈ ਸ਼ਰਾਬ ਦੇ 50 ਡੱਬੇ ਬਰਾਮਦ ਕੀਤੇ ਹਨ। ਛਾਪੇ ਦੌਰਾਨ ਹੌਂਡਾ ਸਿਟੀ ਕਾਰ ‘ਚ ਸਵਾਰ ਦੋ ਨਸ਼ਾ ਤਸਕਰਾਂ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਜਦਕਿ ਇੱਕ ਹਨੇਰੇ ਦਾ ਫਾਇਦਾ ਉਠਾਉਂਦਿਆਂ ਫ਼ਰਾਰ ਹੋ ਗਿਆ। ਫ਼ਰਾਰ ਹੋਣ ਵਾਲਾ ਵਿਅਕਤੀ ਓਮ ਪ੍ਰਕਾਸ਼ ਉਰਫ਼ ਓਮਾ, ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ (ਸ਼ਹਿਰੀ) ਦੇ ਜ਼ਿਲ੍ਹਾ ਆਗੂ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਮੌਜੂਦਾ ਨਗਰ ਕੌਂਸਲਰ ਦਾ ਭਰਾ ਦੱਸਿਆ ਜਾ ਰਿਹਾ ਹੈ ਜਦੋਂ ਕਿ ਅਕਾਲੀ ਆਗੂ ਦਾ ਕਹਿਣਾ ਹੈ ਕਿ ਉਸ ਦਾ ਭਰਾ ਮੌਜੂਦ ਨਹੀਂ ਸੀ।ਇਥੇ ਥਾਣਾ ਸਿਟੀ ਪੁਲੀਸ ਦੇ ਇੰਚਾਰਜ ਇੰਸਪੈਕਟਰ ਦੀਪਇੰਦਰਪਾਲ ਸਿੰਘ ਜੇਜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਹੌਂਡਾ ਸਿਟੀ ਕਾਰ ਵਿਚ ਨਜ਼ਾਇਜ਼ ਤੌਰ ‘ਤੇ ਸ਼ਰਾਬ ਲਿਆਂਦੀ ਜਾ ਰਹੀ ਹੈ ਜੋ ਡਾ. ਅੰਬੇਦਕਰ ਨਗਰ ਵਿਚ ਵੇਚੀ ਜਾਣੀ ਹੈ ਜਿਥੇ ਸ਼ਰਾਬ ਖਰੀਦਣ ਵਾਲੇ ਗ੍ਰਾਹਕ ਵੀ ਤਿਆਰ ਖੜ੍ਹੇ ਹਨ।ਥਾਣਾ ਸਿਟੀ ਇੰਚਾਰਜ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਉਨ੍ਹਾਂ ਵਲੋਂ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਅਤੇ ਪੁਲੀਸ ਪਾਰਟੀ ਸਮੇਤ ਪਟਿਆਲਾ ਗੇਟ ਪੈਟਰੌਲ ਪੰਪ ਦੇ ਨਜ਼ਦੀਕ ਨਾਕੇਬੰਦੀ ਕਰ ਲਈ। ਰਾਤੀਂ ਕਰੀਬ ਇੱਕ ਵਜੇ ਪਟਿਆਲਾ ਵਾਲੀ ਸਾਈਡ ਤੋਂ ਇੱਕ ਹੌਂਡਾ ਸਿਟੀ ਕਾਰ ਆਈ ਜਿਸ ਨੂੰ ਤੁਰੰਤ ਰੋਕਿਆ ਗਿਆ। ਕਾਰ ਰੁਕਦਿਆਂ ਹੀ ਪਿਛਲੀ ਸੀਟ ‘ਤੇ ਬੈਠਾ ਓਮ ਪ੍ਰਕਾਸ਼ ਉਰਫ਼ ਓਮਾ ਵਾਸੀ ਸੰਗਰੂਰ ਫ਼ਰਾਰ ਹੋ ਗਿਆ ਜਦਕਿ ਕਾਰ ‘ਚ ਸਵਾਰ ਦੋ ਜਣਿਆਂ ਕਰਮਜੀਤ ਸਿੰਘ ਉਰਫ਼ ਕਰਮਾ ਵਾਸੀ ਸਾਰੋਂ ਜ਼ਿਲ੍ਹਾ ਪਟਿਆਲਾ ਅਤੇ ਅਮਰਜੀਤ ਸਿੰਘ ਵਾਸੀ ਜਲਾਲਪੁਰ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਾਰ ਦੀ ਤਲਾਸ਼ੀ ਲੈਣ ‘ਤੇ ਕਾਰ ਵਿੱਚੋਂ 50 ਡੱਬੇ (600 ਬੋਤਲਾਂ)  ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਅੰਬੇਦਕਰ ਨਗਰ ਵਿਚ ਨਸ਼ਾ ਤਸਕਰ ਓਮ ਪ੍ਰਕਾਸ਼ ਓਮਾ ਬਾਹਰਲੇ ਬੰਦਿਆਂ ਤੋਂ ਸ਼ਰਾਬ ਮੰਗਵਾਉਂਦਾ ਸੀ। ਰਾਤ ਨੂੰ ਕੁੱਝ ਮਿੰਟਾਂ ਵਿਚ ਹੀ ਸ਼ਰਾਬ ਵੇਚ ਦਿੱਤੀ ਜਾਂਦੀ ਸੀ। ਪੁਲੀਸ ਇਸੇ ਕਾਰਨ ਸਖ਼ਤ ਨਜ਼ਰ ਰੱਖ ਰਹੀ ਸੀ। ਉਨ੍ਹਾਂ ਕਿਹਾ ਕਿ ਅੰਬੇਦਕਰ ਨਗਰ ‘ਚ ਇਹ ਚਰਚਾ ਵੀ ਸੀ ਕਿ ਦੋ ਦਿਨਾਂ ਤੋਂ ਸ਼ਰਾਬ ਮੁੱਕੀ ਹੋਈ ਹੈ ਅਤੇ ਗ੍ਰਾਹਕ ਸ਼ਰਾਬ ਦੀ ਉਡੀਕ ਵਿਚ ਹਨ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਸ਼ਰਾਬ ਹਰਿਆਣਾ ਤੋਂ ਸਸਤੇ ਭਾਅ ਲਿਆ ਕੇ ਦੁੱਗਣੇ ਭਾਅ ਵੇਚੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਵੇਂ ਨਸ਼ਾ ਤਸਕਰਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਸੀ ਅਤੇ ਇੱਕ ਦਿਨ ਦਾ ਪੁਲੀਸ ਰਿਮਾਂਡ ਮਿਲਿਆ ਹੈ। ਗ੍ਰਿਫ਼ਤਾਰ ਨਸ਼ਾ ਤਸਕਰਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਫ਼ਰਾਰ ਹੋਏ ਓਮ ਪ੍ਰਕਾਸ਼ ਉਰਫ਼ ਓਮਾ ਦੇ ਖ਼ਿਲਾਫ਼ ਪਹਿਲਾਂ ਵੀ ਆਬਕਾਰੀ ਐਕਟ ਤਹਿਤ ਚਾਰ ਕੇਸ ਦਰਜ ਹਨ।ਉਧਰ, ਸ੍ਰੋਮਣੀ ਅਕਾਲੀ ਦਲ ਐਸ.ਸੀ.ਵਿੰਗ ਸ਼ਹਿਰੀ ਦੇ ਜ਼ਿਲ੍ਹਾ ਆਗੂ ਵਿਜੇ ਲੰਕੇਸ਼ ਦਾ ਕਹਿਣਾ ਹੈ ਕਿ ਰਾਤ ਉਸ ਦਾ ਭਰਾ ਨਹੀਂ ਸੀ ਅਤੇ ਪੁਲਿਸ ਗਲਤ ਆਖ਼ ਰਹੀ ਹੈ।

Send this to a friend