ਅੰਮ੍ਰਿਤਸਰ, 29 ਮਈ (ਪੰਜਾਬ ਟਾਇਮਜ਼ ਬਿਊਰੋ)- ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ ਦੀ ਹਾਰ ਦੇ ਕਾਰਨ ਜਾਣਨ ਲਈ ਪੰਜਾਬ ਪਹੁੰਚੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਹਾਰ ਦੀ ਜ਼ਿੰਮੇਵਾਰੀ ਰੱਬ ਸਿਰ ਮੜ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਦੀ ਹਾਰ ਲਈ ਕਈ ਕਾਰਨ ਹੋ ਸਕਦੇ ਹਨ ਪਰ ਉੱਪਰ ਵਾਲਾ ਇਹ ਚਾਹੁੰਦਾ ਸੀ ਕਿ ਪਾਰਟੀ ਵਿਰੋਧੀ ਧਿਰ ਵਿੱਚ ਬੈਠ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੇ। ਉਨ੍ਹਾਂ ਕਿਹਾ ਕਿ ਉਹ ਉੱਪਰ ਵਾਲੇ ਦੀ ਸ਼ਕਤੀ ਵਿੱਚ ਉਹ ਵਿਸ਼ਵਾਸ ਰੱਖਦੇ ਹਨ ਤੇ ਜੋ ਵੀ ਹੋਇਆ ਉੱਪਰ ਵਾਲੇ ਦੀ ਮਰਜ਼ੀ ਨਾਲ ਹੀ ਹੋਇਆ। ਉਨ੍ਹਾਂ ਕਿਹਾ ਪੰਜਾਬ ਦੇ ਨਤੀਜੇ ਪਾਰਟੀ ਦੀਆਂ ਉਮੀਦਾਂ ਦੇ ਖਿਲਾਫ ਨਹੀਂ ਸਗੋਂ ਪੰਜਾਬੀਆਂ ਦੀਆਂ ਉਮੀਦਾਂ ਦੇ ਖਿਲਾਫ ਆਏ ਹਨ। ਉਨ੍ਹਾਂ ਪਾਰਟੀ ਵਰਕਰਾਂ ਕੋਲੋਂ ਮੁਆਫੀ ਮੰਗੀ ਕਿ ਉਹ ਦਿੱਲੀ ਵਿੱਚ ਕੁਝ ਰੁਝੇਵੇਂ ਹੋਣ ਕਰਕੇ ਪੰਜਾਬ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਨਹੀਂ ਆ ਸਕੇ। ਕੇਜਰੀਵਾਲ ਨੇ ਪਾਰਟੀ ਵਰਕਰਾਂ ਤੇ ਲੀਡਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਨਤੀਜਿਆਂ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਏਵੀਐਮ ਵਿੱਚ ਗੜਬੜ ਕੀਤੀ ਗਈ ਹੈ। ਅਕਾਲੀ ਕਾਂਗਰਸ ਮਿਲੇ ਹੋਏ ਹਨ। ਚੋਣਾਂ ਵਿੱਚ ਪੈਸੇ ਵੀ ਬਹੁਤ ਵੰਡੇ ਗਏ ਤੇ ਕਿਤੇ ਨਾ ਕਿਤੇ ਸਾਡੇ ਵਿੱਚ ਵੀ ਕਈ ਕਮੀਆਂ ਸਨ ਪਰ ਜੋ ਕੁਝ ਵੀ ਹੋਇਆ ਉਹ ਸਭ ਉੱਪਰ ਵਾਲੇ ਨੇ ਕਰਵਾਇਆ।ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਕੈਪਟਨ ਨੇ ਪੰਜਾਬ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਕੈਪਟਨ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਹਰ ਨੌਜਵਾਨ ਨੂੰ ਨੌਕਰੀ ਦੇਣ ਦੇ ਵਾਅਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੈਪਟਨ ਨੇ ਕਿਸੇ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ।