ਕਸ਼ਮੀਰ ਦੀ ਲੜਾਈ ’ਚ ਫੌਜ ਨਵੇਂ ਢੰਗ ਤਰੀਕੇ ਲੱਭੇ : ਫੌਜੀ ਮੁਖੀ

ਫੌਜੀ ਮੁਖੀ ਸ੍ਰੀ ਵਿਪਨ ਰਾਵਤ ਕਸ਼ਮੀਰ ਦੇ ਦੋ ਰੋਜ਼ਾ ਦੌਰੇ ’ਤੇ
image ਨਵੀਂ ਦਿੱਲੀ/ਸ੍ਰੀਨਗਰ, 28 ਮਈ (ਪੰਜਾਬ ਟਾਇਮਜ਼ ਬਿਊਰੋ)- ਪੱਥਰਬਾਜ਼ ਨੂੰ ਜੀਪ ਦੇ ਅੱਗੇ ਬੰਨ੍ਹੇ ਜਾਣ ਦੀ ਘਟਨਾ ਨੂੰ ਲੈ ਕੇ ਭਾਰਤੀ ਸੈਨਾ ਦੇ ਮੁਖੀ ਸ੍ਰੀ ਵਿਪਨ ਰਾਵਤ ਨੇ ਫੌਜ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਭਾਰਤੀ ਫੌਜੀਆਂ ਨੂੰ ਕਸ਼ਮੀਰ ਵਿੱਚ ‘ਡਰਟੀ ਵਾਰ’ ਨਾਲ ਨਿਪਟਣ ਲਈ ਨਵੇਂ-ਨਵੇਂ ਤਰੀਕੇਈਜਾਦ ਕਰਨ ਦੀ ਜ਼ਰੂਰਤ ਹੈ। ਫੌਜੀ ਮੁਖੀ ਨੇ ਕਿਹਾ ਕਿ ਜਦੋਂ ਸਾਹਮਣੇ ਤੋਂ ਲੋਕ ਪੱਥਰ ਅਤੇ ਪੈਟਰੋਲ ਬੰਬ ਸੁੱਟ ਰਹੇ ਹੋਣ ਤਾਂ ਉਹ ਆਪਣੇ ਜਵਾਨਾਂ ਨੂੰ ਚੁੱਪ-ਚਾਪ ਮਰਨ ਲਈ ਨਹੀਂ ਛੱਡ ਸਕਦੇ। ਇਸ ਦੇ ਨਾਲ ਹੀ ਫੌਜੀ ਮੁਖੀ ਨੇ ਇਹ ਵੀ ਕਿਹਾ ਕਿ ਜੇਕਰ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਪੱਥਰ ਦੀ ਥਾਂ ਹਥਿਆਰ ਹੁੰਦੇ ਤਾਂ ਉਨ੍ਹਾਂ ਨੂੰ ਖੁਸ਼ੀ ਹੁੰਦੀ। ਕਸ਼ਮੀਰ ਦੇ ਦੋ ਰੋਜ਼ਾ ਦੌਰੇ ’ਤੇ ਇੱਥੇ ਪਹੁੰਚੇ ਸ੍ਰੀ ਰਾਵਤ ਨੇ ਮੰਗ ਕੀਤੀ  ਕਿ ਕਸ਼ਮੀਰ ਮੁੱਦੇ ਦਾ ਠੋਸ ਹੱਲ ਕੀਤਾ ਜਾਵੇ ਅਤੇ ਇਸ ਵਿੱਚ ਸਾਰਿਆਂ ਨੂੰ ਸ਼ਾਮਿਲ ਹੋਣ ਲਈ ਕਿਹਾ ਜਾਵੇ। ਇੱਥੇ ਜ਼ਿਕਰਯੋਗ ਹੈ ਕਿ ਫੌਜ ਦੇ ਇੱਕ ਮੇਜਰ ਲੀਤੁਲ ਗੰਗੋਈ ਨੇ ਸ੍ਰੀਨਗਰ ਦੀ ਜਿਮਨੀ ਚੋਣ ਸਮੇਂ ਇੱਕ ਕਥਿਤ ਪੱਥਰਬਾਜ਼ ਨੂੰ ਫੌਜੀ ਜੀਪ ਦੇ ਅੱਗੇ ਬੰਨ੍ਹ ਦਿੱਤਾ ਸੀ ਤਾਂ ਜੋ ਪੱਥਰਬਾਜ਼ੀ ਤੋਂ ਫੌਜੀਆਂ ਨੂੰ ਬਚਾਇਆ ਜਾ ਸਕੇ। ਇਸ ਘਟਨਾ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਇਸ ਮੁੱਦੇ ’ਤੇ ਵੱਡਾ ਵਿਵਾਦ ਛਿੜਿਆ ਹੋਇਆ ਹੈ। ਜੰਮੂ-ਕਸ਼ਮੀਰ ਦੇ ਪੁਲਿਸ ਨੇ ਮੇਜਰ ਖਿਲਾਫ ਕੇਸ ਵੀ ਦਰਜ ਕਰ ਰੱਖਿਆ ਹੈ। ਇਸ ਦੌਰਾਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹਿਜਬੁਲ ਮਜਾਹਦੀਨ ਅਤੇ ਪਾਕਿਸਤਾਨੀ ਘੁੱਸਪੈਠੀਆਂ ਦੇ ਮਾਰੇ ਜਾਣ ਤੋਂ ਬਾਅਦ ਵਾਦੀ ਵਿੱਚ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ। ਹੁਰੀਅਤ ਅਤੇ ਦੂਸਰੀਆਂ ਕਸ਼ਮੀਰੀ ਜੱਥੇਬੰਦੀਆਂ ਨੇ ਦੋ ਦਿਨਾ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਕੁਝ ਖੇਤਰਾਂ ਵਿੱਚ ਬੰਦ ਨੂੰ ਹੁੰਗਾਰਾ ਨਹੀਂ ਮੀਲਿਆ।

Send this to a friend