ਦੂਜਾ ਤੇ ਤੀਜਾ ਸਥਾਨ ਹਾਸਿਲ ਕਰਕੇ ਚੰਡੀਗੜ੍ਹ ਦੀਆਂ ਤਿੰਨ ਕੁੜੀਆਂ ਨੇ ਰਚਿਆ ਇਤਿਹਾਸ
ਨਵੀਂ ਦਿੱਲੀ, 28 ਮਈ- ਲੰਬੇ ਇੰਤਜ਼ਾਰ ਤੋਂ ਬਾਅਦ ਐਤਵਾਰ ਨੂੰ ਸੀਬੀਐਸਈ ਨੇ +2 ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਨੋਇਡਾ ਦੇ ਏਮਿਟੀ ਇੰਟਰਨੈਸ਼ਨਲ ਸਕੂਲ ’ਚ ਹਿਊਮਿਨੀਟੀਜ਼ ਦੀ ਵਿਦਿਆਰਥਣ ਰਕਸ਼ਾ ਗੋਪਾਲ 99.6% ਨੰਬਰ ਲੈ ਕੇ ਪੂਰੇ ਦੇਸ਼ ਦੀ ਟਾਪਰ ਬਣ ਗਈ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਰਕਸ਼ਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਚੰਡੀਗੜ੍ਹ ਤੋਂ ਸਾਇੰਸ ਦੀ ਵਿਦਿਆਰਥਣ ਭੂਮੀ ਸਾਵੰਤ ਦੂਸਰੇ ਨੰਬਰ ’ਤੇ ਰਹੀ ਹੈ। ਉਸ ਨੇ 99.4% ਅੰਕ ਹਾਸਿਲ ਕੀਤੇ ਹਨ। ਭੂਮੀ ਚੰਡੀਗੜ੍ਹ ਦੇ ਡੀਏਵੀ ਸਕੂਲ ਸੈਕਟਰ 8 ਵਿੱਚ ਪੜ੍ਹਦੀ ਹੈ। ਉਸ ਨੇ ਫਿਜੀਕਸ ਕੈਮਿਸਟਰੀ, ਮੈਥ ਅਤੇ ਕੰਪਿਊਟਰ ਸਾਇੰਸ ਵਿੱਚੋਂ 100 ਨੰਬਰ ਅਤੇ ਇੰਗਲਿਸ਼ ਵਿੱਚੋਂ 97 ਨੰਬਰ ਹਾਸਿਲ ਕੀਤੇ ਹਨ। ਚੰਡੀਗੜ੍ਹ ਦੀ ਹੀ ਅਦਿੱਤਿਆ ਨੈਨਾ ਅਤੇ ਮੰਨਤ ਲੂਥਰਾ ਤੀਸਰੇ ਸਥਾਨ ’ਤੇ ਰਹੇ। ਦੋਵਾਂ ਨੇ ਇੱਕੋ ਜਿੰਨੇ 99.2% ਅੰਕ ਹਾਸਿਲ ਕੀਤੇ ਹਨ। ਦੋਵੇਂ ਹੀ ਕਾਮਰਸ ਦੀਆਂ ਵਿਦਿਆਰਥਣਾਂ ਹਨ। ਇਸ ਵਾਰ ਦੀ ਖਾਸੀਅਤ ਇਹ ਰਹੀ ਹੈ ਕਿ ਸਾਇੰਸ ਦੀ ਬਜਾਏ ਆਰਟਸ ਦੇ ਵਿਦਿਆਰਥੀ ਅੱਗੇ ਰਹੇ ਹਨ। ਇਸ ਵਾਰ 10 ਲੱਖ 98 ਹਜ਼ਾਰ 891 ਵਿਦਿਆਰਥੀਆਂ ਨੇ +2 ਦੀ ਪ੍ਰੀਖਿਆ ਦਿੱਤੀ ਸੀ। ਇਸ ਵਿੱਚ 82% ਬੱਚਿਆਂ ਨੇ ਕਾਮਯਾਬੀ ਹਾਸਿਲ ਕੀਤੀ ਹੈ, ਜਦੋਂ ਕਿ ਪਿਛਲੇ ਸਾਲ 83.05% ਬੱਚੇ ਪਾਸ ਹੋਏ ਸਨ। ਪ੍ਰੀਖਿਆ ਵਿੱਚ ਟਾਪ ਕਰਨ ਵਾਲੇ ਰਕਸ਼ਾ ਨੂੰ ਇਸ ਗੱਲ ਦਾ ਯਕੀਨ ਨਹੀਂ ਆ ਰਿਹਾ ਕਿ ਉਹ ਪੂਰੇ ਭਾਰਤ ’ਚੋਂ ਪਹਿਲੇ ਨੰਬਰ ’ਤੇ ਆਈ ਹੈ। ਇਸ ਦੌਰਾਨ ਮਨੁੱਖੀ ਸੋਮਿਆਂ ਬਾਰੇ ਮੰਤਰੀ ਸ੍ਰੀ ਪ੍ਰਕਾਸ਼ ਜਵੇਦਕਰ ਨੇ ਕਿਹਾ ਹੈ ਕਿ ਬੱਚੇ ਕਾਮਯਾਬ ਹੋਏ ਹਨ, ਉਨ੍ਹਾਂ ਨੂੰ ਵਧਾਈ। ਜਿਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ। ਪਿਛਲੇ ਸਾਲ ਵੀ ਇਸ ਪ੍ਰੀਖਿਆ ਵਿੱਚ ਲੜਕੀਆਂ ਅੱਵਲ ਰਹੀਆਂ ਸਨ। ਤੀਜੇ ਨੰਬਰ ’ਤੇ ਰਹਿਣ ਵਾਲੀਆਂ ਅਦਿੱਤਿਆ ਅਤੇ ਮੰਨਤ ਕਾਮਰਸ ਦੀਆਂ ਵਿਦਿਆਰਥਣਾਂ ਹਨ। ਸਿੱਖਿਆ ਬੋਰਡ ਨੇ ਪ੍ਰੀਖਿਆ ਵਿੱਚ ਪਾਸ ਨਾ ਹੋਣ ਵਾਲੇ ਵਿਦਿਆਰਥੀਆਂ ਦੀ ਮਾਨਸਿਕ ਕੌਂਸਲਿੰਗ ਲਈ ਟੋਲ ਫ੍ਰੀ ਨੰਬਰ 18000118004 ਜਾਰੀ ਕੀਤਾ ਹੈ। ਇਸ ਨੰਬਰ ’ਤੇ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਗੱਲਪਾਤ ਕਰ ਸਕਦੇ ਹਨ। ਇੱਥੇ ਜ਼ਿਕਰਯੋਗ ਹੈ ਕਿ ਦਿੱਲੀ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਮਾਡਰੇਸ਼ਨ ਪਾਲਿਸੀ ਨੂੰ ਲਾਗੂ ਕੀਤਾ ਗਿਆ ਹੈ। ਸੀਬੀਐਸਈ ਨੇ +2 ਦੀ ਪ੍ਰੀਖਿਆ ਲਈ ਦੇਸ਼ ਭਰ ਵਿੱਚ 10 ਹਜ਼ਾਰ 678 ਪ੍ਰੀਖਿਆ ਕੇਂਦਰ ਬਣਾਏ ਸਨ। ਇਹ ਪ੍ਰੀਖਿਆ 9 ਮਾਰਚ ਤੋਂ 29 ਅਪ੍ਰੈਲ ਤੱਕ ਕਰਵਾਈ ਗਈ। ਬੋਰਡ ਪ੍ਰੀਖਿਆ ਵਿੱਚ ਚੰਗੇ ਨੰਬਰ ਲੈਣ ਦੀ ਗਰੰਟੀ ਮੰਨੇ ਜਾਣ ਵਾਲੀ ਸਾਇੰਸ ਦੇ ਵਿਸ਼ੇ ਨੂੰ ਇਸ ਵਾਰ ਸੀਬੀਐਸਈ ਦੀ ਟਾਪਰ ਰਕਸ਼ਾ ਗੋਪਾਲ ਨੇ ਗਲਤ ਸਾਬਿਤ ਕਰ ਦਿੱਤਾ ਹੈ। ਰਕਸ਼ਾ ਦੀ ਇਸ ਸਫਲਤਾ ਦੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਹਿੰਮਤ ਮਿਲੇਗੀ ਜਿਹੜੇ ਆਰਟਸ ਪੜ੍ਹਣਾ ਚਾਹੁੰਦੇ ਹਨ ਪਰ ਪਰਿਵਾਰ ਅਤੇ ਸਮਾਜ ਦੇ ਦਬਾਅ ਹੇਠ ਸਾਇੰਸ ਅਤੇ ਕਾਮਰਸ ਪੜ੍ਹਦੇ ਹਨ। ਰਕਸ਼ਾ ਗੋਪਾਲ ਨੇ ਆਪਣੇ ਕਰੀਅਰ ਪਲਾਨ ਬਾਰੇ ਗੱਲ ਕਰਦੇ ਹੋਏ ਕਿਹਾ ਹੈ ਕਿ ਉਸ ਨੂੰ ਪੋਲਿਟੀਕਲ ਸਾਇੰਸ ਪੜ੍ਹਣਾ ਬਹੁਤ ਪਸੰਦ ਹੈ। ਉਗ ਗ੍ਰੈਜੂਏਸ਼ਨ ਵਿੱਚ ਪੋਲਿਟੀਕਲ ਸਾਇੰਸ ’ਚ ਆਨਰ ਕਰੇਗੀ ਫਿਰ ਯੂਪੀਐਸਸੀ ਦੀ ਪ੍ਰੀਖਿਆ ਲਈ ਤਿਆਰੀ ਕਰੇਗੀ।