ਨਵੀਂ ਦਿੱਲੀ, 28 ਮਈ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 32ਵੀਂ ਵਾਰ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ।ਆਪਣੇ ਇਸ ਰੇਡੀਉ ਸੰਬੋਧਨ ਦੀ ਸ਼ੁਰੂਆਤ ’ਚ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਦੇਸ਼ਵਾਸੀਆਂ ਨੂੰ ਰਮਜ਼ਾਨ ਦੀਆਂ ਮੁਬਾਰਕਾਵਾਂ ਦਿੱਤੀਆਂ।ਮਨ ਕੀ ਬਾਤ ’ਚ ਮੋਦੀ ਨੇ ਯੋਗ ਦੀਆਂ ਖ਼ੂਬੀਆਂ ਦਾ ਜ਼ਿਕਰ ਕਰਦੇ ਹੋਏ ਇਸ ਵਾਰ ਤਿੰਨ ਪੀੜੀਆਂ ਦੇ ਨਾਲ ਯੋਗ ਕਰਨ ਦੀ ਤਸਵੀਰ ਉਨ੍ਹਾਂ ਨੂੰ ਭੇਜਣ ਲਈ ਕਿਹਾ।ਇਸ ਦੇ ਨਾਲ ਹੀ ਕੂੜਾ ਪ੍ਰਬੰਧ ’ਤੇ ਜ਼ੋਰ ਦਿੰਦੇ ਹੋਏ ਦੇਸ਼ ਵਾਸੀਆਂ ਨੂੰ ਗਿਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਰੱਖਣ ਦੀ ਅਪੀਲ ਕੀਤੀ, ਤਾਂ ਜੋ ਇਨ੍ਹਾਂ ਦੀ ਖਾਦ ਬਣਾਈ ਜਾਂ ਰੀਸਾਈਕਲ ਕਰਨ ‘ਚ ਇਸਤੇਮਾਲ ਕੀਤਾ ਜਾ ਸਕੇ। ਪ੍ਰਧਾਨ ਮਤੰਰੀ ਨੇ ਆਪਣੇ ਭਾਸ਼ਣ ਵਿੱਚ ਰਮਜ਼ਾਨ ਦੀ ਮੁਬਾਰਕਬਾਦ ਦਿੱਤੀ ਅਤੇ ਵਿਸ਼ਵ ਯੋਗਾ ਦਿਵਸ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਵਿਸ਼ਵ ਯੋਗਾ ਦਿਵਲ 21 ਜੂਨ ਨੂੰ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਵਾਰ ਯੋਗਾ ਦਿਵਸ ਦਾ ਥੀਮ, ਕੱਲ੍ਹ ਅੱਜ ਅਤੇ ਕੱਲ੍ਹ ਰੱਖਿਆ ਗਿਆ ਹੈ ਤਾਂ ਜੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਲੋਕ ਮਿਲ ਕੇ ਯੋਗ ਕਰਨ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਵੀਰ ਸਾਵਰਕਰ ਨੂੰ ਵੀ ਯਾਦ ਕੀਤਾ ਜਿਨ੍ਹਾਂ ਦੀ ਅੱਜ ਜਨਮ ਜਯੰਤੀ ਮਣਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਭਾਜਪਾ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ’ਤੇ ਸਰਕਾਰ ਦੇ ਕੰਮਾਂ ਦੀ ਅਲੋਚਨਾ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਲਈ ਧੰਨਵਾਦੀ ਹਨ ਕਿ ਵਿਰੋਧੀਆਂ ਨੇ ਗਹਿਰਾਈ ਨਾਲ ਅਲੋਚਨਾ ਕੀਤੀ ਹੈ ਅਤੇ ਮਹੱਤਵਪੂਰਨ ਫੀਡਬੈਕ ਦਿੱਤਾ ਹੈ। 5 ਜੂਨ ਨੂੰ ਮਨਾਏ ਜਾ ਰਹੇ ਸੰਸਾਰ ਵਾਤਾਵਰਣ ਦਿਵਸ ਸਬੰਧੀ ਅਪੀਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਸ ਸੰਸਾਰ ਮੁਹਿੰਮ ਨਾਲ ਜੁੜਣਾ ਚਾਹੀਦਾ ਹੈ, ਤਾਂ ਜੋ ਇਸ ਨੂੰ ਸਫਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵੇਦਾਂ ਵਿੱਚ ਪ੍ਰਿਥਵੀ ਅਤੇ ਵਾਤਾਵਰਣ ਨੂੰ ਸ਼ਕਤੀ ਦਾ ਮੂਲ ਮੰਨਿਆ ਗਿਆ ਹੈ।