June 13, 2026 9:50 pm

ਦੇਸ਼ ਭਰ ਦੇ ਸਿੱਖਾਂ ਨੂੰ ਮੋਦੀ ਵਿਰੁੱਧ ਲਾਮਬੰਦ ਹੋਣ ਦਾ ਸੱਦਾ

ਨਵੀਂ ਦਿੱਲੀ, 16 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਕਰਵਾਈ ਗਈ ਪੰਥਕ ਕਨਵੈਨਸ਼ਨ ਵਿੱਚ ਦੇਸ਼ ਭਰ ਦੇ ਸਿੱਖਾਂ ਨੂੰ ਅਪਣੀ ਸ਼ਕਤੀ ਨੂੰ ਪਛਾਣ ਕੇ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਹਰਾਉਣ ਦੀ ਅਪੀਲ ਕੀਤੀ ਗਈ ਤਾਕਿ ਘੱਟ-ਗਿਣਤੀਆਂ ਦੇ ਹਿਤਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ।
confrence
ਕਨਵੈਨਸ਼ਨ ਵਿਚ ਸਿੱਖਾਂ ਦੀਆਂ ਮੰਗਾਂ ਨੂੰ ਤਰਜੀਹ ਦੇਣ ਵਾਲੀ ਕਿਸੇ ਸਿਆਸੀ ਪਾਰਟੀ  ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਜਿਸ ਨਾਲ ਅਸਿੱਧੇ ਤੌਰ ‘ਤੇ ਕਾਂਗਰਸ ਦੀ ਹਮਾਇਤ ਕਰਨ ਦਾ ਸੁਨੇਹਾ ਦਿਤਾ ਗਿਆ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ 17 ਮਤੇ ਪੇਸ਼ ਕੀਤੇ ਜਿਨ੍ਹਾਂ ਨੂੰ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿਤੀ ਗਈ। ਮੁੱਖ ਮਤੇ ਰਾਹੀਂ ਕੇਂਦਰ ਸਰਕਾਰ ਨੂੰ ਪ੍ਰੋ. ਦੇਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਮੁਆਫ਼ ਕਰਨ ਦੀ ਅਪੀਲ ਕੀਤੀ ਗਈ। ਪੰਥਕ ਕਨਵੈਨਸ਼ਨ ਵਿਚ ਇਕੱਠੇ ਹੋਏ ਕਈ ਬਾਦਲ ਵਿਰੋਧੀਆਂ ਨੇ ਜਿਥੇ ਪੰਜਾਬ ਦੇ ਆਰਥਕ, ਸਮਾਜਕ ਤੇ ਧਾਰਮਕ ਨਿਘਾਰ ਅਤੇ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਲਈ ਅਕਾਲੀਆਂ ਨੂੰ ਪਾਣੀ ਪੀ-ਪੀ ਕੋਸਿਆ, ਉਥੇ ਦਿੱਲੀ ਦੇ ਸਿੱਖਾਂ ਨੂੰ ਇਕਜੁਟ ਹੋ ਕੇ ਪੰਥ ਦੇ ਭਵਿਖ ਨੂੰ ਮੋੜਾ ਦੇਣ ਦਾ ਸੱਦਾ ਦਿਤਾ। ਕਨਵੈਨਸ਼ਨ ਵਿਚ ਦਿੱਲੀ ਤੋਂ ਇਲਾਵਾ ਹਰਿਆਣਾ ਤੇ ਯੂਪੀ ਤੋਂ ਵੀ ਵੱਡੀ ਗਿਣਤੀ ਵਿਚ ਬੀਬੀਆਂ, ਨੌਜੁਆਨ ਤੇ ਬਜ਼ੁਰਗ ਸਿੱਖ ਸ਼ਾਮਲ ਹੋਏ। ਇਥੋਂ ਦੇ ਤਾਲਕਟੋਰਾ ਇੰਡੋਰ-ਸਟੇਡੀਅਮ ਵਿਚ ਜੁੜੀ ਹਜ਼ਾਰਾਂ ਦੀ ਸੰਗਤ ਦੇ ਇਕੱਠ ਨੂੰ ਸੰਬੋਧਨ ਕਰਦਿਆਂ  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖ਼ਤ ਦੇ ਜਥੇਦਾਰ ਵਿਰੁਧ ਅਪਣੇ ਦਿਲ ਦਾ ਗ਼ੁਬਾਰ ਕਢਦਿਆਂ ਕਿਹਾ, “ਕੀ ਕਦੇ ਜਥੇਦਾਰਾਂ ਨੇ ਅਕਾਲ ਤਖ਼ਤ ਉਪਰ ਪੰਜਾਬ ਵਿਚ ਸਿੱਖੀ ਨੂੰ ਲੱਗ ਰਹੀ ਢਾਅ ਤੇ ਪਤਿਤਪੁਣੇ ਤੇ ਨਸ਼ਿਆਂ ਦੇ ਜਾਲ ਵਿਚ ਫੱਸ ਰਹੀ ਨੌਜੁਆਨੀ ਦਾ ਮਸਲਾ ਵਿਚਾਰਨ ਦੀ ਲੋੜ ਸਮਝੀ ਹੈ?  ਬਾਦਲਾਂ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, ਤੁਹਾਡੇ ਨਾਲੋਂ ਤਾਂ ਬਿਹਾਰ ਦਾ ਮੁੱਖ ਮੰਤਰੀ ਤਕੜਾ ਨਿਕਲਿਆ ਜਿਸ ਨੇ (ਮੋਦੀ) ਦੇ  ਮੁੱਦੇ ‘ਤੇ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਲਿਆ ਪਰ ਤੁਸੀਂ ਗੁਜਰਾਤ ਦੇ ਸਿੱਖ ਤੇ ਪੰਜਾਬੀ ਕਿਸਾਨਾਂ ਦਾ ਮਸਲਾ ਵੀ ਹੱਲ ਨਹੀਂ ਕਰਵਾ ਸਕੇ।”
ਕਨਵੈਨਸ਼ਨ ਵਿਚ ਦਿੱਲੀ ਦੀ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਦੇ ਨੇੜਲੇ ਮੰਤਰੀ ਸ. ਅਰਵਿੰਦਰ ਸਿੰਘ ਲਵਲੀ ਦੀ ਮੌਜੂਦਗੀ ਤੋਂ ਇਹ ਸਮਝਣਾ ਔਖਾ ਨਹੀਂ ਸੀ ਕਿ ਕਾਂਗਰਸ ਸਿੱਖ ਵੋਟ ਬੈਂਕ ਨੂੰ ਕਾਬੂ ਰੱਖਣ ‘ਤੇ ਭਾਜਪਾ ਤੇ ਬਾਦਲਾਂ ਨੂੰ ਭਾਂਜ ਦੇਣ ਲਈ ਸਰਨਾ ਦਾ ਸਹਾਰਾ ਲੈ ਰਹੀ ਹੈ। ਦਿੱਲੀ ਸਰਕਾਰ ਦੇ ਮੰਤਰੀ ਸ. ਅਰਵਿੰਦਰ ਸਿੰਘ ਲਵਲੀ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦਾ ਨਾਂ ਲੈਣ ਤੋਂ ਗੁਰੇਜ਼ ਕਰਦਿਆਂ ਉਨ੍ਹਾਂ ਵਿਰੁਧ ਸਿੱਖਾਂ ਨੂੰ ਲਾਮਬੰਦ ਹੋਣ ਦੀ ਅਪੀਲ ਕਰਦਿਆਂ ਕਿਹਾ, “ਗੁਜਰਾਤ ਦੇ ਸਿੱਖਾਂ ਨਾਲ ਜੋ ਕੁੱਝ ਵਾਪਰਿਆ ਤੇ ਮੁਸਲਮਾਨਾਂ ਨਾਲ ਜੋ ਹੋਇਆ, ਉਹ ਸੱਭ ਦੇ ਸਾਹਮਣੇ ਹੈ। ਅੱਜ ਦੇਸ਼ ਦੀ ਰਾਜਨੀਤੀ ਸਾਹਮਣੇ ਦਰਪੇਸ਼ ਚੁਨੌਤੀ (ਪ੍ਰਧਾਨ ਮੰਤਰੀ) ਲਈ ਲੋੜ ਹੈ ਕਿ ਸਿੱਖ ਇਕਜੁਟ ਹੋ ਕੇ ਕੌਮ ਦੇ ਨਾਲ-ਨਾਲ ਦੇਸ਼ ਨੂੰ ਵੀ ਨਵੀਂ ਦਿਸ਼ਾ ਦੇਣ।” ਉਨ੍ਹਾਂ ਬਾਦਲ ਪ੍ਰਵਾਰ ‘ਤੇ ਵੀ ਅਸਿੱਧੇ ਢੰਗ ਨਾਲ ਸ਼ਬਦੀ ਹਮਲੇ ਕੀਤੇ।  ਪੰਥ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਉਪਰ ਸੱਦੀ ਗਈ ਪੰਥਕ ਕਨਵੈਨਸ਼ਨ ਵਿਚ ਉਸ ਵੇਲੇ ਘੁਸਰ-ਮੁਸਰ ਸ਼ੁਰੂ ਹੋ ਗਈ ਜਦ ਸਟੇਜ ‘ਤੇ ਤਕਰੀਰ ਕਰਦਿਆਂ ਨਾਮਧਾਰੀ ਦਰਬਾਰ ਦੇ ਪ੍ਰਧਾਨ ਸ. ਐਚਐਸ ਹੰਸਪਾਲ ਨੇ ‘ਨਾਮਧਾਰੀਆਂ ਦੇ ਸਤਿਗੁਰੂਆਂ’ ਦਾ ਜ਼ਿਕਰ ਕਰਦਿਆਂ ਸਿੱਖਾਂ ਨੂੰ ਸਮੂਹ ਸੰਪਰਦਾਵਾਂ ਨੂੰ ਅਪਣੇ ਨਾਲ ਜੋੜਨ ਦੀ ਅਪੀਲ ਕੀਤੀ। ਇਸ ਪਿੱਛੋਂ ਤੁਰਤ ਮਾਈਕ ਸੰਭਾਲਦਿਆਂ ਕੌਮਾਂਤਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਸਪੱਸ਼ਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਵਾਲਾ ਹੀ ਸਿੱਖ ਅਖਵਾਉਂਦਾ ਹੈ। ਉਨ੍ਹਾਂ ਵਿਅੰਗ ਕੀਤਾ ਕਿ ਜਦ ਸਿਆਸੀ ਲੋਕ ਗੱਦੀ ਤੋਂ ਲੱਥ ਜਾਂਦੇ ਹਨ ਤਾਂ ਉਨ੍ਹਾਂ ਨੂੰ ਪੰਥਕ ਚੁਨੌਤੀਆਂ ਯਾਦ ਆ ਜਾਂਦੀਆਂ ਹਨ ਤੇ ਕੁਰਸੀ ‘ਤੇ ਕਾਬਜ਼ ਹੋਣ ਪਿੱਛੋਂ ਸੱਭ ਕੁੱਝ ਭੁੱਲ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੀ ਪ੍ਰਧਾਨ ਬੀਬੀ ਸੁਰਜੀਤ ਕੌਰ ਬਰਨਾਲਾ, ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ, ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਸਾਬਕਾ ਪ੍ਰੋ. ਵਾਈਸ ਚਾਂਸਲਰ ਡਾ. ਐਸ ਪੀ ਸਿੰਘ, ਸਾਬਕਾ ਮੰਤਰੀ ਸ. ਮਨਜੀਤ ਸਿੰਘ ਕਲਕੱਤਾ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਮੋਹਕਮ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸ. ਚਰਨਜੀਤ ਸਿੰਘ ਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਵੀ ਅਪਣੇ ਵਿਚਾਰ ਰੱਖੇ। ਇਸ ਮੌਕੇ ਸਰਬ ਪ੍ਰਦੇਸ਼ ਗੁਰਦਵਾਰਾ ਕਮੇਟੀ ਦੇ ਅਹੁਦੇਦਾਰ ਸ. ਇੰਦਰਜੀਤ ਸਿੰਘ ਚੁੱਘ, ਸ. ਮਨਜੀਤ ਸਿੰਘ ਸਰਨਾ, ਸ. ਮਨਜੀਤ ਸਿੰਘ ਠੁਕਰਾਲ ਤੋਂ ਇਲਾਵਾ ਸਰਨਾ ਧੜੇ ਦੇ ਦਿੱਲੀ ਗੁਰਦਵਾਰਾ ਕਮੇਟੀ ਮੈਂਬਰ ਸ. ਹਰਪਾਲ ਸਿੰਘ ਕੋਛੜ, ਸ. ਪ੍ਰਭਜੀਤ ਸਿੰਘ ਜੀਤੀ, ਸ. ਤਜਿੰਦਰਪਾਲ ਸਿੰਘ ਸਣੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਭੁਪਿੰਦਰ ਸਿੰਘ ਸਾਧੂ, ਯੂਥ ਵਿੰਗ ਦੇ ਅਹੁਦੇਦਾਰ ਸ. ਉਂਕਾਰ ਸਿੰਘ ਰਾਜਾ, ਸ. ਦਮਨਦੀਪ ਸਿੰਘ, ਸ. ਹਰਦੀਪ ਸਿੰਘ ਵਿਰਦੀ ਅਤੇ ਸਿੱਖ ਫ਼ਰੰਟ ਦੇ ਪ੍ਰਧਾਨ ਸ. ਕੁਲਵੰਤ ਸਿੰਘ ਆਦਿ ਵੀ ਹਾਜ਼ਰ ਸਨ।