ਸਕੂਲੀ ਬੱਚਿਆਂ ਨੂੰ ਲੈ ਜਾ ਰਹੀ ਪ੍ਰਾਇਵੇਟ ਬੱਸ ਪਲਟੀ-ਦਰਜਨ ਬੱਚੇ ਜ਼ਖਮੀ

image ਸ਼ਾਹਕੋਟ, 24 ਮਈ (ਸੁਰਿੰਦਰ ਸਿੰਘ ਖਾਲਸਾ)- ਨਕੋਦਰ-ਮਲਸੀਆਂ ਮੁੱਖ ਮਾਰਗ ’ਤੇ ਅੱਜ ਮਲਸੀਆਂ ਨੇੜੇ ਇਕ ਪ੍ਰਾਇਵੇਟ ਕੰਪਨੀ ਦੀ ਮਿੰਨੀ ਬੱਸ ਪਲਟ ਗਈ। ਜਿਸ ਕਾਰਨ ਦਰਜ਼ਨ ਦੇ ਕਰੀਬ ਸਕੂਲੀ ਵਿਦਿਆਰਥੀਆਂ ਦੇ ਜ਼ਖਮੀ ਹੋ ਜਾਣ ਦੀ ਸੂਚਨਾ ਹੈ। ਇਸ ਸਬੰਧੀ ਜ਼ਖਮੀ ਬੱਚਿਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਨਕੋਦਰ ਦੇ ਇਕ ਪ੍ਰਾਈਵੇਟ ਸਕੂਲ ਦੀ ਬੱਸ ਅੱਜ ਖਰਾਬ ਹੋ ਜਾਣ ਕਾਰਨ ਸਕੂਲ ਪ੍ਰਬੰਧਕਾਂ ਵਲੋਂ ਸ਼ਾਹਕੋਟ, ਮਲਸੀਆਂ ਤੇ ਹੋਰ ਨੇੜਲੇ ਇਲਾਕਿਆਂ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਇਕ ਮਿੰਨੀ ਬੱਸ ’ਚ ਭੇਜ ਦਿੱਤਾ ਗਿਆ। ਉਕਤ ਬੱਸ ਜਦ ਮਲਸੀਆਂ ਨੇੜਲੇ ਪੈਟਰੋਲ ਪੰਪ ਕੋਲ ਪੁੱਜੀ ਤਾਂ ਅਚਾਨਕ ਬੱਸ ਪਲਟ ਗਈ। ਜਿਸ ਕਾਰਨ ਬੱਸ ’ਚ ਸਵਾਰ ਕੁਝ ਸਕੂਲੀ ਵਿਦਿਆਰਥੀ ਜ਼ਖਮੀ ਹੋ ਗਏ। ਇਸ ਸੰਬਧੀ ਮਲਸੀਆਂ ਪੁਲਸ ਚੌਕੀ ਦੇ ਏ. ਐੱਸ. ਈ. ਬਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਘਟਨਾ ਸਥਾਨ ਦਾ ਦੌਰਾ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਬੱਸ ਕਬਜੇ ’ਚ ਲੈ ਲਈ ਹੈ ਤੇ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ । ਏ. ਐੱਸ. ਆਈ. ਨੇ ਦੱਸਿਆ ਕਿ ਪੁਲਸ ਵਲੋਂ ਨਕੋਦਰ ਦੇ ਪ੍ਰਾਇਵੇਟ ਸਕੂਲ ਪ੍ਰਬੰਧਕਾਂ ਤੇ ਬੱਸ ਨਾਲ ਸਬੰਧਤ ਲੋਕਾਂ ਨੂੰ ਬੁਲਾਇਆ ਗਿਆ ਹੈ। ਜਿਸ ਪਿੱਛੋਂ ਮਾਮਲੇ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਬਸ ਪਲਟਦਿਆ ਹੀ ਬਸ ਵਿੱਚ ਚੀਕ-ਚਿਹਾੜਾ ਪੈ ਗਿਆ ਅਤੇ ਬਸ ਚਾਲਕ ਬਸ ਛੱਡ ਮੌਕੇ ਤੋਂ ਫਰਾਰ ਹੋ ਗਿਆ । ਬਸ ਵਿੱਚ ਸਵਾਰ ਬੱਚੇ ਸਹਿਮ ਗਏ, ਜਿਨ੍ਹਾਂ ਨੂੰ ਰਾਹਗੀਰਾਂ ਅਤੇ ਹਾਈਵੇ ਪੈਟਰੋਲਿੰਗ ਦੇ ਮੁਲਾਜ਼ਮਾਂ ਨੇ ਬਸ ਵਿੱਚੋਂ ਬਾਹਰ ਕੱਢਿਆ । ਬਸ ਵਿੱਚ ਸਵਾਰ ਕੁੱਝ ਬੱਚਿਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ, ਪਰ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ । ਇਸ ਹਾਦਸੇ ਬਾਰੇ ਜਦ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਹ ਮੌਕੇ ’ਤੇ ਪਹੁੰਚੇ ਅਤੇ ਆਪਣੇ-ਆਪਣੇ ਬੱਚਿਆਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਮੁੱਢਲੀ ਸਹਾਇਤਾ ਦਿਵਾਉਣ ਉਪਰੰਤ ਘਰਾਂ ਨੂੰ ਲੈ ਗਏ । ਇਥੇ ਜਿਕਰਯੋਗ ਗੱਲ ਇਹ ਰਹੀ ਕਿ ਬਸ ਵਿੱਚ ਸਕੂਲ ਸੇਫਟੀ ਵਾਹਨ ਸਕੀਮ ਤਹਿਤ ਕੋਈ ਵੀ ਸਹੂਲਤ ਨਹੀਂ ਸੀ ਅਤੇ ਨਾ ਹੀ ਹਾਦਸੇ ਵਾਲੀ ਜਗ੍ਹਾਂ ਕੋਈ ਸਿਵਲ ਪ੍ਰਸਾਸ਼ਨ ਦਾ ਅਧਿਕਾਰੀ ਅਤੇ ਨਾ ਹੀ ਸਕੂਲ ਪ੍ਰਸਾਸ਼ਨ ਦਾ ਕੋਈ ਨੁਮਾਇੰਦਾ ਪਹੁੰਚਿਆ । ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਇੰਸਪੈਕਟਰ ਰੁਪਿੰਦਰ ਸਿੰਘ, ਮਲਸੀਆਂ ਪੁਲਿਸ ਚੌਂਕੀ ਦੇ ਏ.ਐਸ.ਆਈ. ਬਲਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕਿ ਕਰੇਨ ਦੀ ਸਹਾਇਤਾ ਨੂੰ ਮੁੱਖ ਮਾਰਗ ਤੋਂ ਬਸ ਹਟਵਾਈ, ਜਿਸ ਉਪਰੰਤ ਸੜਕ ’ਤੇ ਲੱਗਾ ਭਾਰੀ ਜਾਮ ਖੁੱਲ੍ਹਾ । ਜਾਂਚ ਅਧਿਕਾਰੀ ਏ.ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਬਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਬਸ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਹਾਦਸੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ।
ਖਸਤਾ ਹਾਲਤ ਬਸ ਕਾਰਨ ਵਾਪਰਿਆ ਹਾਦਸਾ- ਬਸ ਵਿੱਚ ਹਰਲੀਨ ਕੌਰ, ਗੁਰਪ੍ਰੀਤ ਕੌਰ, ਰਮਨਪ੍ਰੀਤ ਕੌਰ, ਰੀਆਂ, ਜੀਆ ਸ਼ਰਮਾ, ਰਣਜੋਧ ਸਿੰਘ ਤਾਰਿਕਮ ਜਸਨੂਰ ਸਮੇਤ 40 ਤੋਂ 50 ਦੇ ਕਰੀਬ ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ ਸੇਖੜੀ ਹਸਪਤਾਲ ਨਕੋਦਰ ਵਿਖੇ ਜ਼ੇਰੇ ਇਲਾਜ਼ ਹਰਲੀਨ ਕੌਰ ਪੁੱਤਰੀ ਜੰਗ ਬਹਾਦਰ ਸਿੰਘ ਨੇ ਦੱਸਿਆ ਕਿ ਬਸ ਦੀ ਰਫ਼ਤਾਰ ਕਾਫੀ ਤੇਜ਼ ਸੀ ਅਤੇ ਬਸ ਕਿਸੇ ਵਾਹਨ ਵੀ ਸਾਈਡ ਦਿੰਦਿਆ ਮੁੱਖ ਮਾਰਗ ’ਤੇ ਪਲਟ ਗਈ । ਉਸ ਨੇ ਦੱਸਿਆ ਕਿ ਬਸ ਦੀ ਹਾਲਤ ਵੀ ਕਾਫੀ ਖਸਤਾ ਸੀ ਅਤੇ ਉਸ ਨੂੰ ਕੋਈ ਵੀ ਸਹੂਲਤ ਨਹੀਂ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਲਾਕੇ ਅੰਦਰ ਨਾ ਤਾਂ ਕੋਈ ਟ੍ਰੈਫਿਕ ਅਧਿਕਾਰੀ ਇਨ੍ਹਾਂ ਬੱਸਾਂ ’ਤੇ ਕਾਰਵਾਈ ਕਰਦਾ ਨਜ਼ਰੀ ਆਇਆ ਹੈ ਤੇ ਨਾ ਹੀ ਕੋਈ ਸੰਬੰਧਤ ਵਿਭਾਗ ਦਾ ਅਧਿਕਾਰੀ ਇਨ੍ਹਾਂ ਬੱਸਾਂ ਵਾਲਿਆਂ ਨੂੰ ਕੋਈ ਹਦਾਇਤਾ ਜਾਰੀ ਕਰਦਾ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਜ਼ਬੂਰੀ ਵੱਸ ਅਜਿਹੈ ਵਾਹਨਾਂ ’ਚ ਭੇਜਣ ਲਈ ਮਜ਼ਬੂਰ ਹਨ। ਪ੍ਰਸ਼ਾਸਨਕ ਅਧਿਕਾਰੀ ਅਜਿਹੇ ਵਾਹਨਾਂ ਜਾਂ ਸਕੂਲ ਪ੍ਰਬੰਧਕਾਂ ਖਿਲਾਫ ਕਾਰਵਾਈ ਨਹੀਂ ਕਰਦੇ।

Send this to a friend