ਡਾ. ਲਖਵਿੰਦਰ ਜੌਹਲ ਜਲੰਧਰ ਪ੍ਰੈੱਸ ਕਲੱਬ ਦੇ ਨਵੇਂ ਪ੍ਰਧਾਨ ਚੁਣੇ

image ਜਲੰਧਰ, 24 ਮਈ (ਪੰਜਾਬ ਟਾਇਮਜ਼ ਬਿਊਰੋ)- ਜਲੰਧਰ ਦੇ ਪੰਜਾਬ ਪ੍ਰੈੱਸ ਕਲੱਬ ਦੀ ਚੋਣ ਵਿੱਚ ਪਰੋਗ੍ਰੈਸਿਵ ਗਰੁੱਪ ਨੇ 6 ਵਿੱਚੋਂ 5 ਅਹੁਦਿਆਂ ’ਤੇ ਕਬਜ਼ਾ ਕਰਕੇ ਹੂੰਝਾਫੇਰੂ ਜਿੱਤ ਹਾਸਿਲ ਕੀਤੀ ਹੈ। ਚੋਣ ਵਿੱਚ ਫਰੀਡਮ ਅਤੇ ਮੀਡੀਆ ਯੂਨਿਟੀ ਗਰੁੱਪ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਦੂਰਦਰਸ਼ਨ ਦੇ ਸਾਬਕਾ ਪ੍ਰੋਗਰਾਮ ਨਿਰਮਾਤਾ ਅਤੇ ਉੱਘੇ ਲੇਖਕ ਡਾ. ਲਖਵਿੰਦਰ ਸਿੰਘ ਜੌਹਲ ਇਸ ਚੋਣ ਵਿੱਚ ਤਿੰਨ ਉਮੀਦਵਾਰਾਂ ਨੂੰ ਹਰਾ ਕੇ ਪ੍ਰਧਾਨ ਬਣ ਗਏ ਹਨ। ਉਹ ਸ. ਮੇਜਰ ਸਿੰਘ ਦੀ ਥਾਂ ਲੈਣਗੇ, ਜਿਹੜੇ ਹੁਣ ਜਨਰਲ ਸਕੱਤਰ ਚੁਣੇ ਗਏ ਹਨ। ਯੂਨਾਇਟਿਡ ਮੀਡੀਆ ਗਰੁੱਪ ਦੇ ਮਨਦੀਪ ਸ਼ਰਮਾ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਬਣੇ ਹਨ। ਪਰੋਗ੍ਰੈਸਿਵ ਗਰੁੱਪ ਦੇ ਸ੍ਰੀ ਰਾਜੇਸ਼ ਜੋਗੀ ਮੀਤ ਪ੍ਰਧਾਨ, ਸ੍ਰੀ ਸੰਜੀਵ ਟੋਨੀ ਜੁਆਇੰਟ ਸੈਕਟਰੀ ਅਤੇ ਸ੍ਰੀ ਸ਼ਿਵ ਸ਼ਰਮਾ ਖਜਾਨਚੀ ਚੁਣੇ ਗਏ ਹਨ। ਕਲੱਬ ਦੀ ਇਹ ਪਹਿਲੀ ਚੋਣ ਸੀ, ਜਿਸ ਵਿੱਚ ਤਿੱਖੇ ਮੁਕਾਬਲੇ ਦੌਰਾਨ 252 ਵਿੱਚੋਂ 227 ਵੋਟਾਂ ਪੋਲ ਹੋਈਆਂ। ਵੋਟਾਂ ਪਾਉਣ ਦਾ ਕੰਮ ਸਵੇਰੇ 10 ਵਜੇ ਤੋਂ 3 ਵਜੇ ਤੱਕ ਹੋਇਆ। ਫਰੀਡਮ ਗਰੁੱਪ ਦੀ ਅਗਵਾਈ ਸੁਨੀਲ ਰੁਦਰਾ ਕਰ ਰਹੇ ਸਨ ਜਦੋਂ ਕਿ ਮੀਡੀਆ ਯੂਨਿਟੀ ਗਰੁੱਪ ਵੱਲੋਂ ਸੁਰਿੰਦਰ ਪਾਲ ਪ੍ਰਧਾਨਗੀ ਦੇ ਦਾਅਵੇਦਾਰ ਸਨ। ਚੋਣ ਅਧਿਕਾਰੀਆਂ ਵਜੋਂ ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਮਾਣਕ, ਸ੍ਰੀ ਆਈਪੀ ਸਿੰਘ ਅਤੇ ਰਚਨਾ ਖਹਿਰਾ ਨੇ ਜ਼ਿੰਮੇਵਾਰੀ ਨਿਭਾਈ। ਜਨਰਲ ਸਕੱਤਰ ਦੇ ਅਹੁਦੇ ਲਈ ਰਾਜੀਵ ਭਾਸਕਰ, ਰਾਜੇਸ਼ ਥਾਪਾ ਅਤੇ ਸਵਦੇਸ਼ ਨਨਚਾਹਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

Send this to a friend