June 20, 2026 12:13 am

ਨਵਾਂਸ਼ਹਿਰ ਵਿਖੇ ਕੈਂਸਰ ਜਾਗਰੂਕਤਾ ਅਤੇ ਅਗਾਊਂ ਜਾਂਚ ਮੈਗਾ ਕੈਂਪ 28 ਅਤੇ 29 ਸਤੰਬਰ ਨੂੰ

ਸ਼ਹੀਦ ਭਗਤ ਸਿੰਘ ਨਗਰ, 16 ਸਤੰਬਰ (ਸਨਪ੍ਰੀਤ ਮਾਂਗਟ) ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਜ਼ਿਲ੍ਹਿਆ ਵਿੱਚ ‘ਮਾਸ ਕੈਂਸਰ ਅਵੇਅਰਨੈਸ ਐਂਡ ਅਰਲੀ ਡਿਟੈਕਸ਼ਨ ਮੈਗਾ ਕੈਂਪ’ ਲਾਉਣ ਦੀ ਲੜੀ ਤਹਿਤ 28 ਅਤੇ 29 ਸਤੰਬਰ 2013 ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਸਿਵਲ ਸਰਜਨ ਡਾ. ਧਰਮਪਾਲ ਦੀ ਅਗਵਾਈ ਵਿੱਚ ਕੈਂਸਰ ਜਾਗਰੂਕਤਾ ਅਤੇ ਅਗਾਊਂ ਜਾਂਚ ਬਾਰੇ ਮੈਗਾ ਕੈਂਪ ਲਾਇਆ ਜਾ ਰਿਹਾ ਹੈ। ਜ਼ਿਲਾ੍ਹ ਸਿਹਤ ਅਫਸਰ ਡਾ. ਗਰਜਾ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਸ਼ੇਸ਼ ਕੈਂਪ ਵਿੱਚ ਕੈਂਸਰ ਦੇ 1 ਤੋਂ 12 ਲੱਛਣਾਂ ਵਾਲੇ ਮਰੀਜ਼ ਜਿਵੇਂ ਕਿ ਲਗਾਤਾਰ ਸਿਰ ਦਰਦ ਰਹਿਣਾ ਅਤੇ ਅੱਖਾਂ ਦੀ ਰੌਸ਼ਨੀ ਦਾ ਘੱਟਣਾ (ਦਿਮਾਗ ਦੀ ਕੈਂਸਰ), ਰੋਟੀ ਖਾਣ ਵੇਲੇ ਗਲੇ ਵਿੱਚ ਤਕਲੀਫ਼ ਹੋਣਾ (ਗਲੇ ਦਾ ਕੈਂਸਰ) ਜਾਂ ਮੂੰਹ ਵਿੱਚ ਕੋਈ ਜ਼ਖ਼ਮ ਹੋਣਾ ਜੋ ਠੀਕ ਨਾ ਹੋ ਰਿਹਾ ਹੋਵੇ (ਮੂੰਹ ਦਾ ਕੈਸਰ), ਪਿਸ਼ਾਬ ਰਾਹੀਂ ਖੂਨ ਆਉਣਾ (ਗੁਰਦਿਆਂ ਦਾ ਕੈਂਸਰ), ਔਰਤਾਂ ਵਿੱਚ ਸੰਭੋਗ ਤੋਂ ਬਾਅਦ ਖੂਨ ਆਉਣਾ (ਬੱਚੇਦਾਨੀ ਦੇ ਮੂੰਹ ਦੀ ਕੈਂਸਰ), ਕੋਈ ਜ਼ਖ਼ਮ ਹੋਣਾ ਜੋ ਠੀਕ ਨਾ ਹੋ ਰਿਹਾ ਹੋਵੇ , ਪਤਾਲੂਆਂ ਦਾ ਕੈਂਸਰ ਆਦਿ ਲੱਛਣਾਂ ਤੋਂ ਪੀੜਤ ਮਰੀਜ਼ਾਂ ਦਾ ਚੈਕ ਅੱਪ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮੈਗਾ ਕੈਂਪ ਵਿੱਚ ਕੈਂਸਰ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਪਹੁੰਚ ਰਹੀਆਂ ਹਨ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਉਪਰੋਕਤ ਕੋਈ ਲੱਛਣ ਹੈ ਤਾਂ ਉਹ ਇਸ ਕੈਂਪ ਦਾ ਪੂਰਾ ਲਾਭ ਉਠਾਉਣ ਅਤੇ ਇਸ ਕੈਂਪ ਵਿੱਚ ਆ ਕੇ ਆਪਣਾ ਚੈਕਅਪ ਕਰਵਾਉਣ। ਉਨਾਂ ਹੋਰ ਦੱਸਿਆ ਕਿ ਕੈਂਸਰ ਦੇ ਸ਼ੱਕੀ ਮਰੀਜ਼ਾ ਦੇ ਟੈਸਟ ਫ੍ਰੀ ਹੋਣਗੇ ਅਤੇ ਜੇਕਰ ਕੈਂਸਰ ਦਾ ਕੋਈ ਮਰੀਜ਼ ਪਾਇਆ ਗਿਆ ਤਾਂ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਇਲਾਜ ਲਈ ਭੇਜਿਆ ਜਾਵੇਗਾ ਅਤੇ ਇਨ੍ਹਾਂ ਮਰੀਜ਼ਾ ਨੂੰ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਵਿੱਚੋ ਮਾਲੀ ਸਹਾਇਤਾ ਵੀ ਦੁਆਈ ਜਾਵੇਗੀ। ਜ਼ਿਲਾ੍ਹ ਸਿਹਤ ਅਫਸਰ ਅਨੁਸਾਰ ਹੁਣ ਤੱਕ ਜ਼ਿਲਾ੍ਹ ਸ਼ਹੀਦ ਭਗਤ ਸਿੰਘ ਨਗਰ ਦੇ ਕੈਂਸਰ ਦੇ 175 ਮਰੀਜ਼ਾਂ ਨੂੰ 1 ਕਰੋੜ 70 ਲੱਖ 70 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿਵਾਈ ਜਾ ਚੁੱਕੀ ਹੈ।

Send this to a friend