ਨਰਮੇ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਦੇ 70 ਪਿੰਡਾਂ ਦੀ ਚੋਣ : ਮੁੱਖ ਖੇਤੀਬਾੜੀ ਅਫ਼ਸਰ

image ਸੰਗਰੂਰ, 22 ਮਈ (ਹਰਜੀਤ ਸਿੰਘ ਹਸਨਪੁਰੀ)- ਖੇਤੀਬਾੜੀ ਵਿਭਾਗ ਸੰਗਰੂਰ ਵੱਲੋਂ ਸਾਉਣੀ 2017 ਦੌਰਾਨ ਨਰਮੇ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਦੇ 70 ਪਿੰਡ ਚੁਣੇ ਗਏ ਹਨ ਜਿਨ੍ਹਾਂ ਵਿੱਚ ਕਿਸਾਨਾਂ ਨੂੰ ਸਮੇਂ-ਸਮੇਂ ‘ਤੇ ਜਾਗਰੂਕ ਕਰਨ ਲਈ 35 ਸਕਾਊਟ ਅਤੇ 4 ਸੁਪਰਵਾਈਜਰ ਨਿਯੁਕਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ. ਜਗਤਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਾਲ 12000 ਹੈਕਟਰ ਰਕਬੇ ਵਿੱਚ ਨਰਮੇ ਦੀ ਬਿਜਾਈ ਦਾ ਟੀਚਾ ਮਿਥਿਆ ਗਿਆ ਹੈ ਜਿਸ ਤਹਿਤ ਹੁਣ ਤੱਕ 8500 ਹੈਕਟਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਬਲਾਕ ਲਹਿਰਾ, ਅੰਨਦਾਨਾ, ਸੁਨਾਮ, ਦਿੜਬਾ, ਸੰਗਰੂਰ ਅਤੇ ਸ਼ੇਰਪੁਰ ਵਿੱਚ ਨਰਮਾ ਹੁੰਦਾ ਹੈ। ਸ. ਬਰਾੜ ਨੇ ਦੱਸਿਆ ਕਿ ਕਿਸਾਨਾਂ ਨੂੰ ਮਿਆਰੀ ਬੀਜ ਉਪਲੱਬਧ ਕਰਵਾਉਣ ਲਈ ਬੀ.ਟੀ. ਨਰਮੇ ਦੀਆਂ 35 ਕਿਸਮਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰੇਕ ਪਿੰਡ ਪੱਧਰ ‘ਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇਨ੍ਹਾਂ ਕਿਸਮਾਂ ਦੀ ਜਾਣਕਾਰੀ ਲਈ ਪੋਸਟਰ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ  ਚੁਣੇ ਹੋਏ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਸ਼ੁਰੂ ਹੋ ਗਏ ਹਨ ਜੋ ਕਿ ਸਤੰਬਰ ਤੱਕ ਜਾਰੀ ਰਹਿਣਗੇ ਅਤੇ ਪ੍ਰਤੀ ਪਿੰਡ 5-5 ਕੈਂਪ ਬਲਾਕ ਪੱਧਰ ‘ਤੇ ਅਤੇ ਜ਼ਿਲ੍ਹਾ ਪੱਧਰ ‘ਤੇ 2 ਕੈਂਪ ਲਗਾਏ ਜਾਣੇ ਹਨ।  ਸ. ਬਰਾੜ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਕੈਂਪ 24 ਮਈ ਨੂੰ ਸਵੇਰੇ 10.00 ਵਜੇ ਜੀ.ਪੀ.ਐਫ ਧਰਮਸ਼ਾਲਾ ਨੇੜੇ ਬੱਸ ਸਟੈਂਡ ਲਹਿਰਾ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਪਾਂ ਰਾਹੀਂ ਵਧੀਆਂ ਬੀਜ ਦੀ ਚੋਣ, ਅਗੇਤੀ ਬਿਜਾਈ ਅਤੇ ਲੋੜ ਮੁਤਾਬਕ ਸਿਫਾਰਸ਼ ਕੀਤੀਆਂ ਜ਼ਹਿਰਾਂ ਦੀ ਵਰਤੋ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਮਿਆਰੀ ਕੀੜੇਮਾਰ ਦਵਾਈਆਂ ਦੇਣ ਲਈ ਬਲਾਕ ਪੱਧਰ ‘ਤੇ ਡੀਲਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਕਿਸਾਨਾਂ ਨੂੰ ਸਲਾਹ ਦਿੱਤੀ ਜਾ ਰਹੀਂ ਹੈ ਕਿ ਉਹ ਸਿਫਾਰਸ਼ ਕੀਤੀਆਂ ਕੀੜੇਮਾਰ ਦਵਾਈਆਂ ਪੱਕੇ ਬਿਲ ਨਾਲ ਡੀਲਰਾਂ ਤੋਂ ਹੀ ਖਰੀਦ ਕਰਨ। ਉਨ੍ਹਾਂ ਦੱਸਿਆ ਕਿ ਲੋੜ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਇੱਕ ਜ਼ਿਲ੍ਹਾ ਪੱਧਰੀ ਟੀਮ ਅਤੇ 5 ਟੀਮਾਂ ਬਲਾਕ ਪੱਧਰ ਦੀਆਂ ਬਣਾਈਆਂ ਗਈਆਂ ਹਨ।

Send this to a friend