ਸੰਗਰੂਰ, 9 ਸਤੰਬਰ (ਹਰਿੰਦਰ ਖਾਲਸਾ/ਰਾਜ ਵਰਮਾ)-ਜ਼ਿਲ੍ਹਾ ਪੁਲਿਸ ਵੱਲੋਂ ਦੜ੍ਹਾ ਸੱਟਾ ਲਗਾਉਣ ਵਾਲਿਆਂ ਵਿਰੁਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ, ਜਦੋਂ ਸਥਾਨਕ ਥਾਣਾ ਸਿਟੀ ਪੁਲਿਸ ਨੇ ਇੰਗਲੈਂਡ/ਆਸਟਰੇਲੀਆ ਕ੍ਰਿਕਟ ਮੈਚ ਉਪਰ ਦੜ੍ਹਾ ਸੱਟਾ ਲਗਾਉਣ ਵਾਲੇ ਦੋਸ਼ੀਆਂ ਨੂੰ 8 ਮੋਬਾਈਲ ਫੋਨ ਸੈੱਟ ਅਤੇ 1 ਲੱਖ 15 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਕਾਬੂ ਕੀਤਾ।

ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗੁਪਤ ਇਤਲਾਹ ਮਿਲਣ ‘ਤੇ ਐੱਸ. ਆਈ. ਸ੍ਰ. ਹਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਸੰਗਰੂਰ ਨੇ ਆਪਣੀ ਪੁਲਿਸ ਪਾਰਟੀ ਸਮੇਤ ਰੇਡ ਕਰਕੇ ਸੂਰਜ ਪ੍ਰਕਾਸ਼ ਉਰਫ਼ ਟਿੰਕੂ ਪੁੱਤਰ ਰਾਧੇ ਸ਼ਿਆਮ ਵਾਸੀ ਸੇਖੂਪੁਰਾ ਬਸਤੀ, ਸੰਗਰੂਰ ਤੇ ਬਲਦੇਵ ਕੁਮਾਰ ਪੁੱਤਰ ਪ੍ਰੀਤਮ ਲਾਲ ਵਾਸੀ ਪ੍ਰਤਾਪ ਨਗਰ ਸੰਗਰੂਰ ਨੂੰ ਸੂਰਜ ਪ੍ਰਕਾਸ਼ ਦੇ ਘਰ ਤੋਂ ਦੜ੍ਹਾ ਸੱਟਾ ਲਗਾਉਂਦਿਆਂ ਕਾਬੂ ਕੀਤਾ। ਇਹ ਦੋਵੇਂ ਦੋਸ਼ੀ ਇੰਗਲੈਂਡ/ਆਸਟਰੇਲੀਆ ਕ੍ਰਿਕਟ ਮੈਚ ਉਪਰ ਦੜ੍ਹਾ ਸੱਟਾ ਲਗਾ ਰਹੇ ਸਨ।
ਦੋਸ਼ੀਆਂ ਕੋਲੋਂ ਦੜ੍ਹਾ ਸੱਟਾ ਲਗਾਉਣ ਲਈ ਵਰਤੇ ਜਾ ਰਹੇ 8 ਮੋਬਾਈਲ ਸੈੱਟ, 1 ਲੱਖ 15 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਵੱਖ-ਵੱਖ ਰਜਿਸਟਰ ਬਰਾਮਦ ਕੀਤੇ ਗਏ। ਦੋਸ਼ੀਆਂ ਵਿਰੁਧ ਥਾਣਾ ਸਿਟੀ ਵਿਖੇ ਮੁਕੱਦਮਾ ਨੰਬਰ 271 ਮਿਤੀ 8-9-13 ਅ/ਧ 420, 265, 467, 468, 471, 4-ਏ, 13-ਏ/3/67 ਜੂਆ ਐਕਟ ਤਹਿਤ ਦਰਜ ਕਰ ਲਿਆ ਗਿਆ ਹੈ।
ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਅੰਤਰਰਾਸ਼ਟਰੀ ਮੈਚਾਂ ‘ਤੇ ਸੱਟਾਬਾਜ਼ੀ ਕਰਦੇ ਸਨ। ਸ੍ਰ. ਸਿੱਧੂ ਨੇ ਕਿਹਾ ਕਿ ਦੋਸ਼ੀਆਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਧੰਦਾ ਚਲਾਉਣ ਲਈ ਤਿਆਰ ਕੀਤੇ ਗਏ ਜਾਅਲੀ ਕਾਗਜ਼ਾਤ ਵੀ ਬਰਾਮਦ ਕਰਾਏ ਜਾਣਗੇ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਇਸ ਨਾਲ ਇੱਕ ਵੱਡਾ ਗਿਰੋਹ ਵੀ ਸਾਹਮਣੇ ਆ ਸਕਦਾ ਹੈ। ਪ੍ਰੈੱਸ ਕਾਨਫਰੰਸ ਮੌਕੇ ਐੱਸ. ਪੀ. (ਡੀ) ਸ੍ਰ. ਪਰਮਜੀਤ ਸਿੰਘ ਗੋਰਾਇਆ, ਡੀ. ਐੱਸ. ਪੀ. ਸ੍ਰ. ਗੁਰਪ੍ਰੀਤ ਸਿੰਘ ਢੀਂਡਸਾ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।