ਸੰਗਰੂਰ, 8 ਮਈ (ਹਰਜੀਤ ਸਿੰਘ ਹਸਨਪੁਰੀ)- ਜ਼ਿਲ੍ਹਾ ਪੁਲਿਸ ਵੱਲੋਂ ਅਪ੍ਰੈਲ ਮਹੀਨੇ ਦੌਰਾਨ ਆਪਣੀ ਡਿਊਟੀ ਮੁਸਤੈਦੀ ਨਾਲ ਕਰਦਿਆਂ ਨਸ਼ਿਆਂ ਦੀ ਤਸਕਰੀ ਅਤੇ ਚੋਰੀ ਦੀਆਂ ਵਾਰਦਾਤਾਂ ‘ਚ ਸ਼ਾਮਿਲ ਗੈਰ-ਸਮਾਜਿਕ ਅਨਸਰਾਂ, ਗੈਂਗਸਟਰਾਂ ਅਤੇ ਡਰੱਗ ਮਾਫੀਆ ਖਿਲਾਫ਼ ਵੱਡੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਗਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 32 ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਅੱਜ ਪ੍ਰਸ਼ੰਸਾ ਪੱਤਰ ਅਤੇ ਨਕਦ ਇਨਾਮ ਪ੍ਰਦਾਨ ਕੀਤੇ ਗਏ ਹਨ।ਜ਼ਿਲ੍ਹਾ ਪੁਲਿਸ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸ਼੍ਰੀ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਅਪ੍ਰੈਲ ਮਹੀਨੇ ਦੌਰਾਨ 7 ਗੈਂਗਸਟਰਾਂ ਤੋਂ 4 ਪਿਸਤੌਲ/ਰਿਵਾਲਵਰ ਅਤੇ 15 ਕਾਰਤੂਸ ਬਰਾਮਦ ਕੀਤੇ। ਜਦਕਿ ਐਨ.ਡੀ.ਪੀ.ਐਸ. ਐਕਟ ਤਹਿਤ 108 ਮਾਮਲੇ ਦਰਜ ਕਰਕੇ 143 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਾਬੂ ਵਿਅਕਤੀਆਂ ਤੋਂ 26 ਗ੍ਰਾਮ ਹੈਰੋਇਨ, 1 ਕਿਲੋ 131 ਗ੍ਰਾਮ ਸਮੈਕ, 157 ਗ੍ਰਾਮ ਨਸ਼ੀਲਾ ਪਾਊਡਰ, 7 ਕਿਲੋ 90 ਗ੍ਰਾਮ ਅਫ਼ੀਮ, 565.200 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 25027 ਕੈਪਸੂਲ, 12 ਕਿਲੋ 925 ਗ੍ਰਾਮ ਸੁਲਫਾ, 92 ਸੀਸੀਆ ਅਤੇ 60 ਟੀਕੇ ਬਰਾਮਦ ਕੀਤੇ ਗਏ। ਸ. ਸਿੱਧੂ ਨੇ ਦੱਸਿਆ ਕਿ ਮਹੀਨਾ ਅਪ੍ਰੈਲ ‘ਚ ਹੀ ਐਕਸਾਈਜ ਐਕਟ ਤਹਿਤ 109 ਮਾਮਲੇ ਦਰਜ ਕਰਕੇ 118 ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋ 2 ਚਾਲੂ ਭੱਠੀਆਂ, 4155.220 ਲੀਟਰ ਸ਼ਰਾਬ ਠੇਕਾ ਦੇਸੀ, 21.360 ਲੀਟਰ ਸ਼ਰਾਬ ਨਜ਼ਾਇਜ, 1.500 ਲੀਟਰ ਸ਼ਰਾਬ ਅੰਗਰੇਜ਼ੀ, 22.500 ਲੀਟਰ ਸਪਰਿਟ, 41.250 ਲੀਟਰ ਬੀਅਰ ਅਤੇ 325 ਲੀਟਰ ਲਾਹਣ ਬਰਾਮਦ ਕੀਤਾ। ਐਸ.ਐਸ.ਪੀ ਨੇ ਦੱਸਿਆ ਕਿ ਏ.ਟੀ.ਐਮ ਰਾਹੀ ਪੈਸੇ ਕਢਵਾਉਣ ਵਾਲੇ ਗਿਰੋਹ ਦੇ ਇੱਕ ਮੈਂਬਰ ਤੋਂ 57 ਏ.ਟੀ.ਐਮ ਕਾਰਡ ਬਰਾਮਦ ਕੀਤੇ।ਐਸ.ਐਸ.ਪੀ ਨੇ ਦੱਸਿਆ ਕਿ ਵੱਖ-ਵੱਖ ਘਟਨਾਵਾਂ ਨੂੰ ਜਿੰਮੇਵਾਰੀ ਅਤੇ ਤਨਦੇਹੀ ਨਾਲ ਹੱਲ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਇੰਸਪੈਕਟਰ ਹਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ, ਇੰਸਪੈਕਟਰ ਚਮਕੌਰ ਸਿੰਘ ਇੰਚਾਰਜ ਸਪੈਸ਼ਲ ਬਰਾਂਚ ਸੰਗਰੂਰ, ਥਾਣੇਦਾਰ ਸਾਹਿਬ ਸਿੰਘ ਚੌਂਕੀ ਇੰਚਾਰਜ ਚੋਟੀਆਂ, ਥਾਣੇਦਾਰ ਗੁਲਸ਼ਨ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ-2 ਮਲੇਰਕੋਟਲਾ ਅਤੇ ਥਾਣੇਦਾਰ ਜਤਿੰਦਰਪਾਲ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ-1 ਮਲੇਰਕੋਟਲਾ ਸਮੇਤ 32 ਪੁਲਿਸ ਕਰਮਚਾਰੀਆਂ ਨੂੰ ਅੱਜ ਪੁਲਿਸ ਲਾਈਨ ਵਿਖੇ ਜਨਰਲ ਪਰੇਡ ਦੌਰਾਨ ਪ੍ਰਸੰਸਾ ਪੱਤਰ ਅਤੇ ਨਕਦ ਇਨਾਮ ਦਿੱਤੇ ਗਏ। ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਪੰਜ ਥਾਣੇਦਾਰਾਂ ਸਮੇਤ 27 ਪੁਲਿਸ ਮੁਲਾਜ਼ਮਾਂ ਨੂੰ ਜਨਰਲ ਪਰੇਡ ਦੌਰਾਨ ਸਾਫ਼ ਸੁਥਰੀ ਤੇ ਪੈਟਰਨ ਅਨੁਸਾਰ ਵਰਦੀ ਪਹਿਨਣ ਕਰਕੇ ਵੀ ਸਨਮਾਨਿਤ ਕੀਤਾ ਗਿਆ।
ਡਰੱਗ ਮਾਫ਼ੀਆ ਅਤੇ ਗੈਰ-ਸਮਾਜਿਕ ਅਨਸਰਾਂ ਖਿਲਾਫ਼ ਕਾਰਵਾਈ ਕਰਨ ‘ਚ ਯੋਗਦਾਨ ਪਾਉਣ ਵਾਲੇ 32 ਪੁਲਿਸ ਅਧਿਕਾਰੀ ਸਨਮਾਨਿਤ



