June 15, 2026 7:10 am

ਪੰਜਾਬ ਸਰਕਾਰ ਵੱਲੋਂ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ

ਚੰਡੀਗੜ੍ਹ, 3 ਸਤੰਬਰ (ਪੀ.ਟੀ.)-ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਇਕ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਰਾਜ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਦੀਆਂ ਅਗਸਤ, 2013 ਮਹੀਨੇ ਦੀਆਂ ਤਨਖਾਹਾਂ ‘ਤੇ ਕੋਈ ਰੋਕ ਨਹੀਂ ਲਗਾਈ ਗਈ ਹੈ। ਮੀਡੀਆ ਦੇ ਕੁਝ ਹਿੱਸਿਆ ਵਿਚ ਇਸ ਸਬੰਧੀ ਆਈਆਂ ਖਬਰਾਂ ਕਿ ਰਾਜ ਸਰਕਾਰ ਨੇ ਮੁਲਾਜ਼ਮਾਂ ਦੀਆਂ ਅਗਸਤ ਮਹੀਨੇ ਦੀਆਂ ਤਨਖਾਹਾਂ ਰੋਕ ਦਿੱਤੀਆਂ ਹਨ, ਦਾ ਬੁਲਾਰੇ ਨੇ ਸਖਤ ਸ਼ਬਦਾਂ ‘ਚ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਤਨਖਾਹਾਂ ਰੋਕਣ ਸਬੰਧੀ ਕੋਈ ਹਦਾਇਤ ਰਾਜ ਦੇ ਕਿਸੇ ਖਜ਼ਾਨਾ ਦਫਤਰ ਨੂੰ ਨਹੀਂ ਭੇਜੀ ਗਈ ਅਤੇ ਜਿਉਂ-ਜਿਉਂ ਤਨਖਾਹਾਂ ਦੇ ਬਿਲ ਆ ਰਹੇ ਹਨ, ਉਸ ਹਿਸਾਬ ਨਾਲ ਤਨਖਾਹਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਆਪਣੇ ਮੁਲਾਜ਼ਮਾਂ ਦੀਆਂ 500 ਕਰੋੜ ਰੁਪਏ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਸਮੇਂ ਸਿਰ ਜਾਰੀ ਕਰ ਦਿੱਤੀਆਂ ਜਾਣਗੀਆਂ।