31ਵੀਂ ‘ਮਨ ਕੀ ਬਾਤ’ ਤਹਿਤ ਅਕਾਸ਼ਬਾਣੀ ਤੇ ਦੂਰਦਰਸ਼ਨ ਤੋਂ ਕੀਤਾ ਸੰਬੋਧਨ
ਨਵੀਂ ਦਿੱਲੀ, 30 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ‘ਮਨ ਕੀ ਬਾਤ’ ਦੌਰਾਨ ਵੀਆਈਪੀ ਸੱਭਿਆਚਾਰ ’ਤੇ ਇੱਕ ਵਾਰ ਫਿਰ ਜ਼ੋਰਦਾਰ ਤਰੀਕੇ ਨਾਲ ਬਰਸੇ ਹਨ। ਉਨ੍ਹਾਂ ਨੇ ਦੇਸ਼ ਵਿੱਚ ਵੀਆਈਪੀ ਸੰਸਕ੍ਰਿਤੀ ਨੂੰ ਹਟਾਉਣ ਲਈ ਈਪੀਆਈ (ਐਵਰੀ ਪਰਸਨ ਇੰਪੋਰਟੈਂਟ’ ਦਾ ਨਾਅਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੇਤਾਵਾਂ ਅਤੇ ਅਫਸਰਾਂ ਦੀਆਂ ਗੱਡੀਆਂ ਤੋਂ ਲਾਲ ਬੱਤੀ ਤਾਂ ਉਨ੍ਹਾਂ ਨੇ ਹਟਾ ਦਿੱਤੀ ਹੈ। ਹੁਣ ਸਾਂਝਾ ਯਤਨ ਕਰਕੇ ਲਾਲ ਬੱਤੀ ਦੀ ਮਾਨਸਿਕਤਾ ਨੂੰ ਵੀ ਦੇਸ਼ ਵਿੱਚੋਂ ਖਤਮ ਕੀਤਾ ਜਾਵੇ। ਪ੍ਰਧਾਨ ਮੰਤਰੀ 31ਵੀਂ ਵਾਰ ‘ਮਨ ਕੀ ਬਾਤ’ ਪ੍ਰੋਗਰਾਮ ’ਚ ਦੇਸ਼ ਦੀ ਜਨਤਾ ਨੂੰ ਸੰਬੋਧਤ ਕੀਤਾ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ‘ਆਲ ਇੰਡੀਆ ਰੇਡੀਓ‘ ਅਤੇ ਦੂਰਦਰਸ਼ਨ ‘ਤੇ ਸਵੇਰੇ 11 ਵਜੇ ਕੀਤਾ ਗਿਆ। ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਜਨਤਾ ਦਾ ਸੁਝਾਵਾਂ ਲਈ ਉਹ ਧੰਨਵਾਦੀ ਹਨ ਅਤੇ ਇਹ ਕੋਈ ਆਮ ਗੱਲ ਨਹੀਂ ਹੈ। ਜਲਵਾਯੂ ’ਚ ਹੋ ਰਹੀਆਂ ਤਬਦੀਲੀਆਂ ’ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਰੋਜ਼ ਦੀ ਜ਼ਿੰਦਗੀ ‘ਚ ਸ਼ਾਮਲ ਹੈ। ਜਲਵਾਯੂ ‘ਚ ਹੋ ਰਹੀਆਂ ਤਬਦੀਲੀਆਂ ਇਕ ਵੱਡੀ ਸਮੱਸਿਆ ਹੈ ਕਿਉਂਕਿ ਇਸ ਵਾਰ ਮਾਰਚ-ਅਪ੍ਰੈਲ ‘ਚ ਹੀ ਮਈ-ਜੂਨ ਵਰਗੀ ਗਰਮੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਨਵਾਂ ਇੰਡੀਆ ਬਣਾਉਣਾ ਹੈ। ਇਸ ਲਈ ਵੀਆਈਪੀ ਦੀ ਥਾਂ ਈਪੀਆਈ ਦੇ ਮਹੱਤਵ ਨੂੰ ਵਧਾਇਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਦੇ ਮਨ ਵਿੱਚ ਵੀਆਈਪੀ ਸੱਭਿਆਚਾਰ ਖਿਲਾਫ ਕਾਫੀ ਨਫਰਤ ਹੈ। ਇਸ ਨੂੰ ਦੇਖਦੇ ਹੋਏ ਹੀ ਲਾਲ ਬੱਤੀ ’ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਆਪਣੀ ਗੱਲਬਾਤ ਦੌਰਾਨ ਮੱਧ ਪ੍ਰਦੇਸ਼ ਦੇ ਜੱਬਲਪੁਰ ਦੀ ਇੱਕ ਔਰਤ ਸੁਭਾ ਚੌਬੇ ਦਾ ਫੋਨ ਵੀ ਸੁਣਾਇਆ, ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਲਾਲ ਬੱਤੀ ’ਤੇ ਪਾਬੰਦੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮਹਾਰਤ ਹਾਸਿਲ ਕਰਨ ਲਈ ਛੁੱਟੀਆਂ ਵਿੱਚ ਨਵੇਂ ਪ੍ਰਯੋਗ ਕਰਨੇ ਚਾਹੀਦੇ ਹਨ। ਜੀਵਨ ਵਿੱਚ ਕੁਝ ਬਣਨ ਦਾ ਸੁਪਨਾ ਲੈ ਕੇ ਤੁਰੇ ਨੌਜਵਾਨਾਂ ਨੂੰ ਉਨ੍ਹਾਂ ਸੁਝਾਅ ਦਿੱਤਾ ਕਿ ਉਹ ਆਪਣੇ ਅੰਦਰ ਸਾਰੇ ਗੁਣ ਪੈਦਾ ਕਰਨ। ਜੇਕਰ ਤੈਰਨਾ ਨਹੀਂ ਆਉਂਦਾ ਤਾਂ ਸਿੱਖਣ, ਡਰਾਇਵਿੰਗ ਸਿੱਖਣ, ਇਸ ਦਾ ਕੁਝ ਨਾ ਕੁਝ ਲਾਭ ਜ਼ਰੂਰ ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 1 ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹ ਕਿ ਕੰਮ ਹੀ ਭਗਵਾਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਸਭ ਦਾ ਸਾਥ ਸਭ ਦਾ ਵਿਕਾਸ ਦੀ ਗੱਲ ਕਹੀ ਹੈ। ਇਹ ਗੱਲ ਵਿਸ਼ਵ ਪੱਧਰ ’ਤੇ ਵੀ ਲਾਗੂ ਹੈ। ਸਾਡੇ ਗਵਾਂਢੀ ਦੇਸ਼ ਵੀ ਵਿਕਾਸ ਕਰਨ। ਭਾਰਤ 5 ਮਈ ਨੂੰ ਇੱਕ ਸਾਊਥ ਏਸ਼ੀਆ ਸੈਟੇਲਾਇਟ ਲਾਂਚ ਕਰ ਰਿਹਾ ਹੈ, ਜਿਸ ਦਾ ਫਾਇਦਾ ਗਵਾਂਢੀ ਦੇਸ਼ਾਂ ਨੂੰ ਵੀ ਹੋਵੇਗਾ। ਪ੍ਰਧਾਨ ਮੰਤਰੀ ਨੇ ਜ਼ਿੰਦਗੀ ਸਬੰਧੀ ਵੀ ਕਈ ਨੁਕਤੇ ਸਾਂਝੇ ਕੀਤੇ।
ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਵੀਆਈਪੀ ਦੀ ਥਾਂ ਦਿੱਤਾ ਈਪੀਆਈ ਦਾ ਨਾਅਰਾ



