400 ਵਕੀਲਾਂ ਦੀਆਂ ਸੇਵਾਵਾਂ ਲਏ ਜਾਣ ਦੀ ਸੰਭਾਵਨਾ-ਲਾਅ ਅਫ਼ਸਰਾਂ ਦੀ ਭਰਤੀ 8 ਤੱਕ : ਅਤੁਲ ਨੰਦਾ
ਚੰਡੀਗੜ੍ਹ , 30 ਅਪ੍ਰੈਲ- ਹਾਈ ਕੋਰਟ ਅਤੇ ਹੇਠਲੀਆਂ ਅਦਾਲਤਾਂ ਵਿਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਾਲ ਸਬੰਧੀ ਮੁਕੱਦਮੇਬਾਜ਼ੀ ਦੇ ਕੰਮ ਦੇ ਤੇਜ਼ ਨਿਪਟਾਰੇ ਅਤੇ ਕਾਨੂੰਨੀ ਸੇਵਾਵਾਂ ਨੂੰ ਚੁਸਤ -ਦਰੁਸਤ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਇਨਵੈਸਟੀਗੇਸ਼ਨ ਅਤੇ ਨਿਆਂ ਵਿੰਗ ਵੱਖਰੇ ਕਰਨ ਦੀ ਤਜਵੀਜ਼ ਹੈ। ਇਸ ਦਾ ਮਕਸਦ ਕਾਨੂੰਨੀ ਕਾਰੋਬਾਰ ਅਤੇ ਪੁਲਿਸ ਦੀ ਅਮਨ ਕਾਨੂੰਨ ਦੀ ਜ਼ਿੰਮੇਵਾਰੀ ਦਾ ਆਪਸ ਵਿਚ ਹੁੰਦੇ ਰਲ-ਗੱਡੇ ਅਤੇ ਘਚੋਲੇ ਨੂੰ ਘਟਾਉਣਾ ਹੈ । ਇਸ ਦੇ ਨਾਲ ਹੀ ਕਨਵਿਕਸ਼ਨ ਦਰ ਵਿਚ ਵਾਧਾ ਕਰਨਾ ਵੀ ਇਸ ਦਾ ਉਦੇਸ਼ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਐਡਵੋਕੇਟ ਜਨਰਲ ਪੰਜਾਬ ਅਤੁਲ ਨੰਦਾ ਦਾ ਕਹਿਣਾ ਹੈ ਕਿ ਜੁਰਮਾਂ ਦੀ ਪੜਤਾਲ (ਕ੍ਰਾਈਮ ਡਿਟੈੱਕਸ਼ਨ ਤੇ ਇਨਵੈਸਟੀਗੇਸ਼ਨ) ਅਤੇ ਅਦਾਲਤੀ ਪ੍ਰਕਿਰਿਆ। ਜੁਡੀਸ਼ੀਅਲ ਪ੍ਰੋਸੈੱਸ। ਬੇਸ਼ੱਕ ਆਪਸ ਵਿਚ ਜੁੜੇ ਹੋਏ ਹਨ ਪਰ ਫਿਰ ਵੀ ਇਨ੍ਹਾਂ ਦੋਹਾਂ ਦਾ ਆਪਣਾ ਵੱਖਰਾ ਸਿਸਟਮ ਹੈ। ਇਸ ਸੁਮੇਲ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਬਹੁ-ਪੱਖੀ ਕਦਮ ਚੁੱਕੇ ਜਾਣ ਦੀ ਤਜਵੀਜ਼ ਹੈ . ਦੋਹਾਂ ਵਿੰਗਾਂ ਨੂੰ ਵੱਖ ਵੱਖ ਕਰਨ ਦੇ ਨਾਲ ਜ਼ਿਲ੍ਹਾ ਅਟਾਰਨੀ ਅਤੇ ਸਰਕਾਰੀ ਵਕੀਲਾਂ ਨੂੰ ਸਿਖਲਾਈ ਦੇਣ ਅਤੇ ਪੁਲਿਸ ਵਿਚ ਇੱਕ ਬਾਕਾਇਦਾ ਕਾਨੂੰਨੀ ਵਿੰਗ ਖੜ੍ਹਾ ਕਰਨ ਦੀ ਤਜਵੀਜ਼ ਸ਼ਾਮਲ ਹੈ .
ਜਲੰਧਰ ਦੇ ਜੰਮਪਲ 51 ਸਾਲਾ ਨੰਦਾ ਦਾ ਕਹਿਣਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਹ ਸਪਸ਼ਟ ਆਦੇਸ਼ ਹਨ ਇਨਸਾਫ਼ ਅਤੇ ਕਾਨੂੰਨੀ ਪ੍ਰਕਿਰਿਆ ਸਰਲ ਅਤੇ ਅਸਰਦਾਰ ਬਣਾਈ ਜਾਵੇ ਤਾਂ ਲੋਕਾਂ ਨੂੰ ਜਲਦੀ ਇਨਸਾਫ਼ ਵੀ ਮਿਲੇ ਅਤੇ ਦੋਸ਼ੀਆਂ ਨੂੰ ਸਜ਼ਾ ਵੀ ਢੁਕਵੀਂ ਮਿਲੇ। ‘ਪੰਜਾਬ ਟਾਇਮਜ਼’ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿਚ ਸ੍ਰੀ ਨੰਦਾ ਨੇ ਦੱਸਿਆ ਕਿ ਰੋਜ਼ਾਨਾ 800 ਤੋਂ 100 ਤੱਕ ਪੁਲਿਸ ਅਧਿਕਾਰੀ ਹਾਈ ਕੋਰਟ ਪੇਸ਼ੀਆਂ ਭੁਗਤਣ ਲਈ ਆਉਂਦੇ ਹਨ . ਹਾਈ ਕੋਰਟ ਦੀ ਚੌਥੀ ਮੰਜ਼ਿਲ ਤੇ ਇਸ ਦੀ ਝਲਕ ਦੇਖੀ ਜਾ ਸਕਦੀ ਹੈ . ਇਸੇ ਤਰ੍ਹਾਂ ਜ਼ਿਲ੍ਹਾ ਅਦਾਲਤਾਂ ਵਿਚ ਵੀ ਹੁੰਦਾ ਹੈ .ਇਨ੍ਹਾਂ ਵਿਚ ਬਹੁਤੇ ਇਨਵੈਸਟੀਗੇਸ਼ਨ ਅਧਿਕਾਰੀ ( ਆਈ ਓ ) ਹੁੰਦੇ ਨੇ . ਉਹ ਚਾਹੁੰਦੇ ਨੇ ਆਈ ਓ ਨੂੰ ਹਰੇਕ ਕੇਸ ਵਿਚ ਇੱਥੇ ਨਾ ਆਉਣਾ ਪਵੇ ਅਤੇ ਅਦਾਲਤੀ ਕਾਰਵਾਈ ਦੀ ਜ਼ਿੰਮੇਵਾਰ ਪੁਲਿਸ ਦਾ ਕਾਨੂੰਨੀ ਵਿੰਗ ਕਰੇ . ਇਸ ਦੇ ਲਈ ਜਿੱਥੇ ਏ ਜੀ ਦਫ਼ਤਰ ਵਿਚ ਵਿਚ ਇੱਕ ਵਿਸ਼ੇਸ਼ ਸੈੱਲ ਬਣਾਏ ਜਾਣ ਦੀ ਵਿਉਂਤ ਹੈ ਜਿਸ ਵਿਚ ਪੰਜਾਬ ਪੁਲਿਸ ਦੇ ਅਫ਼ਸਰਾਂ / ਅਧਿਕਾਰੀਆਂ ਦੀ ਇੱਕ ਚੋਣਵੀਂ ਟੀਮ ਅਤੇ ਇੱਧਰੋਂ ਏ ਜੀ ਦੇ ਦਫ਼ਤਰੀਆਂ ਦੀ ਇੱਕ ਟੀਮ ਮਿਲ ਕੇ ਸਰਕਾਰੀ ਕੇਸਾਂ ਦੀ ਦੇਖ ਰੇਖ ਕਰਨਗੇ . ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਜੇਕਰ ਇਸ ਤਜਵੀਜ਼ ਨੂੰ ਮੁੱਖ ਮੰਤਰੀ ਦੀ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਪੰਜਾਬ ਪੁਲਿਸ ਦੇ ਕੇਸਾਂ ਦੀ ਪੈਰਵਾਈ ਲਈ 400 ਦੇ ਕਰੀਬ ਵਕੀਲਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਸ਼੍ਰੀ ਨੰਦਾ ਨੇ ਦੱਸਿਆ ਕਿ ਉਨ੍ਹਾਂ ਨੇ ਅਦਾਲਤੀ ਕੇਸਾਂ ਅਤੇ ਇਨ੍ਹਾਂ ਨਾਲ ਸਬੰਧਤ ਸਾਰੇ ਪਹਿਲੂਆਂ ਵੇਰਵੇ ਸਹਿਤ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਸਬੰਧ ਪੁਲਿਸ ਨਾਲ ਹੈ। ਇਹ ਵੀ ਡਾਟਾ ਤਿਆਰ ਕੀਤਾ ਗਿਆ ਹੈ ਕਿ ਔਸਤਨ ਕਿੰਨੇ ਕੇਸ ਜ਼ਮਾਨਤਾਂ ਦੇ ਹੁੰਦੇ ਹਨ ,ਕਿੰਨੇ ਗਵਾਹੀਆਂ ਦੇ, ਕਿੰਨੇ ਪੜਤਾਲਾਂ ਦੇ , ਰਿਵੀਜ਼ਨ ਦੇ ਕਿੰਨੇ ਨੇ ਅਤੇ ਕਿੰਨੇ ਕੇਸਾਂ ਵਿਚ ਸਜ਼ਾਵਾਂ ਦੇ ਸਕੇ ਹਾਂ। ਇਸ ਡਾਟਾ ਦੇ ਆਧਾਰ ਤੇ ਇਹ ਨਿਰਨਾ ਕੀਤਾ ਜਾਵੇਗਾ ਕਿ ਤਜਵੀਜ਼ ਕੀਤੇ ਕਾਨੂੰਨੀ ਵਿੰਗ ਵਿਚ ਕਿੰਨੇ ਪੋਲੀ ਅਫ਼ਸਰ ਅਤੇ ਅਧਿਕਾਰ ਅਤੇ ਕਿੰਨੇ ਕਾਨੂੰਨੀ ਮਾਹਰ ਜਾਂ ਵਕੀਲ ਚਾਹੀਦੇ ਹੋਣਗੇ ਤਾਂ ਕਿ ਕੰਮ-ਕਾਜ ਸੁਚੱਜੇ ਢੰਗ ਨਾਲ ਨਿਪਟਾਏ ਜਾ ਸਕੇ। ਜਲੰਧਰ ਦੇ ਜੰਮਪਲ ਅਤੁਲ ਨੰਦਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਹੋਰ ਅਹਿਮ ਡਰੀਮ ਪ੍ਰੋਜੈਕਟ ਵਕੀਲਾਂ ਲਈ ਸੋਸ਼ਲ ਸਿਕਿਉਰਿਟੀ ਦਾ ਪ੍ਰਬੰਧ ਕਰਨਾ ਹੈ ਜਿਸ ਦਾ ਮੁੱਖ ਮੰਤਵ ਰਿਟਾਇਰਮੈਂਟ ਤੋਂ ਬਾਅਦ ਬੁਢਾਪੇ ਵੇਲੇ ਵਕੀਲਾਂ ਦੀ ਰੋਟੀ ਰੋਜ਼ੀ ਵਿਚ ਸਹਾਈ ਹੋਣਾ ਹੈ। ਇਹ ਢੰਗ ਤਰੀਕੇ ਵਿਚਾਰੇ ਜਾ ਰਹੇ ਨੇ ਕਿ ਐਡਵੋਕੇਟ ਵੈੱਲਫੇਅਰ ਫ਼ੰਡ ਨੂੰ ਕੀ ਸ਼ਕਲ ਦਿੱਤੀ ਜਾਵੇ।
ਪੰਜਾਬ ਪੁਲਿਸ ਵਿਚ ਵੱਖਰੇ ਨਿਆਂ ਵਿੰਗ ਦੀ ਤਜ਼ਵੀਜ਼



