45 ਵਿਧਾਇਕਾਂ ਨੇ ਰੈਲੀ, ਪ੍ਰਚਾਰ ਤੇ ਸਟਾਰ ਕੰਪੇਨਰਾਂ ’ਤੇ ਕੋਈ ਖਰਚਾ ਨਹੀਂ ਕੀਤਾ
ਚੰਡੀਗੜ੍ਹ, 28 ਅਪ੍ਰੈਲ- ਭਾਂਵੇਂ ਪੰਜਾਬ ਵਿਧਾਨ ਚੋਣਾਂ ਵਿਚ ਭਾਰਤੀ ਚੋਣ ਕਮਿਸ਼ਨ ਵੱਲੋਂ ਇਹ ਨਿਰਧਾਰਿਤ ਕੀਤਾ ਗਿਆ ਸੀ ਕਿ ਕੋਈ ਵੀ ਉਮੀਦਵਾਰ 28 ਲੱਖ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਖਰਚ ਨਹੀਂ ਕਰੇਗਾ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਉਮੀਦਵਾਰ ਨੇ 28 ਲੱਖ ਰੁਪਏ ਖਰਚ ਨਹੀਂ ਕੀਤੇ। ਇਕ ਸਮਾਜ ਸੇਵੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮ ਵੱਲੋਂ ਚੋਣਾਂ ਦੌਰਾਨ ਹੋਏ ਖਰਚਿਆਂ ਦੀ ਇੱਕ ਸਮੀਖਿਆ ਰਿਪੋਰਟ ਜਾਰੀ ਕੀਤੀ ਗਈ ਹੈ। ਸੰਸਥਾ ਮੁਤਾਬਕ ਇਨਕਮ ਟੈਕਸ ਵਿਭਾਗ ਵੱਲੋਂ ਮਿਲੀ ਅਨੁਸਾਰ 15 ਲੱਖ ਰੁਪਏ ਔਸਤਨ ਨਿਕਲਦੀ ਹੈ ਜੋ ਸੱਚਾਈ ਤੋਂ ਕਿਤੇ ਪਰੇ ਹੈ।ਇਸ ਸੰਸਥਾ ਮੁਤਾਬਕ ਲੋਕ ਇਨਸਾਫ ਪਾਰਟੀ ਨੇ 20, ਅਕਾਲੀ ਦਲ ਨੇ 15.76, ਭਾਜਪਾ ਨੇ 15.49, ਕਾਂਗਰਸ ਨੇ 15.25 ਅਤੇ ਆਪ ਪਾਰਟੀ ਨੇ 14.86 ਲੱਖ ਰੁਪਏ ਹੀ ਖਰਚ ਕੀਤੇ ਹਨ। ਚੋਣਾਂ ਵਿਚ ਸਭ ਤੋਂ ਘੱਟ ਖਰਚਾ ਕਰਨ ਵਾਲਿਆਂ ਵਿੱਚ ਜਿਆਦਾਤਰ ਕਾਂਗਰਸ ਦੇ ਉਮੀਦਵਾਰ ਹਨ। ਅਜਨਾਲਾ ਦੇ ਹਰਪ੍ਰੀਤ ਸਿੰਘ ਨੇ ਚੋਣਾਂ ’ਚ ਸਿਰਫ 4 ਲੱਖ ਰੁਪਏ ਖਰਚੇ ਹਨ। ਇਸੇ ਤਰ੍ਹਾਂ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ 6 ਲੱਖ ਰੁਪਏ ਦਾ ਖਰਚਾ ਦਿਖਾਇਆ ਹੈ। ਲੁਧਿਆਣਾ ਨਾਰਥ ਦੇ ਵਿਧਾਇਕ ਰਾਕੇਸ਼ ਪਾਂਡੇ ਨੇ ਸਿਰਫ 7 ਲੱਖ ਰੁਪਏ ਹੀ ਖਰਚੇ ਹਨ। ਦਿਲਚਸਪ ਗੱਲ ਇਹ ਹੈ ਕਿ ਇਹਨਾਂ ਚੋਣਾਂ ਵਿਚ 45 ਵਿਧਾਇਕਾਂ ਨੇ ਐਲਾਨ ਕੀਤੀ ਕਿ ਉਹਨਾਂ ਵੱਲੋਂ ਕਿਸੇ ਰੈਲੀ, ਪ੍ਰਚਾਰ ਜਾਂ ਸਟਾਰ ਕੰਪੇਨਰਾਂ ਤੇ ਕੋਈ ਖਰਚਾ ਨਹੀਂ ਕੀਤਾ ਗਿਆ। 50 ਵਿਧਾਇਕਾਂ ਨੇ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ ਕਿਸੇ ਪ੍ਰਿੰਟ ਜਾਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਇਸ਼ਤਿਹਾਰਬਾਜ਼ੀ ਦਾ ਕੋਈ ਖਰਚਾ ਨਹੀਂ ਕੀਤਾ।35 ਵਿਧਾਇਕਾਂ ਨੇ ਇਹ ਘੋਸ਼ਣਾ ਕੀਤੀ ਕਿ ਉਹਨਾਂ ਵੱਲੋਂ ਪਾਰਟੀ ਵਰਕਰਾਂ ਤੇ ਕੋਈ ਖਰਚਾ ਨਹੀਂ ਕੀਤਾ ਗਿਆ। ਇਕ ਵਿਧਾਇਕ ਨੇ ਇਹ ਘੋਸ਼ਣਾ ਕੀਤੀ ਕਿ ਉਹਨਾਂ ਵੱਲੋਂ ਵਹੀਕਲ ਤੱਕ ਤੇ ਕੋਈ ਖਰਚਾ ਨਹੀਂ ਕੀਤਾ। 117 ਵਿਧਾਇਕਾਂ ਵਿਚੋਂ 46 ਵਿਧਾਇਕਾਂ ਨੇ ਇਹ ਘੋਸ਼ਣਾ ਕੀਤੀ ਕਿ 28 ਲੱਖ ਦੀ ਲਿਮਟ ਵਿਚੋਂ ਸਿਰਫ 14 ਲੱਖ ਰੁਪਏ ਹੀ ਖਰਚ ਕੀਤੇ ਗਏ ਹਨ। ਸਭ ਤੋਂ ਜਿਆਦਾ ਖਰਚੇ ਵਿਚ ਲੋਕ ਇਨਸਾਫ ਪਾਰਟੀ ਦਾ ਨਾਂਅ ਹੈ। ਕੈਬਨਿਟ ਮੰਤਰੀਆਂ ਵਿਚੋਂ ਸਭ ਤੋਂ ਘੱਟ ਖਰਚਾ ਕਰਨ ਵਾਲੇ ਰਾਣਾ ਗੁਰਜੀਤ ਸਿੰਘ ਨੇ ਸਿਰਫ 8 ਲੱਖ ਰੁਪਏ ਖਰਚਣ ਦਾ ਦਾਅਵਾ ਕੀਤਾ ਹੈ। ਕੈਬਨਿਟ ਮੰਤਰੀ ਅਰੁਣਾ ਚੋਧਰੀ ਵੱਲੋਂ 12 ਲੱਖ ਰੁਪਏ ਖਰਚ ਕਰਨ ਦਾ ਦਾਅਵਾ ਹੈ। ਨਵਜੋਤ ਸਿੰਘ ਸਿਧੂ ਵੱਲੋਂ 14 ਲੱਖ ਰੁਪਏ ਖਰਚੇ ਗਏ ਹਨ। ਸਭ ਤੋਂ ਜਿਆਦਾ ਖਰਚਾ ਕਰਨ ਵਾਲੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੇ 26 ਲੱਖ ਰੁਪਏ ਖਰਚੇ ਹਨ। ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ 24 ਲੱਖ ਰੁਪਏ ਅਤੇ ਰਜ਼ੀਆ ਸੁਲਤਾਨਾ ਨੇ 24 ਲੱਖ ਰੁਪਏ ਖਰਚੇ ਹਨ। ਇਹ ਅੰਕੜੇ ਕਾਫੀ ਹੈਰਾਨੀਜਨਕ ਹਨ। ਕਈ ਚੋਣ ਖਰਚੇ ਵਿਧਾਇਕਾਂ ਨੇ ਆਪਣੇ ਕਾਗਜ਼ਾਂ ਵਿੱਚ ਨਹੀਂ ਲਿਖਾਏ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜ਼ਿਆਦਾਤਰ ਉਮੀਦਵਾਰਾਂ ਵੱਲੋਂ ਔਸਤ 15 ਲੱਖ ਰੁਪਏ ਚੋਣ ਖਰਚਾ



