ਨਵੀਂ ਦਿੱਲੀ, 31 ਅਗਸਤ (ਪੀ.ਟੀ.)- ਦਿੱਲੀ ਵਿਚ 16 ਦਸੰਬਰ ਨੂੰ ਇਕ ਲੜਕੀ ਨਾਲ ਚਲਦੀ ਬੱਸ ਵਿਚ ਹੋਏ ਸਮੂਹਿਕ ਬਲਾਤਕਾਰ ਮਾਮਲੇ ਵਿਚ ਨਾਬਾਲਿਗ ਦੋਸ਼ੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਕਿਸ਼ੋਰ ਨਿਆਂ ਬੋਰਡ ਨੇ ਰੇਪ ਅਤੇ ਹੱਤਿਆ ਸਮੇਤ 12 ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਹੈ। ਸਜ਼ਾ ਦੌਰਾਨ ਉਸ ਨੂੰ ਵਿਸ਼ੇਸ਼ ਸੁਧਾਰ ਘਰ ਵਿਚ ਰੱਖਿਆ ਜਾਵੇਗਾ। ਦੋਸ਼ੀ ਨੂੰ ਦਿੱਤੀ ਗਈ ਤਿੰਨ ਸਾਲ ਦੀ ਸਜ਼ਾ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਹਿਰਾਸਤ ਵਿਚ ਗੁਜ਼ਾਰੇ ਦਿਨ ਵੀ ਸ਼ਾਮਿਲ ਹੋਣਗੇ।
ਦੂਸਰੇ ਪਾਸੇ ਪੀੜਤ ਲੜਕੀ ਦੇ ਪਰਿਵਾਰ ਨੇ ਇਸ ਫੈਸਲੇ ‘ਤੇ ਨਾਖੁਸ਼ੀ ਜਤਾਉਂਦਿਆਂ ਕਿਹਾ ਹੈ ਕਿ ਉਹ ਉਪਰਲੀ ਅਦਾਲਤ ਵਿਚ ਚੁਣੌਤੀ ਦੇਣਗੇ। ਪੀੜਤ ਦੀ ਮਾਂ ਨੇ ਕਿਹਾ ਹੈ ਕਿ ਦੋਸ਼ੀ ਨੂੰ ਕੇਵਲ ਤਿੰਨ ਸਾਲ ਦੀ ਸਜ਼ਾ ਦਿੱਤੀ ਗਈ ਹੈ, ਜੋ ਕਾਫੀ ਘੱਟ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ 16 ਦਸੰਬਰ ਨੂੰ 23 ਸਾਲਾ ਵਿਦਿਆਰਥਣ ਨਾਲ ਚਲਦੀ ਬੱਸ ਵਿਚ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਬਾਅਦ ਵਿਚ ਪੀੜਤ ਲੜਕੀ ਦੀ ਸਿੰਗਾਪੁਰ ਵਿਖੇ ਇਲਾਜ ਦੌਰਾਨ 29 ਦਸੰਬਰ ਨੂੰ ਮੌਤ ਹੋ ਗਈ ਸੀ। ਇਸ ਘਟਨਾ ਦੇ ਵਿਰੋਧ ਵਜੋਂ ਸਮੁੱਚੇ ਦੇਸ਼ ਵਿਚ ਬਲਾਤਕਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਔਰਤਾਂ ਦੀ ਸੁਰੱਖਿਆ ਲਈ ਉਚਿਤ ਕਦਮ ਚੁੱਕਣ ਲਈ ਵੱਡੀ ਗਿਣਤੀ ਵਿਚ ਲੋਕ ਸੜਕਾਂ ‘ਤੇ ਉਤਰ ਆਏ ਸਨ।