June 13, 2026 12:57 pm

ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਖਾਲਸਾਈ ਰਹੁ-ਰੀਤ ਅਨੁਸਾਰ ਮਨਾਈ ਗਈ

ਅੰਮ੍ਰਿਤਸਰ, 31ਅਗਸਤ (ਪੰਜਾਬ ਟਾਇਮਜ਼ ਬਿਊਰੋ)-ਸਾਲ 1995 ਵਿਚ  ਮਨੁੱਖੀ ਬੰਬ ਬਣ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰ ਮੁਕਾਉਣ ਤੇ ਖੁਦ ਸ਼ਹਾਦਤ ਪਾਉਣ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ 18ਵੀਂ ਬਰਸੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਾਲਸਾਈ ਰਹੁ-ਰੀਤ ਅਨੁਸਾਰ ਮਨਾਈ ਗਈ। ਸ਼ਹੀਦੀ ਸਮਾਗਮ ਮੌਕੇ ਪੇਸ਼ ਮਤਿਆਂ ਵਿਚ ਸ਼ਹੀਦ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਿਤ ਕੀਤੇ ਜਾਣ, ਉਸ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਕਮੇਟੀ ਵੱਲੋਂ ਮਨਾਏ ਜਾਣ, ਜੇਲ੍ਹ ਵਿਚ ਬੰਦ ਬਾਕੀ ਸਿੱਖ ਨੌਜੁਆਨਾਂ ਦੀ ਰਿਹਾਈ ਕਰਨ ਅਤੇ ਕੇਂਦਰ ਸਰਕਾਰ ਨੂੰ ਬੇਅੰਤ ਸਿੰਘ ਦੀ ਯਾਦਗਾਰੀ ਟਿਕਟ ਜਾਰੀ ਕਰਨ ਬਾਰੇ ਤਾੜਨਾ ਕਰਨ ਵਰਗੀਆਂ ਅਹਿਮ ਮੰਗਾਂ ਨੂੰ ਪ੍ਰਵਾਨਗੀ ਦਿੱਤੀ ਗਈ।
Baba Baljit Singh Ji
ਭਾਈ ਦਿਲਾਵਰ ਸਿੰਘ ਦੇ ਪਿਤਾ ਭਾਈ ਹਰਨੇਕ ਸਿੰਘ ਵਲੋਂ ਬਰਸੀ ਦੇ ਸਬੰਧ ਵਿੱਚ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਸਵੇਰੇ 8.00 ਵਜੇ ਦੇ ਕਰੀਬ ਪਏ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਾ ਭਾਈ ਸੁਖਵਿੰਦਰ ਸਿੰਘ ਨਾਗੋਕੇ ਅਤੇ ਭਾਈ ਬਲਦੇਵ ਸਿੰਘ ਵਡਾਲਾ ਨੇ ਸਿੱਖ ਸਿਧਾਂਤ ਵਿਚ ਸ਼ਹਾਦਤ ਦੇ ਪ੍ਰਕਰਣ ਅਨੁਸਾਰ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਭਾਈ ਦਰਸ਼ਨ ਸਿੰਘ ਅਰਦਾਸੀਆ ਨੇ ਕੀਤੀ। ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੇ ਹੁਕਮਨਾਮਾ ਲਿਆ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਸੇਵਾ ਨਿਭਾਉਣ ਵਾਲੇ ਭਾਈ ਸਤਨਾਮ ਸਿੰਘ ਨੇ ਸਟੇਜ ਸਕੱਤਰ ਦੀ ਡਿਊਟੀ ਨਿਭਾਉਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼ਹੀਦੀ ਸਮਾਗਮ ਵਿੱਚ ਪੁਜੀਆਂ ਵੱਖ ਵੱਖ ਪੰਥਕ ਸ਼ਖਸੀਅਤਾਂ ਨੂੰ ਜੀ ਆਇਆਂ ਕਿਹਾ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੈ ਸਿੰਘ ਵਾਲਾ ਦੇ ਚਾਚਾ ਨੰਬਰਦਾਰ ਅਮਰਜੀਤ ਸਿੰਘ ਅਤੇ ਭਰਾਤਾ ਚਮਕੌਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਜੀਤ ਸਿੰਘ ਭਾਊ, ਭਾਈ ਦਇਆ ਸਿੰਘ ਲਾਹੌਰੀਆ ਦੀ ਧਰਮ ਪਤਨੀ, ਭਾਈ ਸਤਵੰਤ ਸਿੰਘ ਦੇ ਭਰਾਤਾ ਭਾਈ ਵਰਿਆਮ ਸਿੰਘ ਸਮੇਤ ਸਮਾਗਮ ਵਿੱਚ ਪੁਜੇ ਹੋਰ ਸ਼ਹੀਦਾਂ ਦੇ ਪਰਿਵਾਰਕ ਜੀਆਂ ਨੂੰ ਸਿਰੋਪਾਓ ਬਖਸ਼ਿਸ਼ ਕੀਤੇ ਗਏ। ਸਮਾਗਮ ਵਿਚ ਵਿਸ਼ੇਸ਼ ਕਰਕੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਭਾਈ ਵਧਾਵਾ ਸਿੰਘ ਬੱਬਰ ਦਾ ਸਿਰੋਪਾਓ, ਗਿਆਨੀ ਬਲਦੇਵ ਸਿੰਘ ਮੁਖੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਨੂੰ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਭਾਈ ਰੇਸ਼ਮ ਸਿੰਘ ਬੱਬਰ ਦਾ ਸਿਰੋਪਾਓ, ਦਲ ਖਾਲਸਾ ਦੇ ਭਾਈ ਸਰਬਜੀਤ ਸਿੰਘ ਘੁਮਾਣ ਨੂੰ ਬਖਸ਼ਿਸ਼ ਕੀਤਾ ਗਿਆ।ਕੌਮੀ ਸ਼ਹੀਦ ਨੂੰ ਆਪਣੀ ਸ਼ਰਧਾ ਦੇ ਫੁਲ ਭੇਟ ਕਰਨ ਹਿੱਤ, ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ, ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਹਰਪਾਲ ਸਿੰਘ ਚੀਮਾ, ਬਲਦੇਵ ਸਿੰਘ ਸਿਰਸਾ, ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਰੋਜ਼ਾਨਾ ਪੰਜਾਬ ਟਾਇਮਜ਼ ਅਖਬਾਰ ਟਰੱਸਟ ਦੇ ਚੇਅਰਮੈਨ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਸਾਹਿਬ ਵਾਲੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ, ਦਲ ਖਾਲਸਾ ਦੇ ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ, ਸ. ਕੰਵਰਪਾਲ ਸਿੰਘ ਬਿੱਟੂ, ਸਰਬਜੀਤ ਸਿੰਘ ਘੁਮਾਣ, ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਗਿਆਨੀ ਬਲਦੇਵ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਭਾਈ ਪਰਮਜੀਤ ਸਿੰਘ ਖਾਲਸਾ, ਅਮਰਬੀਰ ਸਿੰਘ ਢੋਟ, ਬੀਬੀ ਨਿਰਪ੍ਰੀਤ ਕੌਰ ਦਿੱਲੀ, ਅਜਾਇਬ ਸਿੰਘ ਅਭਿਆਸੀ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ, ਖਾਲਸਾ ਫਤਿਹਨਾਮਾ ਮੈਗਜ਼ੀਨ ਦੇ ਸੰਪਾਦਕ ਭਾਈ ਬਲਜੀਤ ਸਿੰਘ ਖਾਲਸਾ, ਭਾਈ ਧਰਮ ਸਿੰਘ ਖਾਲਸਾ ਟਰੱਸਟ ਦੀ ਚੇਅਰਪਰਸਨ ਬੀਬੀ ਸੰਦੀਪ ਕੌਰ ਕਾਸ਼ਤੀਵਾਲ, ਸਿੱਖ ਯੂਥ ਫੈਡਰੇਸ਼ਨ ਆਫ ਭਿੰਡਰਾਂਵਾਲਾ ਦੇ ਮੁਖੀ ਭਾਈ ਬਲਵੰਤ ਸਿੰਘ ਗੋਪਾਲਾ, ਗੁਰਮਤਿ ਸੇਵਾ ਲਹਿਰ ਦੇ ਡਾ. ਗੁਰਜਿੰਦਰ ਸਿੰਘ, ਸ਼ਹੀਦ ਭਾਈ ਫੌਜਾ ਸਿੰਘ ਟਰੱਸਟ ਦੇ ਸਕੂਲੀ ਬੱਚੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਜਿਉਂ ਹੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੀ ਅਰਦਾਸ ਹੋਈ ਤਾਂ ਉਥੇ ਮੌਜੂਦ ਕੁਝ ਨੌਜਵਾਨਾਂ ਨੇ ‘ਖਾਲਿਸਤਾਨ ਜ਼ਿੰਦਾਬਾਦ, ਭਾਈ ਦਿਲਾਵਰ ਸਿੰਘ ਜ਼ਿੰਦਾਬਾਦ, ਸੰਤ ਜਰਨੈਲ ਸਿੰਘ ਖਾਲਸਾ ਜ਼ਿੰਦਾਬਾਦ’ ਦੇ ਅਕਾਸ਼ ਗੁੰਜਾਊ ਨਾਅਰੇ ਬੁਲੰਦ ਕਰਨੇ ਸ਼ੁਰੂ ਕਰ ਦਿੱਤੇ। ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਭਾਈ ਸਤਨਾਮ ਸਿੰਘ ਨੇ ਮਤੇ ਪੇਸ਼ ਕੀਤੇ। ਪਹਿਲੇ ਮਤੇ ਵਿੱਚ ਕੇਂਦਰ ਸਰਕਾਰ ਵੱਲੋਂ ਮੁਖ ਮੰਤਰੀ ਬੇਅੰਤ ਸਿੰਘ ਦੀ ਯਾਦਗਾਰੀ ਟਿਕਟ ਜਾਰੀ ਕਰਨ ਦੇ ਫੈਸਲੇ ਨੂੰ ਸਿੱਖ ਕੌਮ ਦੇ ਜ਼ਖਮ ਕੁਰੇਦਣ ਦੀ ਕਾਰਵਾਈ ਦੱਸਿਆ ਤੇ ਕੇਂਦਰ ਨੂੰ ਤਾੜਨਾ ਕੀਤੀ ਕਿ ਉਹ ਅਜਿਹੀ ਕੋਸ਼ਿਸ਼ ਤੋਂ ਪ੍ਰਹੇਜ ਕਰੇ। ਦੂਸਰੇ ਮਤੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਕਿਹਾ ਗਿਆ ਹੈ ਕਿ ਉਹ ਹਰ ਸਾਲ ਭਾਈ ਦਿਲਾਵਰ ਸਿੰਘ ਦੀ ਬਰਸੀ ਆਪ ਮਨਾਵੇ ਕਿਉਂਕਿ ਭਾਈ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੌਮੀ ਸ਼ਹੀਦ ਕਰਾਰ ਦਿੱਤਾ ਗਿਆ ਹੈ। ਤੀਸਰੇ ਮਤੇ ਵਿਚ ਭਾਈ ਸਾਹਿਬ ਦਾ ਸ਼ਹੀਦੀ ਦਿਹਾੜਾ ਨਾਨਕਸ਼ਾਹੀ ਕੈਲੰਡਰ ਵਿੱਚ ਸ਼ਾਮਿਲ ਕਰਨ, ਇਕ ਮਤੇ ਵਿੱਚ ਭਾਈ ਦਿਲਾਵਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਸ਼ਸ਼ੋਭਿਤ ਕਰਨ ਤੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਯਕੀਨੀ ਬਨਾਉਣ ਲਈ ਯਤਨ ਜਾਰੀ ਰੱਖਣ ਦੀ ਗੱਲ ਕਹੀ ਗਈ ਜਿਸ ਨੂੰ ਹਾਜ਼ਰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ।ਉੱਘੇ ਸਿੱਖ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ  ਜੀ ਖਾਲਸਾ ਦਾਦੂਵਾਲ ਨੇ ਕਿਹਾ ਹੈ ਕਿ ਭਾਈ ਦਿਲਾਵਰ ਸਿੰਘ ਕੌਮ ਦੇ ਵਡਮੁਲੇ ਹੀਰੇ ਹਨ ਅਤੇ ਅਜਿਹੇ ਅਣਗਿਣਤ ਹੀਰਿਆਂ ਦੀਆਂ ਦਿੱਤੀਆਂ ਸ਼ਹਾਦਤਾਂ ਕਾਰਨ ਹੀ ਅੱਜ ਕੁਝ ਲੋਕ ਪੰਜਾਬ ਦੀ ਸੱਤਾ ਦਾ ਨਿੱਘ ਮਾਣ ਰਹੇ ਹਨ, ਲੇਕਿਨ ਤਰਾਸਦੀ ਹੈ ਕਿ ਉਹ ਲੋਕ ਕੌਮ ਦੇ ਇਸ ਹੀਰੇ ਦੇ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣ ਤੋਂ ਵੀ ਗੁਰੇਜ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਕੌਮ ਨੂੰ ਆਪਣੇ ਜਾਂਬਾਜ ਯੋਧਿਆਂ ਦੀਆਂ ਕੁਰਬਾਨੀਆਂ ਯਾਦ ਰੱਖਣੀਆਂ ਚਾਹੀਦੀਆਂ ਹਨ ਤਾਂ ਹੀ ਨਵੀਂ ਪੀੜ੍ਹੀ ਕੋਈ ਸਹੀ ਸੇਧ ਲੈ ਸਕੇਗੀ ਤੇ ਅਸੀਂ ਖਾਲਸਾ ਹਲੇਮੀ ਰਾਜ  ਦੀ ਮੰਜ਼ਿਲ ਵੱਲ ਵੱਧ ਸਕਾਂਗੇ।

Send this to a friend