ਜੰਡਿਆਲਾ ਗੁਰੂ, 22 ਅਪ੍ਰੈਲ (ਵਰੁਣ ਸੋਨੀ)- ਨੌਜਵਾਨ ਡੀ ਐਸ ਪੀ ਜੰਡਿਆਲਾ ਸ੍ਰ ਗੁਰਪ੍ਰਤਾਪ ਸਿੰਘ ਸਹੋਤਾ ਵੱਲੋਂ ਆਪਣੇ ਢੰਗ ਤਰੀਕੇ ਨਾਲ ਗੁੰਡਾਗਰਦੀ ਅਤੇ ਨਸ਼ੇ ਦੇ ਖਿਲਾਫ ਛੇੜੀ ਮੁਹਿੰਮ ਤੋਂ ਸ਼ਹਿਰ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਸ਼ਹਿਰ ਵਾਸੀਆਂ ਦੀ ਪ੍ਰਮੁੱਖ ਮੰਗ ਇਕ ਮੁਹੱਲੇ ਵਿਚ ਅੰਨੇਵਾਹ ਵਿਕ ਰਹੀ ਨਾਜਾਇਜ ਸ਼ਰਾਬ , ਟੀਕੇ, ਅਲਕੋਹਲ , ਸਮੈਕ ਆਦਿ ਨੂੰ ਵੀ ਕੁਝ ਹੱਦ ਤੱਕ ਕੰਟਰੋਲ ਕਰ ਲਿਆ ਗਿਆ ਹੈ। ਇਸ ਮੁਹੱਲੇ ਦੇ ਕੁਝ ਵਸਨੀਕਾਂ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫਿਲਹਾਲ ਕੁਝ ਦੀਨਾ ਤੋਂ ਪਹਿਲੀ ਵਾਰ ਨਾਜਾਇਜ ਸ਼ਰਾਬ ਵੇਚਣ ਵਾਲੇ ਅਲੋਪ ਹੋ ਗਏ ਹਨ। ਇਸਤੋਂ ਇਲਾਵਾ ਨੌਜਵਾਨਾਂ ਵਲੋਂ ਸਕੂਲ ਕਾਲਜ ਦੇ ਸਮੇ ਲੜਕੀਆਂ ਨਾਲ ਛੇੜਛਾੜ ਅਤੇ ਬੁਲਟ ਮੋਟਰਸਾਈਕਲ ਤੇ ਮਾਰੇ ਜਾਂਦੇ ਪਟਾਕਿਆਂ ਨੂੰ ਵੀ ਵੱਖ ਵੱਖ ਚੋਂਕਾਂ ਵਿਚ ਆਪ ਨਾਕੇ ਲਗਾਕੇ ਬੰਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਸ਼ਹਿਰ ਵਾਸੀਆਂ ਵਲੋਂ ਹੁਣ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਵੀ ਠੱਲ ਪਾਉਣ ਲਈ ਡੀ ਐਸ ਪੀ ਤੋਂ ਉਮੀਦ ਕੀਤੀ ਜਾ ਰਹੀ ਹੈ।ਇਸ ਸਬੰਧੀ ਡੀ ਐਸ ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਨਾਲ ਗੱਲ ਕਰਨ ਤੇ ਓਹਨਾ ਕਿਹਾ ਕਿ ਹਰ ਕੰਮ ਪਬਲਿਕ ਦੇ ਸਹਿਯੋਗ ਨਾਲ ਹੀ ਸਫਲ ਹੁੰਦਾ ਹੈ। ਓਹਨਾ ਦੱਸਿਆ ਕਿ ਹੁਣ ਨਸ਼ੇ ਨੂੰ ਮੈਡੀਕਲ ਸਟੋਰਾਂ ਤੋਂ ਵੀ ਖਤਮ ਕਰਨ ਲਈ ਸਮੂਹ ਕੈਮਿਸਟ ਵਾਲਿਆਂ ਨੂੰ ਇਕ ਮੀਟਿੰਗ ਦੌਰਾਨ ਸੂਚਿਤ ਕਰ ਦਿਤਾ ਗਿਆ ਹੈ ਕਿ ਬਿਨਾਂ ਡਾਕਟਰ ਦੀ ਪਰਚੀ ਅਤੇ ਅਣਜਾਣ ਵਿਆਕਤੀ ਨੂੰ ਕੋਈ ਵੀ ਗੋਲੀ, ਕੈਪਸੂਲ , ਟੀਕਾ ਆਦਿ ਨਾ ਦੇਣ ।ਡੀ ਐਸ ਪੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜੰਡਿਆਲਾ ਗੁਰੂ ਵਿਚ ਹੋ ਰਹੇ ਕਿਸੇ ਕਿਸਮ ਦੇ ਵੀ ਨਾਜਾਇਜ ਕੰਮ ਸਬੰਧੀ ਮੈਨੂੰ ਸਿਧੀ ਸੂਚਨਾ ਦੇ ਸਕਦੇ ਹਨ। ਸੂਚਨਾ ਦੇਣ ਵਾਲੇ ਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਵੇਗਾ ਅਤੇ ਉਸਨੂੰ ਕਿਸੇ ਕੋਲੋਂ ਵੀ ਡਰਨ ਦੀ ਲੋੜ ਨਹੀਂ।
ਡੀ ਐਸ ਪੀ ਜੰਡਿਆਲਾ ਗੁਰੂ ਨੇ ਗੁੰਡਾ ਅਨਸਰਾਂ ਤੇ ਨਸ਼ੇ ਦੇ ਵਪਾਰੀਆਂ ਨੂੰ ਪਾਈਆਂ ਭਾਜੜਾਂ



