ਲੁਧਿਆਣਾ, 31 ਅਗਸਤ (ਪੀ.ਟੀ.)- ਅੱਜ ਇਥੇ ਪੰਜਾਬੀ ਵਿਰਾਸਤ ਭਵਨ ਵਿਖੇ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਵਾਰ ੩੫ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲਾ ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਤ ਹੋਵੇਗਾ ਇਸੇ ਕਰਕੇ ਹੁਣ ਇਹ ਮੇਲਾ ੧੬,੧੭ ਨਵੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ ।ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਬਾਨੀ ਚੇਅਰਮੈਨ ਸ. ਜਗਦੇਵ ਸਿੰਘ ਜੱਸੋਵਾਲ ਦੀ ਸਰਪ੍ਰਸਤੀ ਵਿੱਚ ਹੋਈ ਇਸ ਇਕੱਤਰਤਾ ਵਿੱਚ ਐਲਾਨ ਕੀਤਾ ਗਿਆ ਕਿ ਇਸ ਵਰ੍ਹੇ ਇਹ ਮੇਲਾ ਸਮਾਜਕ ਅਲਾਮਤਾਂ ਦੇ ਖਿਲਾਫ ਅਵਾਜ਼ ਬੁਲੰਦ ਕਰੇਗਾ ਅਤੇ ਇਸ ਦੇ ਵੱਖ ਵੱਖ ਪੜ੍ਹਾਅ , ਵੱਖ ਵੱਖ ਸਖਸ਼ੀਅਤਾਂ ਨੂੰ ਸਮਰਪਤ ਕੀਤੇ ਜਾਣਗੇ । ਸ. ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਇਸ ਮੇਲੇ ਦੀ ਦਿੱਖ ਨੂੰ ਅੰਤਰਰਾਸ਼ਟਰੀ ਪਹਿਚਾਣ ਦੇਣ ਲਈ ਪੰਜਾਬੀ ਕਲਾਕਾਰਾਂ , ਸੰਗੀਤਕਾਰਾਂ , ਲੇਖਕ ਅਤੇ ਬੁਧੀਜੀਵੀਆਂ ਤੋਂ ਇਲਾਵਾ ਸਮੂੰਹ ਪੰਜਾਬੀਆਂ ਦਾ ਭਰਵਾਂ ਯੋਗਦਾਨ ਹੈ । ਸ. ਜੱਸੋਵਾਲ ਨੇ ਪੰਜਾਬੀ ਭਾਈਚਾਰੇ ਨੂੰ ਇਸ ਮੇਲੇ ਨਾਲ ਜੁੜਨ ਦਾ ਸੰਦੇਸ਼ ਦਿੱਤਾ ।ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਮੁੱਖ ਬੁਲਾਰੇ ਸ. ਹਰਦਿਆਲ ਸਿੰਘ ਅਮਨ ਨੇ ਦਸਿਆ ਕਿ ਇਸ ਮੇਲਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ , ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ , ਭਾਸ਼ਾ ਵਿਭਾਗ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਦੇ ਸਹਿਯੋਗ ਨਾਲ ਅਯੋਜਤ ਕੀਤਾ ਜਾ ਰਿਹਾ ਹੈ । ਸ. ਅਮਨ ਨੇ ਕਿਹਾ ਕਿ ਪਿਛਲੇ ਲੱਗਭਗ ਦਸ ਸਾਲ ਤੋਂ ਇਹ ਮੇਲਾ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚ ਅਯੋਜਤ ਕੀਤਾ ਜਾਂਦਾ ਰਿਹਾ ਹੈ ਅਤੇ ਹੁਣ ਲੋਕਾਂ ਦੀ ਮੰਗ ਤੇ ਇਸ ਬਾਰ ੩੫ਵਾਂ ਮੇਲਾ ਲੁਧਿਆਣਾ ਵਿੱਚ ਸ. ਹਰਿੰਦਰ ਸਿੰਘ ਚਾਹਲ ਦੀ ਅਗਵਾਈ ਵਿੱਚ ਲੱਗੇਗਾ । ਸ. ਅਮਨ ਨੇ ਕਿਹਾ ਕਿ ਇਸ ਮੇਲੇ ਦੌਰਾਨ ਲਚਰਤਾ ਅਤੇ ਕੱਟੜਵਾਦ ਤੋਂ ਦੂਰ ਰਹਿਣ ਲਈ ਲੋਕਾਂ ਨੂੰ ਪ੍ਰੇਰਤ ਕਰਕੇ ਆਪਸੀ ਪਿਆਰ ਦਾ ਸੁਨੇਹਾ ਦਿੱਤਾ ਜਾਵੇਗਾ।ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਪਰਗਟ ਸਿਮਘ ਗਰੇਵਾਲ ਨੇ ਦਸਿਆ ਕਿ ਇਸ ਵਾਰ ਦਾ ਕਵੀ ਦਰਬਾਰ ਬਾਵਾ ਬਲਵੰਤ ਨੂੰ ਸਮਰਪਤ ਹੋਵੇਗਾ ਜਦੋਂ ਕਿ ਬਲਰਾਜ ਸਾਹਨੀ ਨੂੰ ਸਮਰਪਤ ਨਾਟਕ ਸ਼ੋਅ ਪੇਸ਼ ਕੀਤਾ ਜਾਵੇਗਾ । ਸ. ਗਰੇਵਾਲ ਨੇ ਦਸਿਆ ਕਿ ਮੇਲੇ ਦੌਰਾਨ ਹੋਣ ਵਾਲੀਆਂ ਲੋਕ ਵਿਰਾਸਤੀ ਪੇਸ਼ਕਾਰੀਆਂ ਨਿਰਮਲ ਜੌੜਾ ਅਤੇ ਸਾਹਿਤਕ ਪ੍ਰੋਗਰਾਮ ਗੁਰਭਜਨ ਗਿੱਲ ਦੀ ਦੇਖ ਰੇਖ ਹੇਠ ਕਰਵਾਏ ਜਾਣਗੇ ।ਜੱਸੋਵਾਲ ਟਰੱਸਟ ਦੇ ਚੇਅਰਮੈਨ ਮਾਸਟਰ ਸਾਧੂ ਸਿੰਘ ਗਰੇਵਾਲ ਵੱਲੋਂ ਸਵਾਗਤੀ ਸ਼ਬਦਾਂ ਉਪਰੰਤ ਸ. ਗੁਰਜੀਤ ਸਿੰਘ ਸਰਪੰਚ ਅਤੇ ਹਰਬਰਿੰਦਰ ਸਿੰਘ ਜੱਸੋਵਾਲ ਨੂੰ ਟਰੱਸਟੀ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ। ਸ. ਇਸ ਮੌਕੇ ਸਵਾਮੀ ਸ਼ੰਕਰਾਂ ਨੰਦ ਭੂਰੀ ਵਾਲਿਆਂ ਦੀ ਲਿਖੀ ਪੁੱਸਤਕ ‘ ਕਾਫਰ ਬੋਧ’ ਲੋਕ ਅਰਪਨ ਕੀਤੀ ਗਈ ।ਫਾਊਂਡੇਸ਼ਨ ਦੇ ਸਕੱਤਰ ਗੁਰਭਜਨ ਗਿੱਲ ਨੇ ਦਸਿਆ ਕਿ ਇਸ ਮੇਲੇ ਦੌਰਾਨ ਵੱਖ ਵੱਖ ਮੁਲਕਾਂ ਤੋੰ ਸਾਹਿਤਕਾਰ ਅਤੇ ਕਲਾਕਾਰ ਵੀ ਸ਼ਿਰਕਤ ਕਰਣਗੇ । ਇਸ ਇਕੱਤਰਤਾ ਵਿੱਚ ਉਘੇ ਗੀਤਕਾਰ ਦੇਵ ਥਰੀਕੇਵਾਲਾ , ਇਕਬਾਲ ਸਿੰਘ ਰੁੜਕਾ , ਗੁਰਨਾਮ ਸਿੰਘ ਧਾਲੀਵਾਲ , ਮਾਸਟਰ ਸਾਧੂ ਸਿੰਘ ਗਰੇਵਾਲ , ਸੋਹਨ ਸਿੰਘ ਆਰੇਵਾਲੇ , ਰਵਿੰਧਰ ਗਰੇਵਾਲ , ਜਗਦੀਪ ਗਿੱਲ , ਜ਼ੈਲਦਾਰ ਸੁਰਿੰਦਰ ਸਿੰਘ ਚੰਨ ਸ਼ਾਹਕੋਟੀ , ਚਮਨ ਚਮਕੀਲਾ , ਪ੍ਰੀਤ ਅਰਮਾਨ , ਗੁਰਮੀਤ ਸਿੰਘ ਬੜੂੰਦੀ , ਜਸਬੀਰ ਸਿੰਘ ਗਰੇਵਾਲ , ਹਰਦੀਪ ਸਿੰਘ ਢੀਂਢਸਾ , ਬੰਤ ਸਿੰਘ ਢਿਲੋਂ, ਜਗਤਾਰ ਸਿੰਘ ਨਾਭਾ , ਜਗਜੀਤ ਸਿੰਘ ਨਾਭਾ , ਜੀਤਾ ਪਵਾਰ , ਢਾਢੀ ਬਲਬੀਰ ਸਿੰਘ ਚੁਮੰਡਾ , ਕਿਕਰ ਡਾਲੇ ਵਾਲਾ , ਕਾਕਾ ਗਰੇਵਾਲ , ਦਲਜੀਤ ਬੱਸੀ , ਐਚ ਐਸ ਪੰਨ ਸਮੇਤ ਕਲਾਕਾਰ ਅਤੇ ਕਲਾਪ੍ਰੇਮੀ ਸ਼ਾਮਲ ਹੋਏ । ਸ. ਪਰਗਟ ਸਿੰਘ ਗਰੇਵਾਲ ਅਤੇ ਹਰਦਿਆਂਲ ਸਿੰਘ ਅਮਨ ਨੇ ਸਭ ਦਾ ਧੰਨਵਾਦ ਕੀਤਾ ।