ਤਲਵੰਡੀ ਸਾਬੋ, 19 ਅਪ੍ਰੈਲ (ਰਾਮ ਰੇਸ਼ਮ ਨਥੇਹਾ)- ਹਲਕਾ ਤਲਵੰਡੀ ਸਾਬੋ ਤੋਂ ਆਪ ਵਿਧਾਇਕਾ, ਇਸਤਰੀ ਵਿੰਗ ਪੰਜਾਬ ਦੀ ਸੂਬਾ ਪ੍ਰਧਾਨ ਅਤੇ ਕਾਰਜਕਾਰਨੀ ਮੈਂਬਰ ਪ੍ਰੋ. ਬਲਜਿੰਦਰ ਕੌਰ ਨੇ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਸਮੁੱਚੇ ਪੰਜਾਬ ਵਾਸੀਆਂ ਨੂੰ ਪਾਰਦਰਸ਼ਤਾ ਵਾਲੀ ਸਰਕਾਰ ਮੁਹੱਈਆ ਕਰਵਾਉਣ ਦੇ ਬਿਆਨ ਦਿੰਦੀ ਨਹੀਂ ਥੱਕਦੀ ਪ੍ਰੰਤੂ ਪੰਜਾਬ ਦੇ ਹਾਲਾਤ ਕੁੱਝ ਇਸ ਦੇ ਉਲਟ ਹਨ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਮਹੀਨੇ ਵਿੱਚ ਹੀ ਕੈਪਟਨ ਸਾਹਿਬ ਦੀ ਸਰਕਾਰ ਦੁਆਰਾ ਵਾਪਰੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਨੇ ਪਿਛਲੇ ਰਿਕਾਰਡਾਂ ਨੂੰ ਮਾਤ ਪਾ ਦਿੱਤਾ ਹੈ। ਗਿੱਦੜਬਾਹਾ ਵਿਖੇ ਟਰੱਕ ਯੂਨੀਅਨ ਪ੍ਰਧਾਨ ਵੱਲੋਂ ਇੱਕ ਪੱਤਰਕਾਰ ਨਾਲ ਕੀਤੇ ਮਨਮਨੁੱਖੀ ਤਸ਼ੱਦਦ ਦੀਆਂ ਖਬਰਾਂ ਦੀ ਸਿਆਹੀ ਅਜੇ ਫਿੱਕੀ ਨਹੀਂ ਸੀ ਪਈ ਕਿ ਟਰੱਕ ਯੂਨੀਅਨ ਤਲਵੰਡੀ ਸਾਬੋ ਵਿਖੇ ਹੁਣ ਇੱਕ ਠੇਕੇਦਾਰ ਨਾਲ ਜੱਗੋਂ ਤੇਰਵੀਂ ਕਰਨ ‘ਤੇ ਤੁਲੀ ਨਜ਼ਰ ਆ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਵਾਰ-ਵਾਰ ਇਹ ਮਾਮਲਾ ਲਿਆਉਣ ਦੇ ਬਾਵਜ਼ੂਦ ਪ੍ਰਸ਼ਾਸ਼ਨ ਯੂਨੀਅਨ ਨੂੰ ਚਲਾ ਰਹੇ ਸੱਤਾਧਾਰੀ ਆਗੂਆਂ ਦੇ ਦਬਾਅ ਕਾਰਨ ਬੇਵੱਸ ਨਜ਼ਰ ਆ ਰਿਹਾ ਹੈ। ਪ੍ਰੈੱਸ ਬਿਆਨ ਰਾਹੀਂ ਵਿਧਾਇਕਾ ਨੇ ਕਿਹਾ ਕਿ ਜੈਤੋ ਮੰਡੀ ਦੇ ਠੇਕੇਦਾਰ ਰਾਜੀਵ ਕੁਮਾਰ ਨੇ ਤਲਵੰਡੀ ਸਾਬੋ ਅਨਾਜ ਮੰਡੀ ਦਾ ਅੰਡਰ 8 ਕਿ. ਮੀ. ਦੀ ਕਣਕ ਲਿਫਟਿੰਗ ਦਾ ਠੇਕਾ ਸਰਕਾਰ ਦੇ ਨਿਯਮਾਂ ਅਨੁਸਾਰ ਲਿਆ ਹੈ ਤੇ ਉਸਨੇ ਬੀਤੇ ਦਿਨ ਤਲਵੰਡੀ ਅਨਾਜ ਮੰਡੀ ਵਿੱਚੋਂ ਲਿਫਟਿੰਗ ਲਈ ਤਲਵੰਡੀ ਸਾਬੋ ਟਰੱਕ ਯੂਨੀਅਨ ਤੋਂ ਟਰੱਕ ਮੰਗੇ ਸਨ ਪ੍ਰੰਤੂ ਉਸਨੂੰ ਟਰੱਕ ਮੁਹੱਈਆ ਨਹੀਂ ਸਨ ਕਰਵਾਏ ਜਾ ਰਹੇ। ਉਸਨੇ ਐੱਸ ਡੀ ਐੱਮ ਤਲਵੰਡੀ ਸਾਬੋ ਅਤੇ ਹੋਰ ਉਚ ਪ੍ਰਸ਼ਾਨਿਕ ਅਧਿਕਾਰੀਆਂ ਤੱਕ ਵੀ ਯੂਨੀਅਨ ਵਿੱਚੋਂ ਟਰੱਕ ਦੁਆਉਣ ਲਈ ਪਹੁੰਚ ਕੀਤੀ ਸੀ ਪ੍ਰੰਤੂ ਕਿਸੇ ਵੱਲੋਂ ਸੁਣਵਾਈ ਨਾ ਕੀਤੇ ਜਾਣ ‘ਤੇ ਉਹ ਆਪ ਦੇ ਦਫਤਰ ਪਹੁੰਚਿਆ ਅਤੇ ਉਸਨੇ ਦੱਸਿਆ ਕਿ ਉਸ ਕੋਲੋਂ ਹਲਕੇ ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਚੁੱਕੇ ਕਾਂਗਰਸੀ ਆਗੂ ਦਾ ਪੀ ਏ ਕਹਾਉਂਦਾ ਇੱਕ ਆਗੂ ਸੰਦੀਪ ਸਿੰਘ ਭੁੱਲਰ ਲਿਫਟਿੰਗ ਲਈ ਟਰੱਕ ਦੇਣ ਦੇ ਨਾਂ ‘ਤੇ ਇੱਕ ਬਹੁਤ ਵੱਡੀ ਰਕਮ ਮੰਗ ਰਿਹਾ ਹੈ ਜਦੋਂ ਕਿ ਉਸ ਕੋਲ ਠੇਕਾ ਘੱਟ ਕੀਮਤ ਦਾ ਹੈ। ਵਿਧਾਇਕਾ ਨੇ ਕਿਹਾ ਕਿ ਉਹਨਾਂ ਵੱਲੋਂ ਵੀ ਇਸ ਮਾਮਲੇ ਪ੍ਰਤੀ ਐੱਸ ਡੀ ਐੱਮ ਤਲਵੰਡੀ ਸਾਬੋ ਤੇ ਡਿਪਟੀ ਕਮਿਸ਼ਨਰ ਬਠਿੰਡਾ ਤੱਕ ਆੜਤੀਆਂ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਮੈਂਬਰਾਂ ਨੂੰ ਨਾਲ ਲੈ ਕੇ ਪਹੁੰਚ ਕੀਤੀ ਗਈ ਪ੍ਰੰਤੂ ਆਲਮ ਇਹ ਹੈ ਪ੍ਰਸ਼ਾਸ਼ਨ ਇੱਕ ਚੁਣੇ ਹੋਏ ਲੋਕ ਨੁਮਾਇੰਦੇ ਦੀ ਗੱਲ ਸੁਣਨ ਦੀ ਬਜਾਇ ਇੱਕ ਚੋਣ ਹਾਰ ਚੁੱਕੇ ਸੱਤਾਧਾਰੀ ਆਗੂ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ ਤੇ ਨਿਯਮਾਂ ਮੁਤਾਬਿਕ ਠੇਕਾ ਹਾਸਿਲ ਕਰਨ ਵਾਲੇ ਠੇਕੇਦਾਰ ਨੂੰ ਟਰੱਕ ਮਹੱਈਆ ਨਹੀਂ ਕਰਵਾਏ ਜਾ ਰਹੇ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਜਦੋਂ ਠੇਕੇਦਾਰ ਰਾਜੀਵ ਕੁਮਾਰ ਨੇ ਟਰੱਕ ਨਾ ਮਿਲਣ ਤੇ ਆਪਣੇ ਸਾਧਨਾਂ ਰਾਹੀਂ ਮੰਡੀ ਵਿੱਚੋਂ ਕਣਕ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਵੀ ਟਰੱਕ ਯੂਨੀਅਨ ਦੀ ਪੰਜ ਮੈਂਬਰੀ ਕਮੇਟੀ ਦੇ ਆਗੂਆਂ ਜਿੰਨ੍ਹਾਂ ਨੂੰ ਬੀਤੇ ਦਿਨ ਕਾਂਗਰਸ ਪਾਰਟੀ ਦੇ ਆਗੂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਗੈਰਕਾਨੂੰਨੀ ਢੰਗ ਨਾਲ ਬਣਾਇਆ ਗਿਆ ਹੈ ਵੱਲੋਂ ਰੋਕ ਦਿੱਤਾ ਗਿਆ ਤੇ ਫਿਰ ਸੰਦੀਪ ਭੁੱਲਰ ਤੱਕ ਪਹੁੰਚ ਕਰਨ ਲਈ ਕਿਹਾ ਗਿਆ। ਵਿਧਾਇਕਾ ਨੇ ਕਿਹਾ ਕਿ ਹੁਣ ਪਤਾ ਲੱਗਾ ਹੈ ਕਿ ਸੱਤਾਧਾਰੀ ਧਿਰ ਉਕਤ ਠੇਕੇਦਾਰ ਨੂੰ ਬਲੈਕ ਲਿਸਟ ਵੀ ਕਰਵਾ ਕੇ ਸੱਤਾਧਾਰੀ ਧਿਰ ਆਪਣੇ ਕਿਸੇ ਆਪਣੇ ਨੂੰ ਠੇਕਾ ਦਿਵਾਉਣਾ ਚਾਹੁੰਦੀ ਹੈ ਤੇ ਜੇਕਰ ਅਜਿਹਾ ਹੋਇਆ ਤਾਂ ਉਕਤ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਠੇਕੇਦਾਰ ਨੂੰ ਟਰੱਕ ਨਾ ਦਿੱਤੇ ਜਾਣ ਕਾਰਨ ਤਲਵੰਡੀ ਸਾਬੋ ਅਨਾਜ ਮੰਡੀ ਵਿੱਚੋਂ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਉੱਥੇ ਭੰਡਾਰ ਲੱਗ ਗਏ ਹਨ ਤੇ ਖਰੀਦ ਵੀ ਬੰਦ ਹੋ ਚੁੱਕੀ ਹੈ ਤੇ ਜੇ ਪ੍ਰਸ਼ਾਸ਼ਨ ਨੇ ਇਸ ਮਸਲੇ ਦਾ ਹੱਲ ਨਾ ਕੱਢਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਤਲਵੰਡੀ ਸਾਬੋ ਤੋਂ ਚੋਣ ਹਾਰੇ ਕਾਂਗਰਸੀ ਆਗੂ ਦਾ ਪੀ ਏ ਠੇਕੇਦਾਰ ਤੋਂ ਮੰਗਦੈ ਮੋਟੀ ਰਕਮ : ਪ੍ਰੋ. ਬਲਜਿੰਦਰ ਕੌਰ



