ਫਗਵਾੜਾ, 19 ਅਪ੍ਰੈਲ (ਪਰਵਿੰਦਰ ਜੀਤ ਸਿੰਘ)- ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਨੇ ਕੈਪਟਨ ਅਮਰਿੰਦਰ ਸਰਕਾਰ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਪਹਿਲੀ ਮੁਲਾਕਾਤ ਕਰਕੇ ਉਹਨਾਂ ਨੂੰ ਮੰਤਰੀ ਬਣਨ ਦੀ ਵਧਾਈ ਦਿੱਤੀ ਅਤੇ ਫਗਵਾੜਾ ਹਲਕੇ ਦੇ ਵਿਕਾਸ ਬਾਰੇ ਚਰਚਾ ਕੀਤੀ। ਉਹਨਾਂ ਦੇ ਨਾਲ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਵੀ ਸਨ। ਮੁਲਾਕਾਤ ਦੌਰਾਨ ਸ. ਮਾਨ ਨੇ ਸਿੱਧੂ ਨੂੰ ਫਗਵਾੜਾ ਨਗਰ ਨਿਗਮ ਵਿਚ ਹੋਏ ਕਥਿਤ ਘੋਟਾਲਿਆਂ ਬਾਰੇ ਵਿਸਥਾਰ ਨਾਲ ਦੱਸਿਆ। ਜਿਸ ਤੇ ਸਿੱਧੂ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਫਗਵਾੜਾ ਦਾ ਦੌਰਾ ਕਰਕੇ ਸਥਿਤੀ ਦੀ ਸਮੀਖਿਆ ਕਰਨਗੇ। ਕਿਸੇ ਵੀ ਘੋਟਾਲੇਬਾਜ ਨੂੰ ਬਖਸ਼ਿਆ ਨਹੀਂ ਜਾਵੇਗਾ। ਜਨਤਾ ਦੇ ਖੂਨ ਪਸੀਨੇ ਦੀ ਕਮਾਈ ਨਾਲ ਅਦਾ ਕੀਤੇ ਟੈਕਸ ਦਾ ਇਕ ਇਕ ਪੈਸਾ ਵਸੂਲ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਯਕੀਨੀ ਤੌਰ ਤੇ ਸਜਾ ਮਿਲੇਗੀ। ਮਾਨ ਨੇ ਮੁਲਾਕਾਤ ਬਾਰੇ ਦਸਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਮੁੱਚੇ ਪੰਜਾਬ ਦਾ ਸਰਬ ਪੱਖੀ ਵਿਕਾਸ ਕਰਵਾਉਣ ਨੂੰ ਲੈ ਕੇ ਬਹੁਤ ਉਤਸ਼ਾਹਤ ਹਨ। ਯਕੀਨੀ ਤੌਰ ਤੇ ਉਹ ਇਕ ਨਿਡਰ, ਸੂਝਵਾਨ, ਇਮਾਨਦਾਰ ਅਤੇ ਮਿਹਨਤੀ ਇਨਸਾਨ ਹਨ। ਉਹਨਾਂ ਦੇ ਮੰਤਰੀ ਬਣਨ ਨਾਲ ਜਿੱਥੇ ਸੂਬੇ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ ਉੱਥੇ ਹੀ ਟੂਰਿਜ਼ਮ ਤੇ ਸੱਭਿਆਚਾਰ ਪ੍ਰਫੁੱਲਤ ਕਰਨ ਦੇ ਖੇਤਰਾਂ ਵਿਚ ਵੀ ਅਹਿਮ ਯੋਗਦਾਨ ਮਿਲੇਗਾ।
ਜੋਗਿੰਦਰ ਸਿੰਘ ਮਾਨ ਨੇ ਕੀਤੀ ਕੈਬਨਿਟ ਮੰਤਰੀ ਨਵਜੋਤ ਸਿੱਧੂ ਨਾਲ ਮੁਲਾਕਾਤ



